Ludhiana News: DC ਸਾਕਸ਼ੀ ਸਾਹਨੀ ਵੱਲੋਂ ਸਿਵਲ ਹਸਪਤਾਲ 'ਚ ਚੂਹਿਆਂ ਦੀ ਸਮੱਸਿਆ, ਸਫਾਈ ਤੇ ਖਾਣ-ਪੀਣ ਵਾਲੀਆਂ ਵਸਤਾਂ ਦੇ ਨਿਪਟਾਰੇ ਲਈ ਐਸ.ਓ.ਪੀ. ਬਣਾਉਣ ਦੇ ਆਦੇਸ਼
Ludhiana News: DC ਸਾਕਸ਼ੀ ਸਾਹਨੀ ਵੱਲੋਂ ਸਿਵਲ ਹਸਪਤਾਲ 'ਚ ਚੂਹਿਆਂ ਦੀ ਸਮੱਸਿਆ, ਸਫਾਈ ਤੇ ਖਾਣ-ਪੀਣ ਵਾਲੀਆਂ ਵਸਤਾਂ ਦੇ ਨਿਪਟਾਰੇ ਲਈ ਐਸ.ਓ.ਪੀ. ਬਣਾਉਣ ਦੇ ਆਦੇਸ਼
Ludhiana News: ਅੱਜ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ (Sakshi Sawhney) ਵੱਲੋਂ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ। ਜਿੱਥੇ ਉਨ੍ਹਾਂ ਨੇ ਕਿਹਾ ਸਿਹਤ ਵਿਭਾਗ ਨੂੰ ਸਿਵਲ ਹਸਪਤਾਲ ਦੇ ਅੰਦਰ ਅਤੇ ਆਲੇ ਦੁਆਲੇ ਦੀ ਸਫਾਈ ਨੂੰ ਯਕੀਨੀ ਬਣਾਉਣ ਲਈ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐਸ.ਓ.ਪੀ.) ਬਣਾਉਣ ਦੇ ਆਦੇਸ਼ ਦਿੱਤੇ ਹਨ। ਨਿਗਮ ਕਮਿਸ਼ਨਰ ਸੰਦੀਪ ਰਿਸ਼ੀ, ਸਿਵਲ ਪ੍ਰਸ਼ਾਸਨ, ਨਗਰ ਨਿਗਮ ਲੁਧਿਆਣਾ ਅਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀਆਂ ਦੇ ਨਾਲ, ਡਿਪਟੀ ਕਮਿਸ਼ਨਰ ਸਾਹਨੀ ਨੇ ਜੱਚਾ-ਬੱਚਾ ਕੇਂਦਰ, ਹਸਪਤਾਲ ਦੇ ਹੋਰ ਹਿੱਸਿਆਂ ਅਤੇ ਹਸਪਤਾਲ ਦੇ ਪਿਛਲੇ ਪਾਸੇ ਸਥਾਪਤ ਸਟੈਟਿਕ ਕੰਪੈਕਟਰ ਸਾਈਟ ਦਾ ਦੌਰਾ ਕੀਤਾ।
ਵਾਰਡਾਂ ਦੇ ਅੰਦਰ ਬਾਹਰੀ ਭੋਜਨ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜ਼ੂਆਲੋਜੀ ਵਿਭਾਗ ਦੇ ਮਾਹਿਰਾਂ ਦੀਆਂ ਸਿਫ਼ਾਰਸ਼ਾਂ 'ਤੇ ਡਿਪਟੀ ਕਮਿਸ਼ਨਰ ਸਾਹਨੀ ਨੇ ਕਿਹਾ ਕਿ ਵਾਰਡਾਂ ਦੇ ਅੰਦਰ ਬਾਹਰੀ ਭੋਜਨ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਚੂਹਿਆਂ ਨੂੰ ਆਕਰਸ਼ਿਤ ਕਰਦਾ ਹੈ। ਨਰਸਿੰਗ ਅਤੇ ਸੁਰੱਖਿਆ ਸਟਾਫ ਨੂੰ ਇਸ ਨੂੰ ਲਾਗੂ ਕਰਨ ਵਿੱਚ ਸਖ਼ਤ ਹੋਣਾ ਚਾਹੀਦਾ ਹੈ। ਹਸਪਤਾਲ ਦੇ ਅਧਿਕਾਰੀਆਂ ਨੂੰ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਨਵਜੰਮੇ ਬੱਚਿਆਂ ਦੀਆਂ ਮਾਵਾਂ ਨੂੰ ਦਿੱਤੇ ਜਾਣ ਵਾਲੇ ਭੋਜਨ ਦੇ ਸੁਰੱਖਿਅਤ ਨਿਪਟਾਰੇ ਨੂੰ ਯਕੀਨੀ ਬਣਾਇਆ ਜਾਵੇ।
ਐਨ.ਜੀ.ਓਜ ਲਈ ਵੱਖਰੀ ਜਗ੍ਹਾ ਕੀਤੀ ਜਾਵੇਗੀ ਨਿਰਧਾਰਤ
