(Source: ECI/ABP News/ABP Majha)
Punjab News: ਚੰਡੀਗੜ੍ਹ ਯੂਨੀਵਰਸਿਟੀ ਵਿਖੇ ਅੰਤਰਰਾਸ਼ਟਰੀ ਡਾਂਸ ਅਤੇ ਮਿਊਜਿਕ ਫੈਸਟੀਵਲ 2023 ਦਾ ਆਯੋਜਨ, ਵੇਖਣ ਨੂੰ ਮਿਲੀ ਵੈਸ਼ਵਿਕ ਸੱਭਿਆਚਾਰਕ ਝਲਕ, ਕੇਂਦਰੀ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
International Dance and Music Festival 2023 : ‘ਭਾਰਤੀ ਸੱਭਿਆਚਾਰ ਵਿਗਿਆਨ ਦਾ ਸੱਭਿਆਚਾਰ ਹੈ’ - ਕੇਂਦਰੀ ਰਾਜ ਮੰਤਰੀ ਮੀਨਾਕਸ਼ੀ ਲੇਖੀ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਅੰਤਰਰਾਸ਼ਟਰੀ ਡਾਂਸ ਅਤੇ ਮਿਊਜਿਕ ਫੈਸਟੀਵਲ 2023 ਦੌਰਾਨ
Punjab News: ਚੰਡੀਗੜ੍ਹ ਯੂਨੀਵਰਸਿਟੀ (C.U) ਵਿਖੇ ਐਤਵਾਰ (22 ਅਕਤੂਬਰ) ਨੂੰ ਇੱਕ ਅਨੌਖਾ ਅਤੇ ਬੇਹੱਦ ਖੂਬਸੂਰਤ ਸੱਭਿਆਚਾਰਕ ਸਮਾਗਮ ਵੇਖਣ ਨੂੰ ਮਿਲਿਆ, ਜਿਸ ‘ਚ 40 ਤੋਂ ਵੱਧ ਦੇਸ਼ਾਂ ਦੇ 100 ਤੋਂ ਵੱਧ ਲੋਕ/ਸੱਭਿਆਚਾਰਕ ਨਾਚ ਅਤੇ ਸੰਗੀਤ ਰੂਪ ਵੇਖਣ ਨੂੰ ਮਿਲੇ। ਸੱਭਿਆਚਾਰਕ ਸਮਾਗਮ ਦੌਰਾਨ ਵਿਸ਼ਵ ਭਰ ਤੋਂ ਪ੍ਰਤਿਭਾ ਅਤੇ ਰਚਨਾਤਮਕਤਾ ਵੇਖਣ ਨੂੰ ਮਿਲੀ।
ਇਹ ਸਮਾਗਮ ਭਾਰਤੀ ਸੱਭਿਆਚਾਰਕ ਸਬੰਧ ਕੌਂਸਲ (ICCR), ਵਿਦੇਸ਼ ਮੰਤਰਾਲੇ, ਭਾਰਤ ਸਰਕਾਰ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਸੀ। ਸਮਾਗਮ ਦੌਰਾਨ ਮੀਨਾਕਸ਼ੀ ਲੇਖੀ, ਕੇਂਦਰੀ ਵਿਦੇਸ਼ ਮਾਮਲਿਆਂ ਅਤੇ ਸੰਸਕ੍ਰਿਤੀ ਰਾਜ ਮੰਤਰੀ (MoS), ਨੇ ਮੁੱਖ ਮਹਿਮਾਨ ਵਜੋਂ ਅਤੇ ਅਮਿਤ ਸਹਾਏ ਮਾਥੁਰ, ਪ੍ਰੋਗਰਾਮ ਡਾਇਰੈਕਟਰ, ਇੰਡੀਅਨ ਕੌਂਸਲ ਫਾਰ ਕਲਚਰਲ ਰਿਲੇਸ਼ਨਜ਼ (ICCR) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਕੇਂਦਰੀ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਕਿਹਾ, “ਭਾਵੇਂ ਵਿਗਿਆਨ ਅੱਜ ਸਾਡੇ ਜੀਵਨ ਦਾ ਅਹਿਮ ਹਿੱਸਾ ਬਣ ਗਿਆ ਹੈ, ਪਰ ਵਿਗਿਆਨ ਸੱਭਿਆਚਾਰ ਤੋਂ ਵੱਖ ਨਹੀਂ ਹੈ। ਭਾਰਤੀ ਸੰਸਕ੍ਰਿਤੀ ਵਿਗਿਆਨ ਦੀ ਸੰਸਕ੍ਰਿਤੀ ਹੈ। ਅੱਜ, ਸਾਰੀਆਂ ਦਵਾਈਆਂ ਵਿੱਚੋਂ 65% ਤੋਂ ਵੱਧ ਫਾਈਟੋਕੈਮੀਕਲ ਹਨ, ਜੋ ਪੌਦਿਆਂ ਤੋਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ, ਯਾਨਿ ਭਾਰਤੀ ਆਯੁਰਵੇਦ ‘ਤੇ ਆਧਾਰਿਤ ਹਨ। ਅੱਜ ਦੁਨੀਆ ਭਰ ਵਿੱਚ ਪ੍ਰਚਲਿਤ ਸਾਰੇ ਵਿਗਿਆਨ ਅਤੇ ਕਲਾਵਾਂ ਭਾਰਤੀ ਸੱਭਿਆਚਾਰਕ ਵਿਰਾਸਤ ਦਾ ਹਿੱਸਾ ਹਨ ਜੋ ਕਿ ਹਜ਼ਾਰਾਂ ਸਾਲ ਪੁਰਾਣੇ ਵਿਸ਼ਵ ਇਤਿਹਾਸ ਦਾ ਹਿੱਸਾ ਹੈ ਅਤੇ ਭਾਰਤੀ ਸਿੰਧੂ ਸਰਸਵਤੀ ਸਭਿਅਤਾ ਦੀ ਉਪਜ ਹੈ ਜੋ ਆਪਣੇ ਆਪ ਵਿੱਚ ਨਿਰੰਤਰਤਾ ਅਤੇ ਏਕਤਾ ਦੀ ਇੱਕ ਸੰਸਕ੍ਰਿਤੀ ਦੀ ਉਦਾਹਰਨ ਹੈ। ਉਹਨਾਂ ਕਿਹਾ ਕਿ ਅੱਜ ਦੁਨੀਆਂ ਭਰ ਦੇ ਲੋਕ ਭਾਰਤੀ ਯੋਗ ਨੂੰ ਅਪਨਾ ਰਹੇ ਹਨ, ਅਤੇ ਕੁਦਰਤੀ ਤਰੀਕੇ ਨਾਲ ਬਿਮਾਰੀਆਂ ਤੋਂ ਨਿਜਾਤ ਪਾ ਰਹੇ ਹਨ।"
ਇਸ ਸਮਾਗਮ ਦਾ ਆਗਾਜ਼ ਯੂਨੀਵਰਸਿਟੀ ਦੇ ਬਲਾੱਕ 7 ਤੋਂ ਇੱਕ ਖੂਬਸੂਰਤ ਰੰਗਾਰੰਗ ਸ਼ੋਭਾਯਾਤਰਾ ਨਾਲ ਸ਼ੁਰੂ ਹੋਇਆ ਅਤੇ ਕੈਂਪਸ ਦੇ ਬਲਾੱਕ ਡੀ1 ਦੇ ਆਡੀਟੋਰੀਅਮ ਵਿੱਚ ਪਹੁੰਚਿਆ, ਜਿੱਥੇ ਸਾਰੀਆਂ ਟੀਮਾਂ ਨੇ ਮੰਚ ‘ਤੇ ਆਪਣੇ ਲੋਕ ਅਤੇ ਸੱਭਿਆਚਾਰਕ ਨਾਚਾਂ ਅਤੇ ਸੰਗੀਤ ਦਾ ਪ੍ਰਦਰਸ਼ਨ ਕੀਤਾ। ਇਸ ਸਮਾਗਮ ਦਾ ਉਦੇਸ਼ ਅੰਤਰਰਾਸ਼ਟਰੀ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਅਤੇ ਵਿਭਿੰਨਤਾ ਤੇ ਸਮਾਵੇਸ਼ ਦਾ ਜਸ਼ਨ ਮਨਾਉਣਾ ਅਤੇ ਇਸ ਜਸ਼ਨ ਵਿੱਚ ਦੁਨੀਆ ਭਰ ਦੇ ਲੋਕਾਂ ਨੂੰ ਇਕੱਠੇ ਲਿਆਉਣਾ ਸੀ, ਤਾਂ ਜੋ ਇੱਕ ਵਧੇਰੇ ਸੰਵੇਦਨਸ਼ੀਲ ਅਤੇ ਸਦਭਾਵਨਾਪੂਰਨ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।
ਫੈਸਟੀਵਲ ਦੀ ਥੀਮ 'ਇਕ ਵਿਸ਼ਵ, ਕਈ ਸੱਭਿਆਚਾਰ'
ਦੱਸਣਯੋਗ ਹੈ ਕਿ ਇਸ ਫੈਸਟੀਵਲ ਦੀ ਥੀਮ 'ਇਕ ਵਿਸ਼ਵ, ਕਈ ਸੱਭਿਆਚਾਰ' ਸੀ। ਸਮਾਗਮ ਦੌਰਾਨ ਰੋਮਾਨੀਆ, ਮਲੇਸ਼ੀਆ, ਬੁਲਗਾਰੀਆ, ਇਰਾਕ, ਚੈੱਕ ਰਿਪਬਲਿਕ, ਕਿਰਗਿਜ਼ ਗਣਰਾਜ, ਨੇਪਾਲ, ਭੂਟਾਨ, ਕਜ਼ਾਕਿਸਤਾਨ, ਤਨਜ਼ਾਨੀਆ ਅਤੇ ਜ਼ੈਂਬੀਆ ਆਦਿ ਸਮੇਤ ਲਗਭਗ 40 ਤੋਂ ਵੱਧ ਦੇਸ਼ਾਂ ਦੀਆਂ ਸੱਭਿਆਚਾਰਕ ਮੰਡਲੀਆਂ ਨੇ ਆਪਣੇ ਰੰਗੀਨ ਪਰੰਪਰਾਗਤ ਪਹਿਰਾਵਿਆਂ ਵਿੱਚ ਆਪਣੇ-ਆਪਣੇ ਦੇਸ਼ਾਂ ਦੇ ਸਵਦੇਸ਼ੀ ਸੰਗੀਤ ਅਤੇ ਨ੍ਰਿਤ ਸਭਿਆਚਾਰਾਂ ਨੂੰ ਬੜੀ ਹੀ ਖੂਬਸੂਰਤੀ ਅਤੇ ਨਜਾਕਤ ਨਾਲ ਪ੍ਰਦਰਸ਼ਿਤ ਕੀਤਾ।
ਇਸ ਮੌਕੇ ਸੀਯੂ ਦੇ ਚਾਂਸਲਰ ਸਤਨਾਮ ਸਿੰਘ ਸੰਧੂ, ਚੰਡੀਗੜ੍ਹ ਯੂਨੀਵਰਸਿਟੀ ਦੇ ਉਪ ਪ੍ਰਧਾਨ ਪ੍ਰੋ: ਹਿਮਾਨੀ ਸੂਦ ਸਮੇਤ ਹੋਰ ਪਤਵੰਤੇ ਅਤੇ ਯੂਨੀਵਰਸਿਟੀ ਦੇ ਅਧਿਕਾਰੀ ਹਾਜ਼ਰ ਰਹੇ।
