Punjab News: ਪੰਜਾਬ 'ਚ ਮਹਿੰਗੀ ਹੋਏਗੀ ਸ਼ਰਾਬ! ਸਰਕਾਰ ਕਮਾਏਗੀ 11000 ਕਰੋੜ ਰੁਪਏ
Punjab Excise policy 2025-26: ਪੰਜਾਬ ਸਰਕਾਰ ਸ਼ਰਾਬ ਵੇਚ ਕੇ 11000 ਕਰੋੜ ਰੁਪਏ ਕਮਾਏਗੀ। ਇਹ ਟੀਚਾ ਸਾਲ 2025-26 ਲਈ ਆਬਕਾਰੀ ਨੀਤੀ ਵਿੱਚ ਤੈਅ ਕੀਤਾ ਗਿਆ ਹੈ। ਅਹਿਮ ਗੱਲ਼ ਹੈ ਕਿ ਸਰਕਾਰ ਨੇ ਸ਼ਰਾਬ ਦੇ ਰੇਟ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਕੀਤੀ।

Punjab Excise policy 2025-26: ਪੰਜਾਬ ਸਰਕਾਰ ਸ਼ਰਾਬ ਵੇਚ ਕੇ 11000 ਕਰੋੜ ਰੁਪਏ ਕਮਾਏਗੀ। ਇਹ ਟੀਚਾ ਸਾਲ 2025-26 ਲਈ ਆਬਕਾਰੀ ਨੀਤੀ ਵਿੱਚ ਤੈਅ ਕੀਤਾ ਗਿਆ ਹੈ। ਅਹਿਮ ਗੱਲ਼ ਹੈ ਕਿ ਸਰਕਾਰ ਨੇ ਸ਼ਰਾਬ ਦੇ ਰੇਟ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਕੀਤੀ। ਸੂਤਰਾਂ ਮੁਤਾਬਕ ਕੁਝ ਕੁਝ ਟੈਕਸ ਵਧਾਉਣ ਨਾਲ ਸ਼ਰਾਬ ਸਿਰਫ 10 ਤੋਂ 20 ਰੁਪਏ ਬੋਤਲ ਮਹਿੰਗੀ ਹੋ ਸਕਦੀ ਹੈ। ਉਂਝ ਨਵੀਂ ਸ਼ਰਾਬ ਨੀਤੀ ਵਿੱਚ ਕੁਝ ਫੇਰਬਦਲ ਵੀ ਕੀਤੇ ਗਏ ਹਨ।
ਦੱਸ ਦਈਏ ਕਿ ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਸਾਲ 2025-26 ਲਈ ਆਬਕਾਰੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨੀਤੀ ਦਾ ਉਦੇਸ਼ ਸਾਲ 2025-26 ਦੌਰਾਨ 11020 ਕਰੋੜ ਰੁਪਏ ਦਾ ਆਬਕਾਰੀ ਮਾਲੀਆ ਇਕੱਠਾ ਕਰਨਾ ਹੈ ਜੋ ਬੀਤੇ ਵਿੱਤੀ ਸਾਲ ਦੇ ਮੁਕਾਬਲੇ 874.05 ਕਰੋੜ ਰੁਪਏ (8.61 ਫੀਸਦੀ) ਵੱਧ ਹੈ। ਇਸ ਬਾਰੇ ਫੈਸਲਾ ਅੱਜ ਇੱਥੇ ਮੁੱਖ ਮੰਤਰੀ ਦੀ ਅਗਵਾਈ ਵਿੱਚ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਉਤੇ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ।
ਸਰਕਾਰੀ ਬੁਲਾਰੇ ਮੁਤਾਬਕ ਸਾਲ 2024-25 ਦੀ ਆਬਕਾਰੀ ਨੀਤੀ ਦੌਰਾਨ 10,145 ਕਰੋੜ ਰੁਪਏ ਦਾ ਟੀਚਾ ਮਿੱਥਿਆ ਗਿਆ ਸੀ ਤੇ ਸੂਬਾ ਸਰਕਾਰ ਹੁਣ ਤੱਕ 10,200 ਕਰੋੜ ਰੁਪਏ ਦਾ ਮਾਲੀਆ ਇਕੱਤਰ ਕਰ ਚੁੱਕੀ ਹੈ। ਮੌਜੂਦਾ ਸਰਕਾਰ ਦੌਰਾਨ ਸੂਬੇ ਦੇ ਆਬਕਾਰੀ ਮਾਲੀਏ ਵਿੱਚ ਦ੍ਰਿੜ੍ਹਤਾ ਨਾਲ ਵਾਧਾ ਹੋ ਰਿਹਾ ਹੈ ਕਿਉਂ ਜੋ ਪਹਿਲੀ ਵਾਰ ਆਬਕਾਰੀ ਮਾਲੀਆ 10,000 ਕਰੋੜ ਰੁਪਏ ਨੂੰ ਪਾਰ ਕਰ ਚੁੱਕਾ ਹੈ। ਸਰਕਾਰ ਦਾ ਦਾਅਵਾ ਹੈ ਕਿ ਅਕਾਲੀ-ਭਾਜਪਾ ਸਰਕਾਰ ਦੇ ਆਖਰੀ ਸਾਲ ਆਬਕਾਰੀ ਮਾਲੀਆ ਸਿਰਫ 4405 ਕਰੋੜ ਰੁਪਏ ਜਦਕਿ ਪਿਛਲੀ ਕਾਂਗਰਸ ਸਰਕਾਰ ਦੇ ਅਖੀਰਲੇ ਸਾਲ ਦੌਰਾਨ ਆਬਕਾਰੀ ਤੋਂ ਮਹਿਜ਼ 6254 ਕਰੋੜ ਰੁਪਏ ਦਾ ਮਾਲੀਆ ਇਕੱਠਾ ਹੋਇਆ ਸੀ।
ਨਵੀਂ ਨੀਤੀ ਵਿੱਚ ਇਹ ਵੀ ਵਿਵਸਥਾ ਕੀਤੀ ਗਈ ਹੈ ਕਿ ਮੌਜੂਦਾ ਰਿਟੇਲ ਕਾਰੋਬਾਰ ਨੂੰ ਸੰਤੁਲਿਤ ਕਰਨ ਲਈ ਤੇ ਬਿਹਤਰ ਤੇ ਵਿਆਪਕ ਭਾਈਵਾਲੀ ਨੂੰ ਯਕੀਨੀ ਬਣਾਉਣ ਦਾ ਮੌਕਾ ਪ੍ਰਦਾਨ ਕਰਨ ਲਈ ਸਾਲ 2025-26 ਲਈ ਐਲ-2/ਐਲ-14ਏ ਰਿਟੇਲ ਠੇਕਿਆਂ ਦੀ ਨਵੀਂ ਅਲਾਟਮੈਂਟ ਈ-ਟੈਂਡਰ ਰਾਹੀਂ ਕੀਤੀ ਜਾਵੇਗੀ। ਸਾਲ 2024-25 ਲਈ ਗਰੁੱਪ ਦਾ ਆਕਾਰ 40 ਕਰੋੜ ਰੱਖਿਆ ਗਿਆ ਹੈ। ਵਾਧੂ ਮਾਲੀਆ ਜੁਟਾਉਣ ਤੇ ਦੇਸੀ ਸ਼ਰਾਬ (ਪੰਜਾਬ ਮੀਡੀਅਮ ਲਿਕਰ) ਦੇ ਕੋਟੇ ਵਿੱਚ ਪਿਛਲੇ ਸਾਲ ਨਾਲੋਂ ਤਿੰਨ ਫੀਸਦੀ ਦਾ ਵਾਧਾ ਕੀਤਾ ਗਿਆ ਹੈ ਜਿਸ ਤੋਂ ਭਾਵ ਇਸ ਦੇਸੀ ਸ਼ਰਾਬ ਦਾ ਕੋਟਾ 8.534 ਕਰੋੜ ਪਰੂਫ ਲਿਟਰ ਰੱਖਿਆ ਗਿਆ ਹੈ। ਆਬਕਾਰੀ ਨੀਤੀ, 2025-26 ਵਿੱਚ ਦੇਸੀ ਸ਼ਰਾਬ ਦੀਆਂ ਦਰਾਂ ਵਿੱਚ ਵਾਧਾ ਨਹੀਂ ਕੀਤਾ ਗਿਆ। ਭਾਰਤੀ ਫੌਜ ਤੇ ਸੈਨਿਕ ਬਲਾਂ ਨੂੰ ਰਾਹਤ ਦੇਣ ਲਈ ਉਨ੍ਹਾਂ ਦੇ ਥੋਕ ਲਾਇਸੈਂਸ ਦੀ ਲਾਇਸੈਂਸ ਫੀਸ 50 ਫੀਸਦੀ ਘਟਾ ਦਿੱਤੀ ਗਈ ਹੈ ਜੋ ਹੁਣ ਪੰਜ ਲੱਖ ਰੁਪਏ ਤੋਂ ਘਟ ਕੇ ਢਾਈ ਲੱਖ ਰੁਪਏ ਰਹਿ ਗਈ ਹੈ।
ਪੰਜਾਬ ਵਿੱਚ ਸੈਰ ਸਪਾਟੇ ਨੂੰ ਹੋਰ ਉਤਸ਼ਾਹਤ ਕਰਨ ਲਈ ਫਾਰਮ ਸਟੇਅ ਦੇ ਲਾਇਸੈਂਸ ਧਾਰਕਾਂ ਨੂੰ ਸ਼ਰਾਬ ਰੱਖਣ ਦੀ ਹੱਦ 12 ਕੁਆਰਟਸ (ਇੰਡੀਅਨ ਮੇਡ ਫੌਰਨ ਲਿਕਰ) ਤੋਂ ਵਧਾ ਕੇ 36 ਕੁਆਰਟਸ (ਆਈਐਮਐਫਐਲ) ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਬੀਅਰ, ਵਾਈਨ, ਜਿਨ, ਵੋਦਕਾ, ਬ੍ਰਾਂਡੀ, ਰੈਡੀ-ਟੂ-ਡਰਿੰਕ ਤੇ ਹੋਰ ਸ਼ਰਾਬ ਉਤਪਾਦ ਰੱਖਣ ਦੀ ਹੱਦ ਵਿੱਚ ਵੀ ਇਸੇ ਤਰ੍ਹਾਂ ਵਾਧਾ ਕੀਤਾ ਗਿਆ ਹੈ।
ਸਾਲ 2025-26 ਵਿੱਚ ਖਪਤਕਾਰਾਂ ਨੂੰ ਬਿਹਤਰ ਤਜਰਬਾ ਦੇਣ ਲਈ ਨਗਰ ਨਿਗਮ ਖੇਤਰਾਂ ਵਿੱਚ ਰਿਟੇਲ ਲਾਇਸੈਂਸਧਾਰਕਾਂ ਲਈ ਹਰੇਕ ਗਰੁੱਪ ਵਿੱਚ ਇਕ ਮਾਡਲ ਦੁਕਾਨ ਖੋਲ੍ਹਣਾ ਲਾਜ਼ਮੀ ਬਣਾਇਆ ਗਿਆ ਹੈ। ਅਲਕੋਹਲ ਦੀ ਘੱਟ ਮਾਤਰਾ ਵਾਲੇ ਸ਼ਰਾਬ ਉਤਪਾਦ ਜਿਵੇਂ ਬੀਅਰ, ਵਾਈਨ, ਰੈਡੀ-ਟੂ-ਡਰਿੰਕ ਦੀ ਖਪਤ ਨੂੰ ਉਤਸ਼ਾਹਤ ਕਰਨ ਲਈ ਸਟੈਂਡਅਲੋਨ (ਇਕਹਿਰੀ) ਬੀਅਰ ਸ਼ਾਪ ਦੀ ਫੀਸ ਪ੍ਰਤੀ ਸ਼ਾਪ ਦੋ ਲੱਖ ਰੁਪਏ ਤੋਂ ਘਟਾ ਕੇ 25000 ਰੁਪਏ ਪ੍ਰਤੀ ਸ਼ਾਪ ਕਰ ਦਿੱਤੀ ਗਈ ਹੈ। ਨਵੇਂ ਨਿਵੇਸ਼ ਨੂੰ ਹੁਲਾਰਾ ਦੇਣ ਲਈ ਪੰਜਾਬ ਵਿੱਚ ਨਵਾਂ ਬੌਟਲਿੰਗ ਪਲਾਂਟ ਸਥਾਪਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਇਸੇ ਤਰ੍ਹਾਂ ਸ਼ਰਾਬ ਉਤੇ ਲਗਦੀ ਗਊ ਭਲਾਈ ਫੀਸ ਵਿੱਚ 50 ਫੀਸਦੀ ਵਾਧਾ ਕਰਨ ਦੀ ਪ੍ਰਵਾਨਗੀ ਵੀ ਦੇ ਦਿੱਤੀ ਹੈ ਜਿਸ ਨਾਲ ਹੁਣ ਇਹ ਫੀਸ ਇਕ ਰੁਪਏ ਪ੍ਰਤੀ ਪਰੂਫ ਲਿਟਰ ਤੋਂ ਵਧ ਕੇ ਡੇਢ ਰੁਪਏ ਪ੍ਰਤੀ ਪਰੂਫ ਲਿਟਰ ਹੋ ਗਿਆ ਹੈ। ਇਸ ਨਾਲ ਗਊ ਭਲਾਈ ਫੀਸ ਦੀ ਉਗਰਾਹੀ ਜੋ ਹੁਣ 16 ਕਰੋੜ ਰੁਪਏ ਹੈ, ਸਾਲ 2025-26 ਵਿੱਚ ਵਧ ਕੇ 24 ਕਰੋੜ ਰੁਪਏ ਹੋ ਜਾਵੇਗੀ। ਇਨਫੋਰਸਮੈਂਟ ਦੇ ਮੌਜੂਦਾ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਆਉਣ ਵਾਲੇ ਵਿੱਤੀ ਸਾਲ ਵਿੱਚ ਆਬਕਾਰੀ ਪੁਲਿਸ ਸਟੇਸ਼ਨ ਸਥਾਪਤ ਕਰਨ ਦੀ ਵੀ ਪ੍ਰਸਤਾਵ ਹੈ।
ਕਾਰੋਬਾਰ ਨੂੰ ਸੁਖਾਲਾ ਬਣਾਉਣ ਨੂੰ ਉਤਸ਼ਾਹਤ ਕਰਨ ਲਈ ਸ਼ਰਾਬ ਦੇ ਬ੍ਰਾਂਡ ਜਿੱਥੇ ਐਕਸ-ਡਿਸਟਿਲ੍ਰੀ ਪ੍ਰਾਈਸ (ਟੈਕਸ ਤੇ ਹੋਰ ਲਾਗਤਾਂ ਤੋਂ ਪਹਿਲਾਂ ਡਿਸਟਿਲ੍ਰੀ ਵੱਲੋਂ ਥੋਕ ਵਿਕਰੇਤਾ ਨੂੰ ਵੇਚੀ ਜਾਣ ਵਾਲੀ ਸ਼ਰਾਬ ਦੀ ਕੀਮਤ) ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ, ਉਥੇ ਆਬਕਾਰੀ ਵਿਭਾਗ ਦੇ ਈ-ਆਬਕਾਰੀ ਪੋਰਟਲ ਰਾਹੀਂ ਬ੍ਰਾਂਡਾਂ ਦੀ ਆਟੋਮੈਟਿਕ ਮਨਜ਼ੂਰੀ ਦੀ ਸ਼ੁਰੂਆਤ ਕੀਤੀ ਗਈ ਹੈ।






















