ਨਾਈਟ ਕਰਫਿਊ ਦੀ ਉਲੰਘਣਾ ਕਰ ਰਹੇ ਨੌਜਵਾਨਾਂ ਨੂੰ ਰੋਕਣ 'ਤੇ ਪੁਲਿਸ ਇੰਸਪੈਕਟਰ ਦੀ ਪਾੜੀ ਵਰਦੀ ਤੇ ਖੂਬ ਕੁੱਟਿਆ
ਜਦੋਂ ਇਨ੍ਹਾਂ ਨੌਜਵਾਨਾਂ ਨੂੰ ਕਰਫਿਊ ਦੀ ਉਲੰਘਣਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਅੱਗੋਂ ਝਗੜਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਨੌਜਵਾਨਾਂ ਨੇ ਇੰਸਪੈਕਟਰ ਦੀ ਵਰਦੀ ਪਾੜ ਦਿੱਤੀ ਤੇ ਮੂੰਹ 'ਤੇ ਮੁੱਕੇ ਮਾਰਨੇ ਸ਼ੁਰੂ ਕੀਤੇ।
ਜੰਲਧਰ: ਨਾਈਟ ਕਰਫਿਊ ਦੀ ਉਲੰਘਣਾ ਕਰ ਰਹੇ ਨੌਜਵਾਨ ਨੂੰ ਟੋਕਣਾ ਪੁਲਿਸ ਇੰਸਪੈਕਟਰ ਨੂੰ ਮਹਿੰਗਾ ਪਿਆ। ਜਲੰਧਰ ਦੇ ਇੰਸਪੈਕਟਰ ਵੱਲੋਂ ਨੌਜਵਾਨਾਂ ਨੂੰ ਕਰਫਿਊ ਦੌਰਾਨ ਰਾਤ ਦੋ ਵਜੇ ਘਰੋਂ ਬਾਹਰ ਘੁੰਮਣ ਦਾ ਕਾਰਨ ਪੁੱਛਿਆ ਗਿਆ ਤਾਂ ਇਸ ਬਦਲੇ ਕੁੱਟ ਖਾਣੀ ਪਈ। ਗੁੱਸੇ 'ਚ ਆਏ ਨੌਜਵਾਨਾਂ ਨੇ ਪੁਲਿਸ ਇੰਸਪੈਕਟਰ ਦੀ ਵਰਦੀ ਪਾੜ ਦਿੱਤੀ।
ਜਾਣਕਾਰੀ ਮੁਤਾਬਕ ਜਲੰਧਰ ਦੇ ਥਾਣਾ ਭਾਰਗਵ ਕੈਂਪ ਥਾਣਾ ਮੁਖੀ ਇੰਸਪੈਕਟਰ ਭਗਵਾਨ ਸਿੰਘ ਭੁੱਲਰ ਮਾਡਲ ਹਾਊਸ ਦੇ ਮਾਤਾ ਰਾਣੀ ਚੌਕ 'ਚ ਦੇਰ ਰਾਤ ਨਾਕਾ ਲਾ ਕੇ ਚੈਕਿੰਗ ਕਰ ਰਹੇ ਸਨ। ਇੰਨੇ 'ਚ ਰਾਤ ਦੋ ਵਜੇ ਦੇ ਕਰੀਬ ਚਾਰ-ਪੰਜ ਨੌਜਵਾਨ ਦੋ ਕਾਰਾਂ 'ਚ ਸਵਾਰ ਹੋਕੇ ਉੱਥੇ ਪਹੁੰਚੇ।
ਜਦੋਂ ਇਨ੍ਹਾਂ ਨੌਜਵਾਨਾਂ ਨੂੰ ਕਰਫਿਊ ਦੀ ਉਲੰਘਣਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਅੱਗੋਂ ਝਗੜਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਨੌਜਵਾਨਾਂ ਨੇ ਇੰਸਪੈਕਟਰ ਦੀ ਵਰਦੀ ਪਾੜ ਦਿੱਤੀ ਤੇ ਮੂੰਹ 'ਤੇ ਮੁੱਕੇ ਮਾਰਨੇ ਸ਼ੁਰੂ ਕੀਤੇ। ਜ਼ਖ਼ਮੀ ਹਾਲਤ 'ਚ ਐਸਐਚਓ ਨੂੰ ਹਸਪਤਾਲ ਲਿਜਾਇਆ ਗਿਆ।
ਥਾਣਾ ਮੁਖੀ ਭਗਵੰਤ ਸਿੰਘ ਭੁੱਲਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨਾਕੇ 'ਤੇ ਨੌਜਵਾਨਾਂ ਨੂੰ ਰੋਕਿਆ ਸੀ ਤਾਂ ਉਨ੍ਹਾਂ ਨੌਜਵਾਨਾਂ ਨੇ ਅੱਗੋਂ ਕਿਹਾ ਕਿ ਤੁਸੀਂ ਸਾਨੂੰ ਰੋਕਣ ਵਾਲੇ ਕੌਣ ਹੁੰਦੇ ਹੋ ਜਿਸ ਤੋਂ ਬਾਅਦ ਨੌਜਵਾਨਾਂ ਨੇ ਉਨ੍ਹਾਂ ਨਾਲ ਮਾਰਕੁੱਟ ਕੀਤੀ ਤੇ ਉਨ੍ਹਾਂ ਦੇ ਗੰਨਮੈਨ ਦੀ ਏਕੇ 47 ਵੀ ਖੋਹਣ ਦੀ ਕੋਸ਼ਿਸ਼ ਕੀਤੀ।