ਦਰਸ਼ਕਾਂ ਦੇ ਸਾਹਮਣੇ ਹੋਈ ਕਬੱਡੀ ਖਿਡਾਰੀ ਦੀ ਮੌਤ, ਮੈਦਾਨ 'ਤੇ ਦੋ ਖਿਡਾਰੀਆਂ ਨੂੰ ਆਊਟ ਕਰਨ ਤੋਂ ਬਾਅਦ ਇੱਕ ਦਮ ਹੇਠਾਂ ਡਿੱਗਿਆ, ਨਿਕਲੀ ਜਾਨ, ਖੇਡ ਜਗਤ 'ਚ ਫੈਲਿਆ ਸੋਗ
ਫ਼ਤਿਹਗੜ੍ਹ ਸਾਹਿਬ 'ਚ ਕਬੱਡੀ ਟੂਰਨਾਮੈਂਟ ਦਾ ਹੈ, ਜਿੱਥੇ ਬਿੱਟੂ ਬਲਿਆਲ ਨਾਮਕ ਖਿਡਾਰੀ ਖੇਡ ਰਿਹਾ ਸੀ ਤੇ ਫਿਰ ਉਸਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ। ਵੀਡੀਓ ਵਿੱਚ ਬਿੱਟੂ ਬਲਿਆਲ ਆਪਣੀ ਟੀਮ ਵੱਲੋਂ ਰੇਡ ਕਰਨ ਮੈਦਾਨ ਵਿੱਚ ਉਤਰਦਾ ਦਿਖਾਈ ਦਿੰਦਾ ਹੈ

ਪੰਜਾਬ ਦੇ ਵਿੱਚ ਦਿਲ ਦੇ ਦੌਰੇ ਨਾਲ ਹੋ ਰਹੀਆਂ ਮੌਤਾਂ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਇੱਕ ਫਿਰ ਤੋਂ ਖੇਡਦੇ ਹੋਏ ਇੱਕ ਖਿਡਾਰੀ ਦੀ ਦਰਦਨਾਕ ਮੌਤ ਹੋ ਗਈ ਹੈ। ਜਿਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਇਹ ਮਾਮਲਾ ਫ਼ਤਿਹਗੜ੍ਹ ਸਾਹਿਬ 'ਚ ਕਬੱਡੀ ਟੂਰਨਾਮੈਂਟ ਦਾ ਹੈ, ਜਿੱਥੇ ਬਿੱਟੂ ਬਲਿਆਲ ਨਾਮਕ ਖਿਡਾਰੀ ਖੇਡ ਰਿਹਾ ਸੀ ਤੇ ਫਿਰ ਉਸਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ। ਵੀਡੀਓ ਵਿੱਚ ਬਿੱਟੂ ਬਲਿਆਲ ਆਪਣੀ ਟੀਮ ਵੱਲੋਂ ਰੇਡ ਕਰਨ ਮੈਦਾਨ ਵਿੱਚ ਉਤਰਦਾ ਦਿਖਾਈ ਦਿੰਦਾ ਹੈ। ਵਿਰੋਧੀ ਟੀਮ ਦੇ ਦੋ ਖਿਡਾਰੀ ਆਉਟ ਕਰਨ ਮਗਰੋਂ ਜਦੋਂ ਉਹ ਆਪਣੇ ਪਾਲੇ ਵੱਲ ਮੁੜਿਆ ਤਾਂ ਅਚਾਨਕ ਸਿਰ ਫੜਕੇ ਖੜ੍ਹਾ ਹੋਇਆ ਅਤੇ ਫਿਰ ਜ਼ਮੀਨ 'ਤੇ ਡਿੱਗ ਪਿਆ। ਸਾਥੀ ਖਿਡਾਰੀ ਉਸਨੂੰ ਸੰਭਾਲਣ ਦੀ ਕੋਸ਼ਿਸ਼ ਕਰਦੇ ਦਿਖਾਈ ਦਿੱਤੇ।
ਖੇਡ ਦੇ ਮੈਦਾਨ 'ਚ ਹੀ ਪਿਆ ਦਿਲ ਦਾ ਦੌਰਾ
