ਪੰਜਾਬ ਦੇ ਸਾਬਕਾ DGP ਨੂੰ ਭੇਜਿਆ ਲੀਗਲ ਨੋਟਿਸ: ਧਮਕੀ ਦੇਣ ਅਤੇ ਧਰਮਾਂ 'ਚ ਨਫਰਤ ਫੈਲਾਉਣ ਦੇ ਦੋਸ਼
ਪੰਜਾਬ ਦੇ ਸਾਬਕਾ DGP ਮੁਹੰਮਦ ਮੁਸਤਫ਼ਾ ਦੇ ਖ਼ਿਲਾਫ਼, ਉਨ੍ਹਾਂ ਦੇ ਪੁੱਤਰ ਦੀ ਮੌਤ ਦੇ ਮਾਮਲੇ ‘ਚ ਪੰਚਕੂਲਾ ‘ਚ ਕੇਸ ਦਰਜ ਕਰਨ ਵਾਲੇ ਮਲੇਰਕੋਟਲਾ ਦੇ ਸ਼ਮਸੁਦੀਨ ਚੌਧਰੀ ਲਗਾਤਾਰ ਉਨ੍ਹਾਂ ਨੂੰ ਕਾਨੂੰਨੀ ਤੌਰ ‘ਤੇ ਘੇਰਨ ਦੀ ਕੋਸ਼ਿਸ਼ ‘ਚ ਹਨ।

ਪੰਜਾਬ ਦੇ ਸਾਬਕਾ DGP ਮੁਹੰਮਦ ਮੁਸਤਫ਼ਾ ਦੇ ਖ਼ਿਲਾਫ਼, ਉਨ੍ਹਾਂ ਦੇ ਪੁੱਤਰ ਦੀ ਮੌਤ ਦੇ ਮਾਮਲੇ ‘ਚ ਪੰਚਕੂਲਾ ‘ਚ ਕੇਸ ਦਰਜ ਕਰਨ ਵਾਲੇ ਮਲੇਰਕੋਟਲਾ ਦੇ ਸ਼ਮਸੁਦੀਨ ਚੌਧਰੀ ਲਗਾਤਾਰ ਉਨ੍ਹਾਂ ਨੂੰ ਕਾਨੂੰਨੀ ਤੌਰ ‘ਤੇ ਘੇਰਨ ਦੀ ਕੋਸ਼ਿਸ਼ ‘ਚ ਹਨ। ਹੁਣ ਸ਼ਮਸੁਦੀਨ ਚੌਧਰੀ ਨੇ ਸਾਬਕਾ DGP ਮੁਹੰਮਦ ਮੁਸਤਫ਼ਾ ਨੂੰ ਮਾਣਹਾਨੀ, ਧਮਕੀ ਅਤੇ ਨਫ਼ਰਤ ਫੈਲਾਉਣ ਦੇ ਦੋਸ਼ਾਂ ‘ਚ ਲੀਗਲ ਨੋਟਿਸ ਭੇਜ ਦਿੱਤਾ ਹੈ।
ਇਹ ਨੋਟਿਸ ਉਨ੍ਹਾਂ ਨੇ ਆਪਣੇ ਵਕੀਲ ਜਤਿੰਦਰ ਸਿੰਘ ਬਾਗੜੀ ਰਾਹੀਂ ਭੇਜਿਆ ਹੈ। ਨੋਟਿਸ ‘ਚ ਮੁਸਤਫ਼ਾ ‘ਤੇ ਕਈ ਗੰਭੀਰ ਦੋਸ਼ ਲਗਾਏ ਗਏ ਹਨ—ਜਿਵੇਂ ਕਿ ਮਾਣਹਾਨੀ, ਧਮਕੀ ਦੇਣਾ, ਝੂਠੇ ਦੋਸ਼ ਲਗਾਉਣਾ ਅਤੇ ਦੋ ਧਰਮਾਂ ਵਿਚ ਨਫ਼ਰਤ ਫੈਲਾਉਣਾ। ਇਸਦੇ ਨਾਲ ਹੀ ਮੁਹੰਮਦ ਮੁਸਤਫ਼ਾ ਨੇ ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਇਹ ਨੋਟਿਸ ਪੰਜਾਬੀ ‘ਚ ਟ੍ਰਾਂਸਲੇਟ ਕਰਕੇ ਪੋਸਟ ਕੀਤਾ ਹੈ ਅਤੇ ਲਿਖਿਆ ਹੈ ਕਿ ਉਹ ਜਲਦੀ ਇਸਦਾ ਜਵਾਬ ਦੇਣਗੇ।
ਸ਼ਮਸੁਦੀਨ ਚੌਧਰੀ ਦਾ ਦੋਸ਼ ਹੈ ਕਿ ਸਾਬਕਾ DGP ਨੇ ਮੀਡੀਆ ਅਤੇ ਸੋਸ਼ਲ ਮੀਡੀਆ ‘ਚ ਉਨ੍ਹਾਂ ਬਾਰੇ ਗਲਤ ਅਤੇ ਅਪਸ਼ਬਦ ਬੋਲੇ ਹਨ। ਸ਼ਮਸੁਦੀਨ ਦੇ ਮੁਤਾਬਕ, ਸਾਬਕਾ DGP ਦੇ ਪੁੱਤਰ ਦੀ ਮੌਤ ਸ਼ੱਕੀ ਹਾਲਾਤਾਂ ‘ਚ ਹੋਈ ਸੀ ਅਤੇ ਮਰਨ ਤੋਂ ਪਹਿਲਾਂ ਉਸ ਨੇ ਇੱਕ ਵੀਡੀਓ ਜਾਰੀ ਕਰਕੇ ਆਪਣੇ ਪਰਿਵਾਰ ਖ਼ਿਲਾਫ਼ ਗੰਭੀਰ ਦੋਸ਼ ਲਗਾਏ ਸਨ। ਉਸੇ ਵੀਡੀਓ ਦੇ ਆਧਾਰ ‘ਤੇ ਸ਼ਮਸੁਦੀਨ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ, ਜਿਸਦੀ ਜਾਂਚ ਹੁਣ ਵੀ ਜਾਰੀ ਹੈ। ਉਹ ਕਹਿੰਦੇ ਹਨ ਕਿ ਇਸ ਕਰਕੇ ਹੀ ਸਾਬਕਾ DGP ਨੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਬਾਰੇ ਝੂਠੀਆਂ ਗੱਲਾਂ ਫੈਲਾਈਆਂ, ਜਿਸ ਕਾਰਨ ਉਨ੍ਹਾਂ ਨੂੰ ਲੀਗਲ ਨੋਟਿਸ ਭੇਜਣਾ ਪਿਆ।
ਇਹ ਨੋਟਿਸ ਧਾਰਾ 351, 358 ਅਤੇ 359 ਦਾ ਹਵਾਲਾ ਦੇ ਕੇ ਚੇਤਾਵਨੀ ਦਿੰਦਾ ਹੈ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਮੁਸਤਫ਼ਾ ਦੀ ਬਿਆਨਬਾਜ਼ੀ ਭਾਰਤੀ ਨਿਆ ਸੰਹਿਤਾ (BNS) 2023 ਅਨੁਸਾਰ ਧਾਰਾ 351 (ਮਾਣਹਾਨੀ) ਅਤੇ ਧਾਰਾ 358, 359 (ਨਫਰਤ ਫੈਲਾਉਣਾ) ਦੇ ਤਹਿਤ ਅਪਰਾਧ ਹੈ। ਜੇ ਮੁਸਤਫ਼ਾ ਨੇ 15 ਦਿਨਾਂ ਅੰਦਰ ਸਰਜਣਿਕ ਮਾਫ਼ੀ ਨਾ ਮੰਗੀ ਤਾਂ ਸ਼ਮਸ਼ੁਦੀਨ ਕਾਨੂੰਨੀ ਕੇਸ ਦਰਜ ਕਰਨ ਲਈ ਮਜਬੂਰ ਹੋਣਗੇ।
ਨੋਟਿਸ ਵਿੱਚ ਇਹ ਵੀ ਮੰਗ ਕੀਤੀ ਗਈ ਹੈ ਕਿ ਮੁਸਤਫ਼ਾ ਸੋਸ਼ਲ ਮੀਡੀਆ ਅਤੇ ਨਿਊਜ਼ ਚੈਨਲਾਂ 'ਤੇ ਪੋਸਟ ਕੀਤੇ ਉਹ ਸਾਰੇ ਵੀਡੀਓ ਅਤੇ ਬਿਆਨ ਤੁਰੰਤ ਹਟਾਏ, ਜਿਨ੍ਹਾਂ ਵਿੱਚ ਸ਼ਮਸ਼ੁਦੀਨ ਦੇ ਖ਼ਿਲਾਫ਼ ਦੋਸ਼ ਲਗਾਏ ਗਏ ਹਨ। ਨਾਲ ਹੀ ਉਨ੍ਹਾਂ ਨੂੰ ਆਪਣੇ ਸਾਰੇ ਬਿਆਨ ਵਾਪਸ ਲੈਣ ਲਈ ਵੀ ਕਿਹਾ ਗਿਆ ਹੈ।






















