ਮਜੀਠੀਆ ਵਾਲੀ ਬੈਰਕ 'ਚ ਹੁਣ ਭਾਰਤ ਭੂਸ਼ਣ ਆਸ਼ੂ ਨੂੰ ਡੱਕਿਆ
ਸਾਬਕਾ ਮੰਤਰੀ ਬਿਕਰਮ ਮਜੀਠੀਆ ਵਾਲੇ ਸੈੱਲ ਵਿੱਚ ਰੱਖਿਆ ਗਿਆ ਹੈ। ਆਸ਼ੂ 31 ਅਗਸਤ ਦੀ ਰਾਤ ਨੂੰ ਪਟਿਆਲਾ ਜੇਲ੍ਹ ਪਹੁੰਚੇ। ਕਾਂਗਰਸੀ ਲੀਡਰ ਨਵਜੋਤ ਸਿੱਧੂ ਵੀ ਪਟਿਆਲਾ ਜੇਲ੍ਹ ਅੰਦਰ ਹੀ ਬੰਦ ਹਨ।
Punjab News: ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕਾਂਗਰਸੀ ਲੀਡਰ ਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਰਿਮਾਂਡ ਖਤਮ ਹੋਣ ਮਗਰੋਂ ਉਨ੍ਹਾਂ ਨੂੰ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਭੇਜ ਦਿੱਤਾ ਗਿਆ ਹੈ। ਇੱਥੇ ਉਨ੍ਹਾਂ ਨੂੰ ਸਾਬਕਾ ਮੰਤਰੀ ਬਿਕਰਮ ਮਜੀਠੀਆ ਵਾਲੇ ਸੈੱਲ ਵਿੱਚ ਰੱਖਿਆ ਗਿਆ ਹੈ। ਆਸ਼ੂ 31 ਅਗਸਤ ਦੀ ਰਾਤ ਨੂੰ ਪਟਿਆਲਾ ਜੇਲ੍ਹ ਪਹੁੰਚੇ। ਕਾਂਗਰਸੀ ਲੀਡਰ ਨਵਜੋਤ ਸਿੱਧੂ ਵੀ ਪਟਿਆਲਾ ਜੇਲ੍ਹ ਅੰਦਰ ਹੀ ਬੰਦ ਹਨ।
ਦੱਸ ਦਈਏ ਕਿ ਜੌੜਾ ਚੱਕੀਆਂ ਦੇ ਨਾਂ ਨਾਲ ਜਾਣਿਆਂ ਜਾਂਦਾ ਇਹ ਸੈੱਲ ਏਰੀਏ ਪੱਖੋਂ ਦਸ ਬਾਏ ਦਸ ਫੁੱਟ ਦਾ ਹੈ। ਇਸ ਸੈੱਲ ਵਿੱਚ ਦੋ ਫੁੱਟ ਏਰੀਏ ’ਚ ਬਾਥਰੂਮ ਤੇ ਪਖ਼ਾਨੇ ਦਾ ਪ੍ਰਬੰਧ ਹੈ। ਅਸਲ ’ਚ ਛੇ ਕੁ ਸੌ ਗਜ ਏਰੀਏ ’ਚ ਅਜਿਹੇ ਦੋ ਸੈੱਲ ਹਨ, ਜਿਨ੍ਹਾਂ ਵਿਚੋਂ ਇੱਕ ’ਚ ਸਾਬਕਾ ਮੰਤਰੀ ਆਸ਼ੂ ਬੰਦ ਹਨ।
ਯਾਦ ਰਹੇ ਦਾਣਾ ਮੰਡੀ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ’ਚ ਗ੍ਰਿਫ਼ਤਾਰ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਲੁਧਿਆਣਾ ਕੋਰਟ ਨੇ ਨਿਆਂਇਕ ਰਿਮਾਂਡ ਤਹਿਤ ਜੇਲ੍ਹ ਭੇਜ ਦਿੱਤਾ ਸੀ। ਲੁਧਿਆਣਾ ਜੇਲ੍ਹ ਵਿੱਚ ਥਾਂ ਤੇ ਸੁਰੱਖਿਆ ਦੀ ਘਾਟ ਕਰਕੇ ਸਾਬਕਾ ਮੰਤਰੀ ਨੂੰ ਪਟਿਆਲਾ ਦੀ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ ਹੈ।