ਕੁਝ ਖਿਡਾਰੀ ਉਸਨੂੰ ਸੀ.ਪੀ.ਆਰ. ਦੇਣ ਦੀ ਕੋਸ਼ਿਸ਼ ਕਰਦੇ ਰਹੇ ਪਰ ਉਹ ਹੋਸ਼ ਵਿੱਚ ਨਾ ਆ ਸਕਿਆ। ਉਸਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ। ਡਾਕਟਰਾਂ ਦੇ ਅਨੁਸਾਰ, ਬਿੱਟੂ ਨੂੰ ਮੈਦਾਨ ਵਿੱਚ ਹੀ ਦਿਲ ਦਾ ਦੌਰਾ ਪਿਆ ਸੀ। ਇਸ ਘਟਨਾ ਨਾਲ ਖੇਡ ਜਗਤ 'ਚ ਸੋਗ ਦੀ ਲਹਿਰ ਦੌੜ ਗਈ ਹੈ। ਪਰਿਵਾਰ ਦੇ ਮੁਤਾਬਕ ਬਿੱਟੂ ਇਕ ਵਧੀਆ ਖਿਡਾਰੀ ਸੀ ਤੇ ਉਸਦੇ ਮਾਤਾ-ਪਿਤਾ ਅਤੇ ਭਰਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
ਖੇਡ ਪ੍ਰੇਮੀਆਂ ਨੇ ਦਿੱਤੀ ਸ਼ਰਧਾਂਜਲੀ
ਖੇਡ ਪ੍ਰੇਮੀਆਂ ਨੇ ਸੋਸ਼ਲ ਮੀਡੀਆ 'ਤੇ ਬਿੱਟੂ ਬਲਿਆਲ ਨੂੰ ਸ਼ਰਧਾਂਜਲੀ ਦਿੱਤੀ ਹੈ ਅਤੇ ਉਨ੍ਹਾਂ ਦੇ ਪਰਿਵਾਰ ਦੇ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਹੈ। ਕਈ ਪੂਰਵ ਖਿਡਾਰੀ ਅਤੇ ਖੇਡ ਪ੍ਰੇਮੀ ਉਨ੍ਹਾਂ ਦੇ ਦਿਹਾਂਤ ਨੂੰ ਪੰਜਾਬ ਦੀ ਕਬੱਡੀ ਲਈ ਨੁਕਸਾਨ ਵਜੋਂ ਵੇਖ ਰਹੇ ਹਨ।
ਕੁੱਝ ਮਹੀਨੇ ਪਹਿਲਾਂ ਵੀ ਇੱਕ ਖਿਡਾਰੀ ਨੂੰ ਖੇਡਦੇ ਹੋਏ ਆਇਆ ਸੀ ਹਾਰਟ ਅਟੈਕ
ਪੰਜਾਬ ਦੇ ਫਿਰੋਜ਼ਪੁਰ ਵਿੱਚ ਕ੍ਰਿਕਟ ਖੇਡਦੇ ਸਮੇਂ ਇੱਕ ਯੁਵਾ ਨੂੰ ਹਾਰਟ ਅਟੈਕ ਆ ਗਿਆ। ਸਿਕਸ ਮਾਰ ਕੇ ਫਿਫ਼ਟੀ ਪੂਰੀ ਕਰਨ ਤੋਂ ਬਾਅਦ ਉਹ ਆਪਣੇ ਸਾਥੀ ਨਾਲ ਹੱਥ ਮਿਲਾਉਣ ਜਾ ਰਿਹਾ ਸੀ, ਪਰ ਹਾਰਟ ਐਟੈਕ ਆਉਣ ਕਾਰਨ ਉਹ ਪਿਚ 'ਤੇ ਹੀ ਮੂੰਹ ਦੇ ਬਲ ਡਿੱਗ ਪਿਆ। ਉਸਦੇ ਸਾਥੀ ਨੇ ਉਸਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਉਹ ਬੇਸੁਧ ਹੋ ਗਿਆ। ਜਦੋਂ ਉਸ ਨੂੰ ਵੀ ਹਸਪਤਾਲ ਲੈ ਕੇ ਗਏ ਤਾਂ ਡਾਕਟਰ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਸੀ।





















