Punjab Weather: ਮੌਸਮ ਵਿਭਾਗ ਨੇ ਪੰਜਾਬ ਲਈ ਜਾਰੀ ਕੀਤਾ ਯੈਲੋ ਅਲਰਟ, 3 ਦਿਨ ਦੁਪਹਿਰ ਵੇਲੇ ਘਰੋਂ ਨਾ ਨਿਕਲਣ ਦੀ ਸਲਾਹ
ਮੌਸਮ ਵਿਭਾਗ ਨੇ ਪੰਜਾਬ ਵਿੱਚ ਹੀਟ ਵੇਵ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਵੱਧ ਤੋਂ ਵੱਧ ਤਾਪਮਾਨ ਵਿੱਚ 2 ਤੋਂ 3 ਡਿਗਰੀ ਵਾਧੇ ਨਾਲ ਪਾਰਾ 47 ਡਿਗਰੀ ਦੇ ਪਾਰ ਜਾਣ ਦੀ ਸੰਭਾਵਨਾ ਜਤਾਈ ਹੈ।
Punjab Weather: ਮੌਸਮ ਵਿਭਾਗ ਨੇ ਪੰਜਾਬ ਵਿੱਚ ਹੀਟ ਵੇਵ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਵੱਧ ਤੋਂ ਵੱਧ ਤਾਪਮਾਨ ਵਿੱਚ 2 ਤੋਂ 3 ਡਿਗਰੀ ਵਾਧੇ ਨਾਲ ਪਾਰਾ 47 ਡਿਗਰੀ ਦੇ ਪਾਰ ਜਾਣ ਦੀ ਸੰਭਾਵਨਾ ਜਤਾਈ ਹੈ। ਵਿਭਾਗ ਵੱਲੋਂ ਇਨ੍ਹਾਂ ਤਿੰਨਾਂ ਦਿਨਾਂ ਦੌਰਾਨ ਦੁਪਹਿਰ ਵੇਲੇ ਘਰੋਂ ਬਾਹਰ ਨਾ ਨਿਕਲਣ ਦੀ ਵੀ ਸਲਾਹ ਦਿੱਤੀ ਹੈ। 10 ਜੂਨ ਤੋਂ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਅਨੁਸਾਰ ਸੂਬੇ ਦੇ ਮਾਂਝਾ ਖੇਤਰ ਅਧੀਨ ਪੈਂਦੇ ਜ਼ਿਲ੍ਹਿਆਂ ਪਠਾਨਕੋਟ, ਅੰਮ੍ਰਿਤਸਰ ਅਤੇ ਤਰਨਤਾਰਨ ਵਿੱਚ ਤਿੰਨ ਦਿਨ ਤੱਕ ਗਰਮੀ ਦਾ ਕਹਿਰ ਜਾਰੀ ਰਹੇਗਾ। ਉਧਰ, ਵਿਭਾਗ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਵਿੱਚ ਹੀਟ ਵੇਵ ਨੂੰ ਲੈ ਕੇ ਰਾਹਤ ਦੀ ਗੱਲ ਕਹੀ ਗਈ ਹੈ। ਇਸ ਦੇ ਨਾਲ ਹੀ ਦੋਆਬੇ ਦੇ ਹੁਸ਼ਿਆਰਪੁਰ 'ਚ ਵੀ ਗਰਮੀ ਤੋਂ ਰਾਹਤ ਮਿਲੇਗੀ। ਜਦਕਿ ਨਵਾਂਸ਼ਹਿਰ, ਕਪੂਰਥਲਾ ਤੇ ਜਲੰਧਰ 'ਚ 9 ਜੂਨ ਤੱਕ ਹੀਟ ਵੇਵ ਦੀ ਚਿਤਾਵਨੀ ਦਿੱਤੀ ਗਈ ਹੈ।
ਦੱਖਣੀ ਮਾਲਵੇ ਦੇ ਅਧੀਨ ਆਉਂਦੇ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ ਅਤੇ ਬਠਿੰਡਾ ਵਿੱਚ ਕੋਈ ਰਾਹਤ ਨਹੀਂ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਤਿੰਨ ਦਿਨਾਂ ਤੋਂ ਚੱਲਣ ਵਾਲੀਆਂ ਗਰਮ ਹਵਾਵਾਂ ਲੋਕਾਂ ਨੂੰ ਕਾਫੀ ਪ੍ਰੇਸ਼ਾਨ ਕਰਨਗੀਆਂ। ਇਸ ਦੇ ਨਾਲ ਹੀ ਪੂਰਬੀ ਮਾਲਵੇ ਦੇ ਰੋਪੜ ਵਿੱਚ ਵੀ ਗਰਮੀ ਤੋਂ ਰਾਹਤ ਮਿਲੇਗੀ। ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਪਟਿਆਲਾ ਅਤੇ ਐਸਏਐਸ ਨਗਰ ਦੇ ਹੋਰ ਜ਼ਿਲ੍ਹਿਆਂ ਵਿੱਚ ਮੌਸਮ ਵਿਭਾਗ ਨੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗਰਮ ਹਵਾਵਾਂ ਚੱਲਣ ਦੀ ਚੇਤਾਵਨੀ ਜਾਰੀ ਕੀਤੀ ਹੈ।
ਬਠਿੰਡਾ ਸਭ ਤੋਂ ਗਰਮ
ਪੰਜਾਬ ਦਾ ਬਠਿੰਡਾ ਜ਼ਿਲ੍ਹਾ ਸੋਮਵਾਰ ਨੂੰ ਸਭ ਤੋਂ ਗਰਮ ਰਿਹਾ। ਇੱਥੇ ਵੱਧ ਤੋਂ ਵੱਧ ਤਾਪਮਾਨ 45.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦੋਂ ਕਿ ਹੁਸ਼ਿਆਰਪੁਰ, ਗੁਰਦਾਸਪੁਰ ਤੇ ਬਰਨਾਲਾ ਦਾ ਤਾਪਮਾਨ 45.0 ਡਿਗਰੀ ਸੈਲਸੀਅਸ, ਅੰਮ੍ਰਿਤਸਰ, ਫਿਰੋਜ਼ਪੁਰ, ਮੋਗਾ, ਜਲੰਧਰ, ਮੋਹਾਲੀ ਆਦਿ ਵਿੱਚ 44 ਡਿਗਰੀ ਸੈਲਸੀਅਸ ਤੋਂ ਵੱਧ ਦਰਜ ਕੀਤਾ ਗਿਆ।