ਫੈਸਟੀਵਲ ਮੌਕੇ ਬੋਲਦਿਆਂ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਅੱਗੇ ਕਿਹਾ, “ਭਾਰਤ ਰਾਸ਼ਟਰਮੰਡਲ ਦੇ ਸੁਤੰਤਰ ਰਾਜਾਂ (ਸੀਆਈਐਸ) ਦੇਸ਼ਾਂ ਜਿਵੇਂ ਕਜ਼ਾਕਿਸਤਾਨ ਅਤੇ ਕਿਰਗਿਸਤਾਨ ਨਾਲ ਪ੍ਰਾਚੀਨ ਯੁੱਗ ਤੋਂ ਹੀ ਡੂੰਘੇ ਸੱਭਿਆਚਾਰਕ ਅਤੇ ਇਤਿਹਾਸਕ ਸਬੰਧ ਸਾਂਝੇ ਕਰਦਾ ਹੈ। ਸੱਭਿਆਚਾਰਕ ਖੇਤਰ ਵਿੱਚ, ਸੰਸਕ੍ਰਿਤ ਸਮੇਤ ਸਾਡੇ ਰੀਤੀ-ਰਿਵਾਜ, ਸੰਗੀਤ, ਭਾਸ਼ਾ ਵਿੱਚ ਬਹੁਤ ਸਮਾਨਤਾਵਾਂ ਹਨ। ਹਾਲਾਂਕਿ, 1947 ਵਿੱਚ ਆਜ਼ਾਦੀ ਤੋਂ ਬਾਅਦ, ਇਹ ਦੇਸ਼ ਸਰਹੱਦਾਂ ਦੀ ਸਤਹੀਤਾ ਕਾਰਨ ਭਾਰਤ ਤੋਂ ਦੂਰ ਹੋ ਗਏ ਪਰ ਸੱਭਿਆਚਾਰਕ ਸਬੰਧ ਕਾਇਮ ਰਹੇ। ਕਿਉਂਕਿ, ਮਤਭੇਦਾਂ ਦੀ ਸਤਹੀਤਾ ਉਸ ਏਕਤਾ ਨੂੰ ਨਕਾਰ ਨਹੀਂ ਸਕਦੀ ਹੈ ਜੋ ਭਾਰਤੀ ਹਰ ਚੀਜ਼ ਵਿੱਚ ਭਾਲਦੇ ਹਨ। "ਏਕਤਾ ਕੌਮਾਂ ਅਤੇ ਸਭਿਆਚਾਰਾਂ ਵਿੱਚ ਸਮਾਨਤਾਵਾਂ ਅਤੇ ਅੰਤਰਾਂ ਬਾਰੇ ਨਹੀਂ ਹੈ, ਬਲਕਿ ਇਹ ਚੀਜ਼ਾਂ ਨੂੰ ਵੇਖਣ ਦਾ ਇੱਕ ਨਜ਼ਰੀਆਂ ਹੈ।"
ਉਹਨਾਂ ਅੱਗੇ ਵਿਦਿਆਰਥੀਆਂ ਨੂੰ ਸੰਬੋਧਤ ਹੁੰਦੇ ਕਿਹਾ, "ਇਸ ਉਮਰ ਵਿੱਚ ਵੱਖ-ਵੱਖ ਸੱਭਿਆਚਾਰਾਂ ਨੂੰ ਜਿੰਨਾਂ ਦੇਖਣ ਅਤੇ ਸਿੱਖਣ ਨੂੰ ਮਿਲ ਜਾਵੇ, ਉੰਨਾਂ ਵਧੀਆ ਹੈ। ਇਸ ਤਰ੍ਹਾਂ ਦੇ ਸਮਾਗਮ ਸੱਭਿਆਚਾਰਾਂ ਨੂੰ ਮਹਿਸੂਸ ਕਰਨ ਅਤੇ ਸੱਭਿਆਚਾਰਾਂ ਦਾ ਹਿੱਸਾ ਬਣਨ ਵਿੱਚ ਮਦਦ ਕਰਦੇ ਹਨ। ਇਹ 'ਵਸੁਧੈਵ ਕੁਟੁੰਬਕਮ' ਮਨਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ - ਦੁਨੀਆ ਇਕ ਪਰਿਵਾਰ ਹੈ, ਕਿਉਂਕਿ ਜੇਕਰ ਅਸੀਂ ਸਮਾਨਤਾਵਾਂ 'ਤੇ ਧਿਆਨ ਕੇਂਦਰਿਤ ਕਰਾਂਗੇ, ਤਾਂ ਅਸੀਂ ਪਾਵਾਂਗੇ ਕਿ ਅਨੇਕਤਾ ਵਿੱਚ ਏਕਤਾ ਹੈ।'