ਨਵਜੋਤ ਸਿੱਧੂ ਜੇਲ੍ਹ 'ਚ ਖਾਣਗੇ ਕਣਕ ਦੀ ਥਾਂ ਬਾਜਰੇ ਦੀ ਰੋਟੀ, ਅੱਜ ਅਦਾਲਤ 'ਚ ਪੇਸ਼ ਹੋਏਗਾ ਡਾਈਟ ਪਲਾਨ
ਰੋਡ ਰੇਜ ਮਾਮਲੇ 'ਚ ਸੁਪਰੀਮ ਕੋਰਟ ਵੱਲੋਂ ਸਜ਼ਾ ਸੁਣਾਏ ਜਾਣ ਮਗਰੋਂ ਪਟਿਆਲਾ ਜੇਲ੍ਹ 'ਚ ਬੰਦ ਨਵਜੋਤ ਸਿੱਧੂ ਦਾ ਡਾਈਟ ਪਲਾਨ ਅੱਜ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਸੋਮਵਾਰ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਸਿੱਧੂ ਦਾ ਮੈਡੀਕਲ ਕਰਵਾਇਆ ਗਿਆ।

ਚੰਡੀਗੜ੍ਹ: ਰੋਡ ਰੇਜ ਮਾਮਲੇ 'ਚ ਸੁਪਰੀਮ ਕੋਰਟ ਵੱਲੋਂ ਸਜ਼ਾ ਸੁਣਾਏ ਜਾਣ ਮਗਰੋਂ ਪਟਿਆਲਾ ਜੇਲ੍ਹ 'ਚ ਬੰਦ ਨਵਜੋਤ ਸਿੱਧੂ ਦਾ ਡਾਈਟ ਪਲਾਨ ਅੱਜ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਸੋਮਵਾਰ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਸਿੱਧੂ ਦਾ ਮੈਡੀਕਲ ਕਰਵਾਇਆ ਗਿਆ। ਸੂਤਰਾਂ ਮੁਤਾਬਕ ਸਿੱਧੂ ਨੂੰ ਹਾਈ ਫੈਟੀ ਲੀਵਰ ਦੀ ਸਮੱਸਿਆ ਹੈ। ਇਸ ਲਈ ਡਾਕਟਰਾਂ ਦੇ ਬੋਰਡ ਨੇ ਉਨ੍ਹਾਂ ਲਈ ਲੋਅ ਫੈਟ-ਹਾਈ ਫਾਈਬਰ ਵਾਲੀ ਖੁਰਾਕ ਦੀ ਸਿਫਾਰਸ਼ ਕੀਤੀ ਹੈ।
ਸੂਤਰਾਂ ਮੁਤਾਬਕ ਡਾਕਟਰਾਂ ਨੇ ਸਿੱਧੂ ਲਈ ਸਬਜ਼ੀਆਂ ਦਾ ਸੂਪ, ਖੀਰਾ, ਚੁਕੰਦਰ ਤੇ ਜੂਸ ਦੀ ਸਿਫ਼ਾਰਸ਼ ਕੀਤੀ ਹੈ। ਇਸ ਤੋਂ ਇਲਾਵਾ ਕਣਕ ਦੀ ਥਾਂ ਬਾਜਰੇ ਦੀ ਰੋਟੀ ਵੀ ਦਿੱਤੀ ਜਾ ਸਕਦੀ ਹੈ। ਸਿੱਧੂ ਦੀ ਖੁਰਾਕ ਤੋਂ ਕਾਰਬੋਹਾਈਡਰੇਟ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ। ਦੱਸ ਦਈਏ ਕਿ ਸਿੱਧੂ ਨੂੰ ਜੇਲ੍ਹ ’ਚ ਪੰਜ ਦਿਨ ਹੋ ਗਏ ਹਨ। ਇਸ ਦੌਰਾਨ ਉਹ ਸਲਾਦ, ਫਲ਼ ਤੇ ਉਬਲ਼ੀਆਂ ਸਬਜ਼ੀਆਂ ਹੀ ਖਾ ਰਹੇ ਹਨ।