ਉਧਰ, ਦਾਣਾ ਮੰਡੀ ਟਰਾਂਸਪੋਟੇਸ਼ਨ ਟੈਂਡਰ ਘੁਟਾਲੇ ਵਿੱਚ ਗ੍ਰਿਫ਼ਤਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਜੇਲ੍ਹ ਭੇਜਣ ਤੋਂ ਬਾਅਦ ਹੁਣ ਵਿਜੀਲੈਂਸ ਦੀ ਰਾਡਾਰ ’ਤੇ ਕਾਂਗਰਸੀ ਆਗੂ ਕੈਪਟਨ ਸੰਦੀਪ ਸੰਧੂ ਆ ਗਏ ਹਨ। ਹਾਲਾਂਕਿ ਵਿਜੀਲੈਂਸ ਅਧਿਕਾਰੀ ਅਜੇ ਕੈਪਟਨ ਸੰਦੀਪ ਸੰਧੂ ਬਾਰੇ ਕੁਝ ਨਹੀਂ ਕਹਿ ਰਹੇ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਕੈਪਟਨ ਸੰਦੀਪ ਸੰਧੂ ਦੇ ਖਾਸ ਰਹੇ ਮਨਪ੍ਰੀਤ ਸਿੰਘ ਈਸੇਵਾਲ ਕੋਲੋਂ 100 ਤੋਂ ਵੱਧ ਰਜਿਸਟਰੀਆਂ ਮਿਲਣੀਆਂ ਜਾਂਚ ਦਾ ਵਿਸ਼ਾ ਹੈ।
ਬੀਤੇ ਦਿਨੀਂ ਪੁੱਛ ਪੜਤਾਲ ਕਰਨ ਤੋਂ ਬਾਅਦ ਵਿਜੀਲੈਂਸ ਨੇ ਫਿਰ ਮਨਪ੍ਰੀਤ ਸਿੰਘ ਨੂੰ ਰਿਕਾਰਡ ਦਿਖਾਉਣ ਲਈ ਬੁਲਾਇਆ ਸੀ। ਵਿਜੀਲੈਂਸ ਦੇ ਸੂਤਰਾਂ ਅਨੁਸਾਰ ਮਨਪ੍ਰੀਤ ਈਸੇਵਾਲ ਕੋਲੋਂ 100 ਤੋਂ ਜ਼ਿਆਦਾ ਰਜਿਸਟਰੀਆਂ ਮਿਲੀਆਂ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ ਕੋਲ ਇਹ ਪ੍ਰਾਪਰਟੀਆਂ, ਕੈਪਟਨ ਸੰਦੀਪ ਸੰਧੂ ਦੇ ਓਐਸਡੀ ਵਜੋਂ ਕੰਮ ਕਰਨ ਅਤੇ ਸਾਬਕਾ ਮੰਤਰੀ ਆਸ਼ੂ ਨਾਲ ਨਜ਼ਦੀਕੀਆਂ ਤੋਂ ਬਾਅਦ ਹੀ ਆਈਆਂ ਹਨ।
ਸੂਤਰਾਂ ਅਨੁਸਾਰ ਮਨਪ੍ਰੀਤ ਈਸੇਵਾਲ ਸਾਬਕਾ ਮੰਤਰੀ ਤੇ ਉਸ ਦੇ ਕਰੀਬੀਆਂ ਦੇ ਪੈਸਿਆਂ ਦਾ ਨਿਵੇਸ਼ ਕਰਦਾ ਸੀ। ਦੱਸਣਯੋਗ ਹੈ ਕਿ ਮਨਪ੍ਰੀਤ ਈਸੇਵਾਲ ਨੂੰ ਕਾਂਗਰਸ ਨੇ ਕਾਫ਼ੀ ਜ਼ਿੰਮੇਵਾਰੀਆਂ ਦਿੱਤੀਆਂ ਹੋਈਆਂ ਸਨ। ਇਸ ਤੋਂ ਬਾਅਦ ਵਿਜੀਲੈਂਸ ਦੇ ਸ਼ੱਕ ਦੀ ਸੂਈ ਹੁਣ ਕਾਂਗਰਸੀ ਆਗੂ ਕੈਪਟਨ ਸੰਦੀਪ ਸੰਧੂ ਵੱਲ ਵੀ ਘੁੰਮ ਰਹੀ ਹੈ।