ਸਾਢੇ ਤਿੰਨ ਲੱਖ ਰੁਪਏ ਦੀ ਡਰੱਗ ਮਨੀ ਤੇ ਹੈਰੋਇਨ ਲੈ ਕੇ ਇੰਸਪੈਕਟਰ ਫਰਾਰ, ਨੌਕਰੀ ਤੋਂ ਬਰਖਾਸਤ
ਤਰਨਤਾਰਨ ਪੁਲਿਸ ਦੇ ਐਸਐਸਪੀ ਧਰੁੰਮਨ ਨਿੰਭਾਲੇ ਨੇ ਅੱਜ ਤਰਨਤਾਰਨ ਜ਼ਿਲ੍ਹੇ 'ਚ ਤਾਇਨਾਤ ਇੰਸਪੈਕਟਰ ਬਲਜੀਤ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ।ਪੁਲਿਸ ਕਪਤਾਨ ਧਰੁੰਮਨ ਨਿੰਭਾਲੇ ਮੁਤਾਬਿਕ ਇੰਸਪੈਕਟਰ ਬਲਜੀਤ ਸਿੰਘ ਨੇ ਇੱਕ ਕੇਸ ਵਿੱਚ ਸਾਢੇ ਤਿੰਨ ਲੱਖ ਰੁਪਏ ਰਿਸ਼ਵਤ ਲਈ ਸੀ।
ਗਗਨਦੀਪ ਸ਼ਰਮਾ
ਅੰਮ੍ਰਿਤਸਰ: ਤਰਨਤਾਰਨ ਪੁਲਿਸ ਦੇ ਐਸਐਸਪੀ ਧਰੁੰਮਨ ਨਿੰਭਾਲੇ ਨੇ ਅੱਜ ਤਰਨਤਾਰਨ ਜ਼ਿਲ੍ਹੇ 'ਚ ਤਾਇਨਾਤ ਇੰਸਪੈਕਟਰ ਬਲਜੀਤ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ।ਪੁਲਿਸ ਕਪਤਾਨ ਧਰੁੰਮਨ ਨਿੰਭਾਲੇ ਮੁਤਾਬਿਕ ਇੰਸਪੈਕਟਰ ਬਲਜੀਤ ਸਿੰਘ ਨੇ ਇੱਕ ਕੇਸ ਵਿੱਚ ਸਾਢੇ ਤਿੰਨ ਲੱਖ ਰੁਪਏ ਰਿਸ਼ਵਤ ਲਈ ਸੀ।
ਦਰਅਸਲ, ਇੰਸਪੈਕਟਰ ਬਲਜੀਤ ਸਿੰਘ ਨੇ ਇੱਕ ਦਵਿੰਦਰ ਸਿੰਘ ਨਾਮ ਦੇ ਸਿਪਾਹੀ ਨਾਲ ਮਿਲ ਕੇ ਮਲਕੀਤ ਸਿੰਘ ਉਰਫ ਬਾਊ ਸਿੰਘ ਕੋਲੋਂ ਇੱਕ ਕਿਲੋ ਹੈਰੋਇਨ ਬਰਾਮਦ ਕਰਕੇ ਉਸ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਉਸ ਕੋਲੋਂ 3,50,000(ਸਾਢੇ ਤਿੰਨ ਲੱਖ ਰੁਪਏ) ਰਿਸ਼ਵਤ ਲੈ ਕੇ ਉਸ ਨੂੰ ਛੱਡ ਦਿੱਤਾ ਸੀ ਅਤੇ ਹੈਰੋਇਨ ਆਪਣੇ ਕੋਲ ਰੱਖ ਲਈ ਸੀ।ਐਸਐਸਪੀ ਮੁਤਾਬਕ ਇੰਸਪੈਕਟਰ ਬਲਜੀਤ ਸਿੰਘ ਦੇ ਖਿਲਾਫ ਬੀਤੇ ਦਿਨੀ 21/29/59 ਐੱਡੀਪੀਐਸ ਐਕਟ, 7 ਪੀਸੀ ਐਕਟ ਤੇ 120-ਬੀ ਤਹਿਤ ਮਾਮਲਾ ਦਰਜ ਕੀਤਾ ਸੀ ਤੇ ਇਸ ਨਾਲ ਪੁਲਿਸ ਦੇ ਅਕਸ ਨੂੰ ਖਰਾਬ ਕੀਤਾ ਹੈ ਤੇ ਇਹ ਗੰਭੀਰ ਕਿਸਮ ਅਪਰਾਧ ਹੈ।ਇਸ ਲਈ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਹਰਦਿਆਲ ਸਿੰਘ ਮਾਨ ਨੂੰ ਪੱਤਰ ਲਿਖ ਕੇ ਬਲਜੀਤ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੀ ਬੇਨਤੀ ਕੀਤੀ ਸੀ, ਜਿਸ 'ਤੇ ਕਾਰਵਾਈ ਕਰਦੇ ਡੀਆਈਜੀ ਮਾਨ ਨੇ ਇੰਸਪੈਕਟਰ ਬਲਜੀਤ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ।
ਧਰੁੰਮਨ ਨਿੰਭਾਲੇ ਨੇ ਦੱਸਿਆ ਕਿ ਫਿਲਹਾਲ ਇਸ ਮਾਮਲੇ 'ਚ ਸਿਪਾਹੀ ਦਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਇੰਸਪੈਕਟਰ ਬਲਜੀਤ ਸਿੰਘ ਹੈਰੋਇਨ ਤੇ ਡਰੱਗ ਮਨੀ ਲੈ ਕੇ ਫਰਾਰ ਹੋ ਗਿਆ ਹੈ।