Kisan Mahapanchayat: ਪੰਜਾਬ ਦੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਦਾ ਵੱਡਾ ਐਕਸ਼ਨ, ਅਭਿਮਨਿਊ ਕੋਹਾੜ ਨੇ ਕੀਤਾ ਵੱਡਾ ਐਲਾਨ
Kisan Mahapanchayat: ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਆਗੂ ਅਭਿਮਨਿਊ ਕੋਹਾੜ ਨੇ ਦਾਅਵਾ ਕੀਤਾ ਹੈ ਕਿ ਮਹਾਂਪੰਚਾਇਤ ਵਿੱਚ ਹਰਿਆਣਾ ਤੋਂ ਇਲਾਵਾ ਪੰਜਾਬ ਦੇ 50 ਹਜ਼ਾਰ ਕਿਸਾਨ ਆ ਰਹੇ ਹਨ।
Kisan Mahapanchayat: ਹਰਿਆਣਾ ਦੇ ਜੀਂਦ ਵਿੱਚ ਅੱਜ ਕਿਸਾਨ ਜਥੇਬੰਦੀਆਂ ਨੇ ਕਿਸਾਨ-ਮਜ਼ਦੂਰ ਮਹਾਂਪੰਚਾਇਤ ਬੁਲਾਈ ਹੈ। ਇਹ ਮਹਾਪੰਚਾਇਤ ਉਚਾਨਾ ਦੀ ਨਵੀਂ ਅਨਾਜ ਮੰਡੀ ਵਿੱਚ ਹੋ ਰਹੀ ਹੈ। ਇਸ ਲਈ ਕਿਸਾਨਾਂ ਨੇ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ। ਅਨਾਜ ਮੰਡੀ ਦੇ ਗੇਟ ’ਤੇ ਭਾਰੀ ਪੁਲਿਸ ਫੋਰਸ ਤਾਇਨਾਤ ਹੈ। ਇਸ ਤੋਂ ਪਹਿਲਾਂ ਸ਼ਨੀਵਾਰ-ਐਤਵਾਰ ਦੀ ਰਾਤ ਨੂੰ ਪੁਲਿਸ ਨੇ ਕੈਥਲ ਦੇ ਗੂਹਲਾ ਚੀਕਾ ਤੇ ਸੰਗਤਪੁਰਾ ਨੇੜੇ ਦੋ ਥਾਵਾਂ 'ਤੇ ਸੀਮਿੰਟ ਦੇ ਬੈਰੀਕੇਡ ਲਾ ਕੇ ਪੰਜਾਬ-ਹਰਿਆਣਾ ਸਰਹੱਦ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ।
ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਆਗੂ ਅਭਿਮਨਿਊ ਕੋਹਾੜ ਨੇ ਦਾਅਵਾ ਕੀਤਾ ਹੈ ਕਿ ਮਹਾਂਪੰਚਾਇਤ ਵਿੱਚ ਹਰਿਆਣਾ ਤੋਂ ਇਲਾਵਾ ਪੰਜਾਬ ਦੇ 50 ਹਜ਼ਾਰ ਕਿਸਾਨ ਆ ਰਹੇ ਹਨ। ਉਧਰ, ਉਚਾਨਾ ਥਾਣੇ ਦੇ ਐਸਐਚਓ ਪਵਨ ਕੁਮਾਰ ਨੇ ਕਿਹਾ ਕਿ ਮਹਾਪੰਚਾਇਤ ਸਬੰਧੀ ਕਿਸਾਨਾਂ ਨੇ ਮਨਜ਼ੂਰੀ ਨਹੀਂ ਲਈ ਹੈ। ਇਸ ਕਾਰਨ ਅਧਿਕਾਰੀਆਂ ਦੇ ਹੁਕਮਾਂ ’ਤੇ ਚੀਕਾ ਵਿੱਚ ਬਾਰਡਰ ਸੀਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: Deep sidhu: ਦੀਪ ਸਿੱਧੂ ਦੇ ਭਰਾ ਨੂੰ ਮਿਲਿਆ ਵੱਡਾ ਹੁਲਾਰਾ, ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਵੱਲੋਂ ਹਮਾਇਤ ਦਾ ਐਲਾਨ
ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਦੱਸਿਆ ਕਿ ਉਚਾਨਾ ਦੀ ਕਿਸਾਨ ਪੰਚਾਇਤ ਵਿੱਚ ਵੱਡੀ ਗਿਣਤੀ ਕਿਸਾਨ ਇਕੱਠੇ ਹੋ ਰਹੇ ਹਨ। ਸਾਡੀ ਪੰਚਾਇਤ ਦਾ ਇੱਕੋ ਇੱਕ ਉਦੇਸ਼ ਭਾਰਤੀ ਜਨਤਾ ਪਾਰਟੀ ਨੂੰ ਸਬਕ ਸਿਖਾਉਣਾ ਹੈ, ਜੋ ਪਿਛਲੇ 10 ਸਾਲਾਂ ਤੋਂ ਕਿਸਾਨਾਂ, ਮਜ਼ਦੂਰਾਂ ਤੇ ਬੇਰੁਜ਼ਗਾਰਾਂ 'ਤੇ ਜ਼ੁਲਮ ਤੇ ਅੱਤਿਆਚਾਰ ਕਰ ਰਹੀ ਹੈ।
ਅਭਿਮਨਿਊ ਕੋਹਾੜ ਨੇ ਦੋਸ਼ ਲਾਇਆ ਕਿ ਪੁਲਿਸ ਨੇ ਕਿਸਾਨਾਂ ਨੂੰ ਨੋਟਿਸ ਜਾਰੀ ਕੀਤੇ ਹਨ। ਪੁਲਿਸ ਨੇ ਸਾਊਂਡ ਤੇ ਟੈਂਟ ਮਾਲਕਾਂ ਨੂੰ ਥਾਣੇ ਬੁਲਾ ਕੇ ਧਮਕੀ ਦਿੱਤੀ ਕਿ ਜੇਕਰ ਤੁਸੀਂ ਸਾਮਾਨ ਲੈ ਕੇ ਉੱਥੇ ਗਏ ਤਾਂ ਤੁਹਾਡੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਤੇ ਸਾਮਾਨ ਵੀ ਜ਼ਬਤ ਕਰ ਲਿਆ ਜਾਵੇਗਾ। ਕੋਹਾੜ ਨੇ ਕਿਹਾ ਕਿ ਅਸੀਂ ਕਿਸੇ ਸਿਆਸੀ ਪਾਰਟੀ ਨਾਲ ਨਹੀਂ ਜੁੜੇ। ਸਾਡੇ 'ਤੇ ਚੋਣ ਜ਼ਾਬਤਾ ਲਾਗੂ ਨਹੀਂ ਹੁੰਦਾ। ਮੰਡੀ ਕਿਸਾਨਾਂ ਦੀ ਹੈ ਤੇ ਸਾਨੂੰ ਇਜਾਜ਼ਤ ਲੈਣ ਦੀ ਲੋੜ ਨਹੀਂ।
ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸਾਨਾਂ ਨੂੰ ਪੰਚਾਇਤ ਕਰਨ ਤੋਂ ਰੋਕਿਆ ਗਿਆ ਤਾਂ ਅਸੀਂ ਭਾਜਪਾ ਦੀਆਂ ਰੈਲੀਆਂ ਦਾ ਵੀ ਵਿਰੋਧ ਕਰਾਂਗੇ। ਜਦੋਂ ਉਹ ਕਿਸੇ ਵੀ ਪਿੰਡ ਵਿੱਚ ਵੋਟਾਂ ਮੰਗਣ ਜਾਣਗੇ ਤਾਂ ਉਨ੍ਹਾਂ ਨੂੰ ਫੋਰਸ ਨਾਲ ਲੈ ਕੇ ਜਾਣਾ ਪਵੇਗਾ। ਅਸੀਂ ਪਿੰਡਾਂ ਵਿੱਚ ਉਨ੍ਹਾਂ ਦਾ ਸਖ਼ਤ ਵਿਰੋਧ ਕਰਾਂਗੇ।
ਦੱਸ ਦਈਏ ਕਿ ਪੰਜਾਬ ਦੇ ਕਿਸਾਨ ਫਰਵਰੀ-2024 ਤੋਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਨੂੰ ਲੈ ਕੇ ਅੰਦੋਲਨ 'ਤੇ ਹਨ। ਅਜਿਹੇ 'ਚ ਹਰਿਆਣਾ ਸਰਕਾਰ ਨੇ ਹਰਿਆਣਾ ਤੇ ਪੰਜਾਬ ਦੇ ਅੰਬਾਲਾ ਨੇੜੇ ਸ਼ੰਭੂ ਸਰਹੱਦ ਨੂੰ ਬੈਰੀਕੇਡ ਲਗਾ ਕੇ ਬੰਦ ਕੀਤਾ ਹੋਇਆ ਹੈ। ਇਸ ਤੋਂ ਬਾਅਦ ਲੋਕ ਸਭਾ ਚੋਣਾਂ ਲਈ ਚੋਣ ਜ਼ਾਬਤਾ ਲਾਗੂ ਹੋ ਗਿਆ ਸੀ।
ਕਿਸਾਨਾਂ ਨੇ ਪੰਜਾਬ ਵਾਲੇ ਪਾਸੇ ਸਰਹੱਦ 'ਤੇ ਪੱਕਾ ਮੋਰਚਾ ਬਣਾਇਆ ਹੋਇਆ ਹੈ। ਅਜਿਹੇ 'ਚ ਉਥੋਂ ਆਵਾਜਾਈ ਪੂਰੀ ਤਰ੍ਹਾਂ ਬੰਦ ਹੈ। ਇਸ ਕਾਰਨ ਅੰਬਾਲਾ ਦੇ ਵਪਾਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਉਨ੍ਹਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ। ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਬਾਰਡਰ ਖੋਲ੍ਹਣ ਦੇ ਹੁਕਮ ਦਿੱਤੇ ਸਨ ਪਰ ਸਰਕਾਰ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਪਹੁੰਚ ਗਈ।
ਇਹ ਵੀ ਪੜ੍ਹੋ: ਚੰਡੀਗੜ੍ਹ ਗ੍ਰਨੇਡ ਹਮਲੇ ਦਾ ਦੂਜਾ ਮੁਲਜ਼ਮ ਕਾਬੂ, 5 ਲੱਖ ਰੁਪਏ 'ਚ ਹੋਇਆ ਸੀ ਸੌਦਾ, ਇਦਾਂ ਬਣਾਇਆ ਸੀ ਪਲਾਨ