ਉਨ੍ਹਾਂ ਸਿਹਤ ਵਿਭਾਗ ਨੂੰ ਕਿਹਾ ਕਿ ਉਹ ਐਨ.ਜੀ.ਓਜ਼ ਲਈ ਹਸਪਤਾਲ ਦੇ ਬਾਹਰ ਇੱਕ ਸਮਰਪਿਤ ਜਗ੍ਹਾ ਨਿਰਧਾਰਤ ਕਰਨ ਜੋ ਮਰੀਜ਼ਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਭੋਜਨ ਵੰਡਦੀਆਂ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਸਾਫ਼-ਸਫ਼ਾਈ ਰੱਖਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਕੂੜੇ ਦੇ ਨਿਪਟਾਰੇ ਲਈ ਢੁੱਕਵਾਂ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ।
ਚੂਹਿਆਂ ਦੀ ਸਮੱਸਿਆ ਦਾ ਲਗਭਗ 70 ਫੀਸਦ ਹੱਲ ਹੋ ਗਿਆ
ਡਿਪਟੀ ਕਮਿਸ਼ਨਰ ਸਾਹਨੀ ਨੇ ਅੱਗੇ ਕਿਹਾ ਕਿ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜ਼ੂਆਲੋਜੀ ਵਿਭਾਗ ਦੇ ਮਾਹਿਰਾਂ ਦੀ ਮਦਦ ਨਾਲ, ਚੂਹਿਆਂ ਲਈ ਜ਼ਿਆਦਾਤਰ ਐਂਟਰੀ ਪੁਆਇੰਟਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਚੂਹੇ ਭਜਾਉਣ ਵਾਲੀ ਸਪਰੇਅ ਅਤੇ ਚੂਹੇ ਫੜਨ ਵਾਲੇ ਪਿੰਜਰਿਆਂ ਦੀ ਵਰਤੋਂ ਕੀਤੀ ਗਈ ਸੀ। ਇਸ ਨਾਲ ਚੂਹਿਆਂ ਦੀ ਸਮੱਸਿਆ ਦਾ ਲਗਭਗ 70 ਫੀਸਦ ਹੱਲ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਟੀਮਾਂ ਚੂਹਿਆਂ ਦੀ ਸੰਪੂਰਨ ਰੋਕਥਾਮ ਲਈ 24 ਘੰਟੇ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਇਸ ਸਬੰਧ ਵਿੱਚ ਹਸਪਤਾਲ ਦੇ ਹਾਊਸ ਕੀਪਿੰਗ ਸਟਾਫ ਲਈ ਇੱਕ ਸਿਖਲਾਈ ਵਰਕਸ਼ਾਪ ਵੀ ਆਯੋਜਿਤ ਕਰਨਗੇ।
ਸਿਵਲ ਹਸਪਤਾਲ 'ਚ ਅੱਗ ਬੁਝਾਊ ਪ੍ਰਣਾਲੀ ਨੂੰ ਕੀਤਾ ਜਾਵੇਗਾ ਮਜ਼ਬੂਤ
ਡਿਪਟੀ ਕਮਿਸ਼ਨਰ ਸਾਹਨੀ ਨੇ ਹਸਪਤਾਲ ਦੇ ਫਾਇਰ ਫਾਈਟਿੰਗ ਸਿਸਟਮ ਦੀ ਜਾਂਚ ਕੀਤੀ ਅਤੇ ਅਧਿਕਾਰੀਆਂ ਨੂੰ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਸਿਸਟਮ ਨੂੰ ਸੁਧਾਰਨ ਬਾਰੇ ਵਿਸਥਾਰਤ ਰਿਪੋਰਟ ਤਿਆਰ ਕਰਨ ਦੇ ਆਦੇਸ਼ ਦਿੱਤੇ।
ਬਾਅਦ ਵਿੱਚ, ਡਿਪਟੀ ਕਮਿਸ਼ਨਰ ਵੱਲੋਂ ਸਿਵਲ ਹਸਪਤਾਲ ਦੇ ਪਿਛਲੇ ਪਾਸੇ ਸਥਾਪਤ ਸਟੈਟਿਕ ਕੰਪੈਕਟਰ ਸਾਈਟ ਵੀ ਦੌਰਾ ਕੀਤਾ। ਕੂੜੇ ਦੇ ਢੇਰ ਨੂੰ ਹਟਾਉਣ ਲਈ ਕੰਪੈਕਟਰ ਸਥਾਪਿਤ ਕਰ ਦਿੱਤੇ ਗਏ ਹਨ ਅਤੇ ਕੁਝ ਹੀ ਦਿਨਾਂ ਵਿੱਚ ਖੁੱਲ੍ਹੇ ਡੰਪ ਨੂੰ ਸਾਫ਼ ਕਰ ਦਿੱਤਾ ਜਾਵੇਗਾ। ਡਿਪਟੀ ਕਮਿਸ਼ਨਰ ਸਾਹਨੀ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੂੜਾ ਬਾਹਰ ਸੁੱਟਣ ਵਾਲਿਆਂ 'ਤੇ ਨਜ਼ਰ ਰੱਖਣ ਅਤੇ ਕੂੜਾ ਸੁੱਟਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਲਈ ਨਗਰ ਨਿਗਮ ਸਟਾਫ਼, ਪੀ.ਸੀ.ਆਰ. ਨੂੰ ਪੱਕੇ ਤੌਰ 'ਤੇ ਤਾਇਨਾਤ ਕੀਤਾ ਜਾਵੇ।