Punjab News: ਮੰਤਰੀ ਨੇ ਕਰ ਦਿੱਤਾ ਐਲਾਨ, ਹਰ ਸਾਲ ਹੋਵੇਗਾ ਕੌਮੀ ਨਸਲ ਸੁਧਾਰ ਮੇਲਾ, ਦੁੱਧ ਚੁਆਈ ਦੇ ਮੁਕਾਬਲੇ ਵੀ ਹੋਣਗੇ ਸ਼ੁਰੂ
ਪ੍ਰਾਜੈਕਟ ਤਹਿਤ ਸਾਹੀਵਾਲ ਨਸਲ ਦੀਆਂ ਗਾਵਾਂ ਦੀ ਘਰ-ਘਰ ਅੰਦਰ ਜਾ ਕੇ ਚੁਆਈ ਕਰਵਾਈ ਜਾਂਦੀ ਹੈ ਅਤੇ ਜਿਹੜਾ ਪਸ਼ੂ ਪਾਲਕ ਲਗਾਤਾਰ ਆਪਣੀ ਗਾਂ ਦੀ ਚੁਆਈ ਕਰਵਾਉਂਦਾ ਹੈ, ਉਸ ਨੂੰ ਚੁਆਈ ਖ਼ਤਮ ਹੋਣ ‘ਤੇ 1000 ਰੁਪਏ ਪ੍ਰਤੀ ਗਾਂ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਂਦੀ ਹੈ।
Punjab News: ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸਾਹੀਵਾਲ ਨਸਲ ਦੀਆਂ ਗਾਵਾਂ ਨੂੰ ਪੰਜਾਬ ਭਰ ਵਿੱਚ ਉਤਸ਼ਾਹਿਤ ਕਰੇਗੀ ਤਾਂ ਜੋ ਕਿਸਾਨਾਂ ਨੂੰ ਆਰਥਿਕ ਪੱਖੋਂ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਮਕਸਦ ਲਈ ਹਰ ਸਾਲ ਕੌਮੀ ਨਸਲ ਸੁਧਾਰ ਮੇਲਾ ਕਰਵਾਇਆ ਜਾਵੇਗਾ।
ਸਾਹੀਵਾਲ ਨਸਲ ਦਾ ਗੜ੍ਹ ਮੰਨੇ ਜਾਂਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਢੀਂਗਾ ਵਾਲੀ (ਹਲਕਾ ਬੱਲੂਆਣਾ) ਵਿਖੇ ਪਸ਼ੂ ਨਸਲ ਪ੍ਰਦਰਸ਼ਨੀ ਅਤੇ ਸਾਹੀਵਾਲ ਕਾਫ਼ ਰੈਲੀ ਦੌਰਾਨ ਪਸ਼ੂ ਪਾਲਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਜ਼ਿਲ੍ਹਾ ਫ਼ਾਜ਼ਿਲਕਾ ਨੂੰ ਸਾਹੀਵਾਲ ਨਸਲ ਸੁਧਾਰ ਪ੍ਰੋਗਰਾਮ ਲਈ ਚੁਣਿਆ ਗਿਆ ਹੈ।
Animal Husbandry, Fisheries and Dairy Development Minister @LaljitBhullar said that to economically strengthen the farming community, State Government would promote Sahiwal cattle breed across Punjab by organizing the National Cattle Breed Improvement Fair every year. pic.twitter.com/g09MQaIFRO
— Government of Punjab (@PunjabGovtIndia) March 1, 2023
ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਸਰਬੋਤਮ ਸਾਹੀਵਾਲ ਸਾਨ੍ਹਾਂ ਦੀ ਚੋਣ ਕਰਕੇ ਉਨ੍ਹਾਂ ਦੇ ਟੀਕੇ ਮਨਸੂਈ ਗਰਭਦਾਨ ਕਰਨ ਲਈ ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਭੇਜੇ ਜਾਂਦੇ ਹਨ ਜਿਸ ਨਾਲ ਪਸ਼ੂ ਪਾਲਕਾਂ ਦੀ ਆਮਦਨ ਦੇ ਸਰੋਤਾਂ ਵਿੱਚ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਤਹਿਤ ਸਾਹੀਵਾਲ ਨਸਲ ਦੀਆਂ ਗਾਵਾਂ ਦੀ ਘਰ-ਘਰ ਅੰਦਰ ਜਾ ਕੇ ਚੁਆਈ ਕਰਵਾਈ ਜਾਂਦੀ ਹੈ ਅਤੇ ਜਿਹੜਾ ਪਸ਼ੂ ਪਾਲਕ ਲਗਾਤਾਰ ਆਪਣੀ ਗਾਂ ਦੀ ਚੁਆਈ ਕਰਵਾਉਂਦਾ ਹੈ, ਉਸ ਨੂੰ ਚੁਆਈ ਖ਼ਤਮ ਹੋਣ ‘ਤੇ 1000 ਰੁਪਏ ਪ੍ਰਤੀ ਗਾਂ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਂਦੀ ਹੈ।ਕੈਬਨਿਟ ਮੰਤਰੀ ਨੇ ਐਲਾਨ ਕੀਤਾ ਕਿ ਵਿਭਾਗ ਵੱਲੋਂ ਤਹਿਸੀਲ ਅਤੇ ਜਿਲ੍ਹਾ ਪੱਧਰ ਤੇ ਦੁੱਧ ਚੁਆਈ ਮੁਕਾਬਲੇ ਮੁੜ ਸ਼ੁਰੂ ਕੀਤੇ ਜਾਣਗੇ ਅਤੇ ਜੇਤੂ ਕਿਸਾਨਾਂ ਨੂੰ ਇਨਾਮ ਵੀ ਦਿੱਤੇ ਜਾਣਗੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਸਾਹੀਵਾਲ ਨਸਲ ਦੇ ਟੀਕੇ ਤੋਂ ਪੈਦਾ ਹੋਏ ਵਛਰੂਆਂ ਦੀਆਂ ਲਗਾਤਾਰ ਕਾਫ਼ ਰੈਲੀਆਂ ਕਰਵਾਈਆਂ ਜਾਂਦੀਆਂ ਹਨ, ਜਿਥੇ ਪਸ਼ੂ ਪਾਲਕਾਂ ਨੂੰ ਉਤਸਾਹਿਤ ਕਰਨ ਲਈ ਸਨਮਾਨਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਧੀਆ ਦੁੱਧ ਉਤਪਾਦਨ ਵਾਲੀਆਂ ਸਾਹੀਵਾਲ ਗਾਵਾਂ ਰਾਹੀਂ ਪੈਦਾ ਹੋਏ ਵੱਛੇ ਪਸ਼ੂ ਪਾਲਣ ਵਿਭਾਗ ਵੱਲੋਂ 35 ਤੋਂ 40 ਹਜ਼ਾਰ ਰੁਪਏ ਕੀਮਤ ‘ਤੇ ਖ਼ਰੀਦੇ ਜਾਂਦੇ ਹਨ ਅਤੇ ਇਸ ਤਰ੍ਹਾਂ ਕਿਸਾਨ ਆਰਥਿਕ ਪੱਖੋਂ ਮਜ਼ਬੂਤ ਹੋ ਰਹੇ ਹਨ।