ਦੱਸ ਦਈਏ ਕਿ ਸੁਪਰੀਮ ਕੋਰਟ ਵੱਲੋਂ ਸੁਣਾਈ ਇੱਕ ਸਾਲ ਦੀ ਕੈਦ ਦੀ ਸਜ਼ਾ ਦੇ ਚੱਲਦਿਆਂ ਜੇਲ੍ਹ ’ਚ ਬੰਦ ਕਾਂਗਰਸ ਨੇਤਾ ਨਵਜੋਤ ਸਿੱਧੂ ਨੂੰ ਸਿਹਤ ਦੀ ਸਮੱਸਿਆ ਕਾਰਨ ਢੁਕਵੀਂ ਡਾਈਟ ਸਬੰਧੀ ਮੈਡੀਕਲ ਜਾਂਚ ਲਈ ਸੋਮਵਾਰ ਨੂੰ ਜੇਲ੍ਹ ਤੋਂ ਸਰਕਾਰੀ ਰਾਜਿੰਦਰਾ ਹਸਪਤਾਲ ਲਿਆਂਦਾ ਗਿਆ। ਇਸ ਦੌਰਾਨ ਅਦਾਲਤ ਦੇ ਆਦੇਸ਼ਾਂ ’ਤੇ ਬਣਾਏ ਡਾਕਟਰਾਂ ਦੇ ਤਿੰਨ ਮੈਂਬਰੀ ਬੋਰਡ ਵੱਲੋਂ ਚਾਰ ਘੰਟਿਆਂ ਤੋਂ ਵੱਧ ਸਮਾਂ ਮੈਡੀਕਲ ਜਾਂਚ ਕੀਤੀ ਗਈ।
ਸਿੱਧੂ ਵੱਲੋਂ ਕਣਕ ਤੋਂ ਐਲਰਜੀ ਦੀ ਸ਼ਿਕਾਇਤ ਦੱਸੀ ਸੀ ਪਰ ਸੂਤਰਾਂ ਮੁਤਾਬਕ ਅਜਿਹਾ ਕੁਝ ਵੀ ਸਾਹਮਣੇ ਨਹੀਂ ਆਇਆ। ਸੂਤਰਾਂ ਮੁਤਾਬਕ ਸਿੱਧੂ ਦੀ ਜਾਂਚ ਮਗਰੋਂ ਡਾਕਟਰਾਂ ਵੱਲੋਂ ਮੁੱਖ ਤੌਰ ’ਤੇ ਉਨ੍ਹਾਂ ਨੂੰ ਬਾਜਰੇ ਦੀ ਰੋਟੀ ਖਾਣ ਦੀ ਸਲਾਹ ਦਿੱਤੀ ਗਈ ਹੈ। ਇਸੇ ਤਰ੍ਹਾਂ ਉਬਲੀਆਂ ਸਬਜ਼ੀਆਂ ਤੇ ਵੱਧ ਤੋਂ ਵੱਧ ਸਲਾਦ ਖਾਣ ਸਣੇ ਚੁਕੰਦਰ ਦਾ ਜੂਸ ਪੀਣ ’ਤੇ ਵੀ ਜ਼ੋਰ ਦਿੱਤਾ।
ਪ੍ਰਾਪਤ ਵੇਰਵਿਆਂ ਅਨੁਸਾਰ ਇਸ ਦੌਰਾਨ ਹੀ ਕਾਂਗਰਸ ਨੇਤਾ ਨੂੰ ਫੈਟੀ ਲਿਵਰ ਦੀ ਸਮੱਸਿਆ ਵੀ ਸਾਹਮਣੇ ਆਈ ਹੈ। ਸਿੱਧੂ ਦਾ ਖ਼ੂਨ ਵਧੇਰੇ ਗਾੜ੍ਹਾ ਹੋਣ ਦਾ ਵੀ ਪਤਾ ਲੱਗਿਆ ਹੈ। ਇਸ ਲਈ ਡਾਕਟਰੀ ਬੋਰਡ ਨੇ ਉਨ੍ਹਾਂ ਨੂੰ ਜ਼ਿੰਦਗੀ ਭਰ ਖ਼ੂਨ ਪਤਲਾ ਕਰਨ ਵਾਲ਼ੀ ਦਵਾਈ ਲੈਣ ਦਾ ਮਸ਼ਵਰਾ ਵੀ ਦਿੱਤਾ। ਡਾਕਟਰਾਂ ਨੇ ਸਿੱਧੂ ਨੂੰ ਵਜ਼ਨ ਘਟਾਉਣ ਦੀ ਰਾਇ ਵੀ ਦਿੱਤੀ।
ਜ਼ਿਕਰਯੋਗ ਹੈ ਕਿ ਜੇਲ੍ਹ ਆਉਣ ਤੋਂ ਪਹਿਲਾਂ ਕਾਂਗਰਸ ਨੇਤਾ ਨੇ ਆਪਣੇ ਵਕੀਲ ਐਚਪੀਐਸ ਵਰਮਾ ਰਾਹੀਂ ਅਦਾਲਤ ’ਚ ਅਰਜ਼ੀ ਦਾਇਰ ਕਰਕੇ ਉਸ ਨੂੰ ਕਣਕ ਦੀ ਰੋਟੀ ਤੋਂ ਐਲਰਜੀ ਹੋਣ ਦਾ ਤਰਕ ਦਿੰਦਿਆਂ, ਉਸ ਦੇ ਪਰਿਵਾਰਕ ਡਾਕਟਰ ਵੱਲੋਂ ਸੁਝਾਈ ਡਾਈਟ ਲੈਣ ਦੀ ਪ੍ਰਵਾਨਗੀ ਦੇਣ ਦੀ ਅਪੀਲ ਕੀਤੀ ਸੀ। ਇਸ ਕਰ ਕੇ ਹੀ ਅਦਾਲਤ ਵੱਲੋਂ ਡਾਕਟਰਾਂ ਦਾ ਬੋਰਡ ਗਠਿਤ ਕਰ ਕੇ ਰਿਪੋਰਟ ਮੰਗੀ ਗਈ ਸੀ।






















