Ludhiana: ਲੁਧਿਆਣਵੀਆਂ ਨੇ ਭਰਿਆ ਭਗਵੰਤ ਮਾਨ ਸਰਕਾਰ ਦਾ ਖਜ਼ਾਨਾ! ਜੀਐਸਟੀ ਕੁਲੈਕਸ਼ਨ ਤੇ ਵਿਕਾਸ ਦਰ ਦੋਵਾਂ 'ਚ ਝੰਡੀ
ਡਿਵੀਜ਼ਨ ਨੇ ਇਸ ਵਿੱਤੀ ਵਰ੍ਹੇ ਦੌਰਾਨ ਨਵੰਬਰ ਦੇ ਅੰਤ ਤੱਕ 3354 ਕਰੋੜ ਰੁਪਏ ਦਾ ਜੀਐਸਟੀ ਮਾਲੀਆ ਇਕੱਤਰ ਕਰਨ ਦੇ ਨਾਲ-ਨਾਲ ਵਿੱਤੀ ਸਾਲ 2021-22 ਦੀ ਇਸੇ ਮਿਆਦ ਦੇ ਮੁਕਾਬਲੇ ਜੀ.ਐਸ.ਟੀ ਵਿੱਚ 23.17 ਫੀਸਦੀ ਦੀ ਵਾਧਾ ਦਰਜ ਕੀਤਾ।
ਚੰਡੀਗੜ੍ਹ: ਵਸਤੂਆਂ ਤੇ ਸੇਵਾਵਾਂ ਕਰ (ਜੀਐਸਟੀ) ਦੀ ਉਗਰਾਹੀ ਵਿੱਚ ਆਪਣਾ ਸਿਖਰਲਾ ਸਥਾਨ ਬਰਕਰਾਰ ਰੱਖਦੇ ਹੋਏ ਲੁਧਿਆਣਾ ਡਿਵੀਜ਼ਨ ਨੇ ਚਾਲੂ ਵਿੱਤੀ ਸਾਲ ਦੇ ਪਹਿਲੇ ਅੱਠ ਮਹੀਨਿਆਂ ਦੌਰਾਨ ਜੀਐਸਟੀ ਦੀ ਉਗਰਾਹੀ ਤੇ ਵਿਕਾਸ ਦਰ ਦੋਵਾਂ ਵਿੱਚ ਹੀ ਸੂਬਾ ਪੱਧਰ ‘ਤੇ ਪਹਿਲੇ ਸਥਾਨ ‘ਤੇ ਰਿਹਾ। ਡਿਵੀਜ਼ਨ ਨੇ ਇਸ ਵਿੱਤੀ ਵਰ੍ਹੇ ਦੌਰਾਨ ਨਵੰਬਰ ਦੇ ਅੰਤ ਤੱਕ 3354 ਕਰੋੜ ਰੁਪਏ ਦਾ ਜੀਐਸਟੀ ਮਾਲੀਆ ਇਕੱਤਰ ਕਰਨ ਦੇ ਨਾਲ-ਨਾਲ ਵਿੱਤੀ ਸਾਲ 2021-22 ਦੀ ਇਸੇ ਮਿਆਦ ਦੇ ਮੁਕਾਬਲੇ ਜੀ.ਐਸ.ਟੀ ਵਿੱਚ 23.17 ਫੀਸਦੀ ਦੀ ਵਾਧਾ ਦਰਜ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਰ ਵਿਭਾਗ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਲੁਧਿਆਣਾ-2 ਨੇ ਸਭ ਤੋਂ ਵੱਧ 1018 ਕਰੋੜ ਰੁਪਏ ਦਾ ਜੀਐਸਟੀ ਮਾਲੀਆ ਇਕੱਠਾ ਕੀਤਾ ਜਦਕਿ ਲੁਧਿਆਣਾ-5 ਨੇ 48.18 ਫੀਸਦੀ ਦੇ ਜੀ.ਐਸ.ਟੀ ਵਾਧੇ ਨਾਲ ਲੁਧਿਆਣਾ ਡਵੀਜ਼ਨ ਅਧੀਨ ਆਉਂਦੇ ਦੇ 6 ਜ਼ਿਲ੍ਹਿਆਂ ਲੁਧਿਆਣਾ-1, ਲੁਧਿਆਣਾ-2, ਲੁਧਿਆਣਾ-3, ਲੁਧਿਆਣਾ-4, ਲੁਧਿਆਣਾ-5 ਤੇ ਫਤਿਹਗੜ੍ਹ ਸਾਹਿਬ ਵਿੱਚੋਂ ਸੱਭ ਤੋਂ ਵੱਧ ਵਾਧਾ ਦਰ ਦਰਜ ਕੀਤੀ।
ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਨਵੰਬਰ ਮਹੀਨੇ ਤੱਕ ਕਰ ਵਿਭਾਗ ਦੀਆਂ ਵੱਖ-ਵੱਖ ਡਿਵੀਜ਼ਨਾਂ ਵੱਲੋਂ ਦਰਜ ਕੀਤੇ ਕੁੱਲ ਜੀਐਸਟੀ ਮਾਲੀਏ ਦੀ ਵਾਧਾ ਦਰ ਦਾ ਖੁਲਾਸਾ ਕਰਦਿਆਂ ਬੁਲਾਰੇ ਨੇ ਦੱਸਿਆ ਕਿ ਪਟਿਆਲਾ ਡਿਵੀਜ਼ਨ 25.99 ਫੀਸਦੀ ਦੀ ਵਿਕਾਸ ਦਰ ਨਾਲ ਦੂਜੇ ਸਥਾਨ ’ਤੇ ਰਹੀ, ਜਦੋਂ ਕਿ ਅੰਮ੍ਰਿਤਸਰ, ਜਲੰਧਰ, ਫਿਰੋਜ਼ਪੁਰ, ਫਰੀਦਕੋਟ ਅਤੇ ਰੋਪੜ ਡਿਵੀਜ਼ਨਾਂ ਨੇ ਲੜੀਵਾਰ 19.42, 19.39, 17.11, 9.45 ਤੇ 2.49 ਫੀਸਦੀ ਦੀ ਵਿਕਾਸ ਦਰ ਦਰਜ ਕੀਤੀ।
ਉਨ੍ਹਾਂ ਅੱਗੇ ਕਿਹਾ ਕਿ ਕੁੱਲ ਜੀ.ਐਸ.ਟੀ ਮਾਲੀਆ ਉਗਰਾਹੀ ਵਿੱਚ ਰੋਪੜ ਡਿਵੀਜ਼ਨ ਨੇ 2002 ਕਰੋੜ ਦੇ ਜੀ.ਐਸ.ਟੀ ਮਾਲੀਏ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ, ਜਦੋਂਕਿ ਜਲੰਧਰ, ਅੰਮ੍ਰਿਤਸਰ, ਫਰੀਦਕੋਟ, ਪਟਿਆਲਾ ਤੇ ਫਿਰੋਜ਼ਪੁਰ ਡਿਵੀਜ਼ਨਾਂ ਦੀ ਕੁੱਲ ਜੀਐਸਟੀ ਕੁਲੈਕਸ਼ਨ ਲੜੀਵਾਰ 1420.33 ਕਰੋੜ, 885.71 ਕਰੋੜ, 872.43 ਕਰੋੜ, 700.42 ਕਰੋੜ ਤੇ 364.3 ਕਰੋੜ ਰੁਪਏ ਰਹੀ।
ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਵਿੱਤ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਵੱਲੋਂ ਵਿਭਾਗ ਦੀ ਮਹੀਨਾਵਾਰ ਸਮੀਖਿਆ ਮੀਟਿੰਗ ਦੌਰਾਨ ਕਰ ਵਿਭਾਗ ਦੀਆਂ ਵੱਖ-ਵੱਖ ਡਿਵੀਜ਼ਨਾਂ ਤੇ ਇਨ੍ਹਾਂ ਡਿਵੀਜ਼ਨਾਂ ਅਧੀਨ ਆਉਂਦੇ ਜ਼ਿਲ੍ਹਿਆਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ ਗਿਆ।