Jalandhar News : ਚੋਣ ਜਿੱਤਣ ਤੋਂ ਬਾਅਦ ਹੁਣ ਜਲੰਧਰ ਲਈ ਵੱਡੇ ਐਲਾਨ, 6 ਸੀਵਰੇਜ ਟ੍ਰੀਟਮੈਂਟ ਪਲਾਂਟ 'ਤੇ ਕੰਮ ਜਾਰੀ, ਮੌਕੇ 'ਤੇ ਪਹੁੰਚੇ ਸੀਚੇਵਾਲ
6 sewage treatment plants running in Jalandhar : ਸੀਚੇਵਾਲ ਨੇ ਬਸਤੀ ਪੀਰਦਾਦ ਵਿਖੇ 50 ਐਮ.ਐਲ.ਡੀ., ਫੋਲੜੀਵਾਲ ਵਿਖੇ 100 ਐਮ.ਐਲ.ਡੀ., 50 ਐਮ.ਐਲ.ਡੀ. ਤੇ 25-25 ਐਮ.ਐਲ.ਡੀ ਦੇ ਦੋ ਟ੍ਰੀਟਮੈਂਟ ਪਲਾਂਟਾ ਸਮੇਤ ਬੰਬੀਆਂਵਾਲ ਵਿਖੇ..
ਜਲੰਧਰ : ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਲੰਧਰ ਸ਼ਹਿਰ ਵਿੱਚ ਚੱਲ ਰਹੇ 6 ਸੀਵਰੇਜ ਟ੍ਰੀਟਮੈਂਟ ਪਲਾਂਟਾ ਦੀ ਕਾਰਜਪ੍ਰਣਾਲੀ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਮੌਕੇ ’ਤੇ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਕਮਿਸ਼ਨਰ ਨਗਰ ਨਿਗਮ ਅਭਿਜੀਤ ਕਪਲਿਸ਼ ਅਤੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਸਬੀਰ ਸਿੰਘ ਅਤੇ ਹੋਰ ਸਬੰਧਤ ਅਧਿਕਾਰੀਆਂ ਸਮੇਤ ਵੱਖ-ਵੱਖ ਸੀਵਰੇਜ ਟ੍ਰੀਟਮੈਂਟ ਪਲਾਂਟਾ ਦਾ ਦੌਰਾ ਕਰਦਿਆਂ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦਾ ਸੰਚਾਲਨ ਨਿਰਧਾਰਤ ਮਾਪਦੰਡਾਂ ਅਨੁਸਾਰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪਾਣੀ ਦੀ ਸਪਲਾਈ 135 ਲਿਟਰ ਪ੍ਰਤੀ ਦਿਨ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਨਹੀਂ ਕੀਤੀ ਜਾਂਦੀ ਉਦੋਂ ਤੱਕ ਟ੍ਰੀਟਮੈਂਟ ਪਲਾਂਟ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਸਕਣਗੇ। ਟ੍ਰੀਟਮੈਂਟ ਪਲਾਂਟਾਂ ਦੇ ਸੋਧੇ ਹੋਏ ਪਾਣੀ ਨੂੰ ਖੇਤੀ ਲਈ ਵਰਤਣ ’ਤੇ ਜ਼ੋਰ ਦਿੰਦਿਆਂ ਰਾਜ ਸਭਾ ਮੈਂਬਰ ਨੇ ਕਿਹਾ ਕਿ ਅਜਿਹਾ ਕਰਨ ਨਾਲ ਧਰਤੀ ਹੇਠਲੇ ਪਾਣੀ ਦੀ ਬੱਚਤ ਹੋਵੇਗੀ ਅਤੇ ਖਾਦਾਂ ਦੀ ਵਰਤੋਂ ਵੀ ਘਟੇਗੀ।
ਸੀਚੇਵਾਲ ਨੇ ਬਸਤੀ ਪੀਰਦਾਦ ਵਿਖੇ 50 ਐਮ.ਐਲ.ਡੀ., ਫੋਲੜੀਵਾਲ ਵਿਖੇ 100 ਐਮ.ਐਲ.ਡੀ., 50 ਐਮ.ਐਲ.ਡੀ. ਤੇ 25-25 ਐਮ.ਐਲ.ਡੀ ਦੇ ਦੋ ਟ੍ਰੀਟਮੈਂਟ ਪਲਾਂਟਾ ਸਮੇਤ ਬੰਬੀਆਂਵਾਲ ਵਿਖੇ 10 ਐਮ.ਐਲ.ਡੀ. ਦੀ ਸਮਰੱਥਾ ਵਾਲੇ ਸੀਵਰੇਜ ਟ੍ਰੀਟਮੈਂਟ ਪਲਾਂਟਾ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਟ੍ਰੀਟਮੈਂਟ ਪਲਾਂਟਾ ਦੀ ਕਾਰਜ ਪ੍ਰਣਾਲੀ ਦੀ 25 ਦਿਨਾਂ ਬਾਅਦ ਮੁੜ ਸਮੀਖਿਆ ਕੀਤੀ ਜਾਵੇਗੀ। ਰਾਜ ਸਭਾ ਮੈਂਬਰ ਸੀਚੇਵਾਲ ਨੇ ਕਾਲਾ ਸੰਘਿਆ ਡਰੇਨ ਵਿਖੇ ਇਕ ਇਕਾਈ ਵੱਲੋਂ ਚਮੜੇ ਦੀ ਰਹਿੰਦ-ਖੂਹੰਦ ਨੂੰ ਗੈਰ-ਕਾਨੂੰਨੀ ਤੌਰ ’ਤੇ ਸਾੜੇ ਜਾਣ ਅਤੇ ਪ੍ਰਦੂਸ਼ਿਤ ਪਾਣੀ ਕਾਲਾ ਸੰਘਿਆ ਡਰੇਨ ਵਿੱਚ ਪਾਉਣ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਧਿਕਾਰੀਆਂ ਨੂੰ ਮਾਮਲੇ ਵਿੱਚ ਬਣਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਡਰੇਨ ਨੂੰ ਪ੍ਰਦੂਸ਼ਿਤ ਕਰਨ ਵਾਲਿਆਂ ਪੂਰੀ ਸਖ਼ਤੀ ਵਰਤੀ ਜਾਣੀ ਚਾਹੀਦੀ ਹੈ।
ਵਾਤਾਵਰਣ ਤੇ ਪਾਣੀ ਦੀ ਸੰਭਾਲ ਦੀ ਲੋੜ ’ਤੇ ਜ਼ੋਰ ਦਿੰਦਿਆਂ ਰਾਜ ਸਭਾ ਮੈਂਬਰ ਨੇ ਅਧਿਕਾਰੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਮੌਕੇ ਦਿੱਤੇ ਸੰਦੇਸ਼ ’ਤੇ ਪਹਿਰਾ ਦਿੰਦਿਆਂ ਪਾਣੀ ਵਰਗੇ ਅਨਮੋਲ ਤੇ ਦੁਰਲੱਭ ਕੁਦਰਤੀ ਸੋਮੇ ਨੂੰ ਬਚਾਉਣ ਲਈ ਫੌਰੀ ਅਤੇ ਢੁਕਵੇਂ ਕਦਮ ਚੁੱਕਣ ਦੀ ਤਾਕੀਦ ਕੀਤੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।