CM ਭਗਵੰਤ ਮਾਨ ਦਾ ਦਾਅਵਾ, ਦਫਤਰਾਂ ਦਾ ਸਮਾਂ ਬਦਲਣ ਨਾਲ 'ਨਵੇਂ ਯੁੱਗ ਦਾ ਆਗਾਜ਼', ਬੋਲੇ, 40-45 ਕਰੋੜ ਰੁਪਏ ਦੀ ਬਿਜਲੀ ਬਚੇਗੀ...
ਮੁੱਖ ਮੰਤਰੀ ਨੇ ਅੱਜ ਖੁਦ ਸਵੇਰੇ 7:28 'ਤੇ ਆਪਣੇ ਦਫ਼ਤਰ ਪਹੁੰਚੇ। ਉਨ੍ਹਾਂ ਕਿਹਾ ਕਿ ਇਹ ਫੈਸਲਾ ਲੰਮੇ ਵਿਚਾਰ-ਵਟਾਂਦਰੇ ਦੌਰਾਨ ਬਹੁਗਿਣਤੀ ਭਾਈਵਾਲਾਂ ਦੀ ਸਹਿਮਤੀ ਲੈਣ ਤੋਂ ਬਾਅਦ ਲਿਆ ਗਿਆ।
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਦਫ਼ਤਰੀ ਸਮਾਂ ਬਦਲਣ ਦੀ ਬੇਮਿਸਾਲ ਲੋਕਪੱਖੀ ਪਹਿਲਕਦਮੀ ਨਾਲ ਸੂਬੇ ਵਿੱਚ 'ਨਵੇਂ ਯੁੱਗ ਦਾ ਆਗਾਜ਼' ਹੋਇਆ ਹੈ। ਇਸ ਨਾਲ ਰੋਜ਼ਾਨਾ 350 ਮੈਗਾਵਾਟ ਬਿਜਲੀ ਬਚਣ ਦੇ ਨਾਲ-ਨਾਲ ਦੋ ਤੋਂ 15 ਜੁਲਾਈ ਤੱਕ ਲਗਭਗ 40-45 ਕਰੋੜ ਰੁਪਏ ਦੀ ਵੀ ਬੱਚਤ ਹੋਵੇਗੀ। ਪੰਜਾਬ ਸਿਵਲ ਸਕੱਤਰੇਤ-1 ਦੇ ਕਮੇਟੀ ਰੂਮ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਇਸ ਮਹੱਤਵਪੂਰਨ ਕਦਮ ਨਾਲ ਜਿੱਥੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ, ਉਥੇ ਹੀ ਇਹ ਕਦਮ ਸਰਕਾਰੀ ਮੁਲਾਜ਼ਮਾਂ ਦੀ ਕਾਰਜਕੁਸ਼ਲਤਾ ਵਧਾਉਣ ਵਿੱਚ ਵੀ ਸਹਾਈ ਹੋਵੇਗਾ।”
ਮੁੱਖ ਮੰਤਰੀ ਨੇ ਅੱਜ ਖੁਦ ਸਵੇਰੇ 7:28 'ਤੇ ਆਪਣੇ ਦਫ਼ਤਰ ਪਹੁੰਚੇ। ਉਨ੍ਹਾਂ ਕਿਹਾ ਕਿ ਇਹ ਫੈਸਲਾ ਲੰਮੇ ਵਿਚਾਰ-ਵਟਾਂਦਰੇ ਦੌਰਾਨ ਬਹੁਗਿਣਤੀ ਭਾਈਵਾਲਾਂ ਦੀ ਸਹਿਮਤੀ ਲੈਣ ਤੋਂ ਬਾਅਦ ਲਿਆ ਗਿਆ। ਉਨ੍ਹਾਂ ਕਿਹਾ ਕਿ ਇਹ ਫੈਸਲਾ ਆਉਣ ਵਾਲੇ ਮਹੀਨਿਆਂ ਵਿੱਚ ਲੋਕਾਂ ਨੂੰ ਭਿਆਨਕ ਗਰਮੀ ਤੋਂ ਬਚਾਉਣ ਵਿਚ ਬਹੁਤ ਸਹਾਈ ਹੋਵੇਗਾ। ਭਗਵੰਤ ਮਾਨ ਨੇ ਕਿਹਾ ਕਿ ਭਾਵੇਂ ਕਈ ਪੱਛਮੀ ਦੇਸ਼ਾਂ ਵਿੱਚ ਮੌਸਮ ਦੀ ਤਬਦੀਲੀ ਦੇ ਅਨੁਸਾਰ ਘੜੀਆਂ ਦਾ ਸਮਾਂ ਦੀ ਰਵਾਇਤੀ ਇਕ ਆਮ ਵਰਤਾਰਾ ਹੈ ਪਰ ਭਾਰਤ ਵਿੱਚ ਪਹਿਲੀ ਵਾਰ ਇਹ ਇਤਿਹਾਸਕ ਪਹਿਲਕਦਮੀ ਕੀਤੀ ਗਈ।
View this post on Instagram
ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਆਮ ਵਿਅਕਤੀ ਆਪਣੇ ਕੰਮ ਤੋਂ ਛੁੱਟੀ ਲਏ ਬਿਨਾਂ ਸਵੇਰੇ ਆਪਣਾ ਕੰਮਕਾਰ ਛੇਤੀ ਕਰ ਸਕੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਸਰਕਾਰੀ ਮੁਲਾਜ਼ਮਾਂ ਨੂੰ ਵੀ ਸਹੂਲਤ ਮਿਲੇਗੀ ਕਿਉਂਕਿ ਉਹ ਦਫ਼ਤਰੀ ਸਮੇਂ ਤੋਂ ਬਾਅਦ ਸਮਾਜਿਕ ਸਮਾਗਮਾਂ ਵਿੱਚ ਸ਼ਿਰਕਤ ਕਰ ਸਕਣਗੇ। ਇਸੇ ਤਰ੍ਹਾਂ ਭਗਵੰਤ ਮਾਨ ਨੇ ਕਿਹਾ ਕਿ ਕਰਮਚਾਰੀ ਆਪਣੇ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣਗੇ ਕਿਉਂ ਜੋ ਉਹ ਵੀ ਬੱਚਿਆਂ ਦੀ ਛੁੱਟੀ ਨਾਲ ਹੀ ਘਰ ਪਹੁੰਚ ਜਾਇਆ ਕਰਨਗੇ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਫੈਸਲੇ ਨਾਲ ਸਰਕਾਰੀ ਦਫਤਰਾਂ ਵਿੱਚ ਰੋਜ਼ਾਨਾ 350 ਮੈਗਾਵਾਟ ਬਿਜਲੀ ਦੀ ਬੱਚਤ ਹੋਣ ਦੀ ਸੰਭਾਵਨਾ ਹੈ ਜਿਸ ਨਾਲ ਸਰਕਾਰੀ ਦਫਤਰਾਂ ਦੇ ਬਿਜਲੀ ਖਰਚੇ ਵਿੱਚ ਭਾਰੀ ਕਮੀ ਆਵੇਗੀ। ਉਨ੍ਹਾਂ ਕਿਹਾ ਕਿ ਪਾਵਰਕੌਮ ਦੇ ਅੰਕੜਿਆਂ ਅਨੁਸਾਰ ਦੁਪਹਿਰ 1:30 ਤੋਂ ਸ਼ਾਮ 4 ਵਜੇ ਤੱਕ ਬਿਜਲੀ ਦੀ ਵਰਤੋਂ ਦਾ ‘ਪੀਕ ਆਵਰ’ (ਬਿਜਲੀ ਦੀ ਸਭ ਤੋਂ ਵੱਧ ਖਪਤ ਵਾਲਾ ਸਮਾਂ) ਹੈ ਪਰ ਕਿਉਂਕਿ ਹੁਣ ਦਫ਼ਤਰ ਦੁਪਹਿਰ 2 ਵਜੇ ਬੰਦ ਰਹਿਣਗੇ, ਇਸ ਨਾਲ ਬਿਜਲੀ ਦੀ ਵਰਤੋਂ ਵਿੱਚ ਕਟੌਤੀ ਕਰਨ ਵਿੱਚ ਮਦਦ ਮਿਲੇਗੀ। ਭਗਵੰਤ ਮਾਨ ਨੇ ਕਿਹਾ ਕਿ ਹਰ ਮਹੀਨੇ ਔਸਤਨ 16 ਤੋਂ 17 ਕਰੋੜ ਰੁਪਏ ਦੀ ਬੱਚਤ ਹੋਵੇਗੀ ਅਤੇ 2 ਮਈ ਤੋਂ 15 ਜੁਲਾਈ ਤੱਕ ਦੇ ਸਮੇਂ ਦੌਰਾਨ ਸੂਬਾ ਸਰਕਾਰ ਨੂੰ 40 ਤੋਂ 42 ਕਰੋੜ ਰੁਪਏ ਦੀ ਬੱਚਤ ਹੋਣ ਦੀ ਉਮੀਦ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਨਵਾਂ ਸਮਾਂ-ਸਾਰਣੀ ਇਹ ਵੀ ਯਕੀਨੀ ਬਣਾਏਗਾ ਕਿ ਸਰਕਾਰੀ ਦਫ਼ਤਰਾਂ ਵਿੱਚ ਕੁਦਰਤੀ ਚਾਨਣ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ 15 ਜੁਲਾਈ ਤੋਂ ਬਾਅਦ ਸਾਰੇ ਭਾਈਵਾਲਾਂ ਖਾਸ ਕਰਕੇ ਆਮ ਲੋਕਾਂ ਤੋਂ ਫੀਡਬੈਕ ਲੈ ਕੇ ਫੈਸਲੇ ਦੀ ਸਮੀਖਿਆ ਕੀਤੀ ਜਾਵੇਗੀ। ਭਗਵੰਤ ਮਾਨ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਵੀ ਨਾਗਰਿਕ ਕੇਂਦਰਿਤ ਫੈਸਲੇ ਲਵੇਗੀ ਜਿਸ ਲਈ ਅਗਾਊਂ ਯੋਜਨਾਬੰਦੀ ਕੀਤੀ ਜਾ ਚੁੱਕੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲਣ ਦੇ ਕਦਮ ਨਾਲ ਸਿਰਫ ਬਿਜਲੀ ਦੀ ਬੱਚਤ ਹੀ ਨਹੀਂ ਸਗੋਂ ਇਸ ਨਾਲ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਵੀ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਕਦਮ ਬਾਰੇ ਕਈ ਹੋਰ ਸੂਬਿਆਂ ਵੱਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਦੂਜੇ ਸੂਬਿਆਂ ਵਿੱਚ ਵੀ ਇਸ ਨੂੰ ਦੁਹਰਾਉਣ ਦੀ ਸੰਭਾਵਨਾ ਹੈ। ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਵੱਡੇ ਸ਼ਹਿਰਾਂ ਜਿਵੇਂ ਕਿ ਬੈਂਗਲੁਰੂ, ਚੇਨਈ, ਮੁੰਬਈ, ਕੋਲਕਾਤਾ, ਦਿੱਲੀ ਅਤੇ ਹੋਰਾਂ ਵਿੱਚ ਅਜਿਹੇ ਕਦਮ ਟ੍ਰੈਫਿਕ ਦੀ ਸਮੱਸਿਆ ਨੂੰ ਸੁਚਾਰੂ ਬਣਾਉਣ ਵਿੱਚ ਮਦਦ ਕਰ ਸਕਦੇ ਹਨ ਜਿਸ ਨਾਲ ਆਮ ਆਦਮੀ ਨੂੰ ਲੋੜੀਂਦੀ ਰਾਹਤ ਮਿਲੇਗੀ।
ਮੁੱਖ ਮੰਤਰੀ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਸੂਬੇ ਵਿੱਚ ਬਿਜਲੀ ਦੀ ਕੋਈ ਕਮੀ ਨਹੀਂ ਹੈ ਕਿਉਂਕਿ ਖੇਤੀ, ਘਰੇਲੂ ਜਾਂ ਸਨਅਤ ਸਮੇਤ ਸਾਰੇ ਖੇਤਰਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਵਾਧੂ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਇੱਕ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਕੋਲ 35 ਦਿਨਾਂ ਲਈ ਕੋਲਾ ਮੌਜੂਦ ਹੈ ਜਦੋਂ ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਦੇ ਸਮੇਂ ਸੂਬੇ ਵਿੱਚ ਕੋਲੇ ਦੀ ਭਾਰੀ ਘਾਟ ਕਾਰਨ ਹਨੇਰੇ ਦਾ ਖ਼ਤਰਾ ਮੰਡਰਾਉਂਦਾ ਰਹਿੰਦਾ ਸੀ। ਹਰਿਆਣਾ ਦੇ ਬਿਜਲੀ ਮੰਤਰੀ ਵੱਲੋਂ ਸੂਬੇ ਵਿੱਚ ਬਿਜਲੀ ਸਬੰਧੀ ਦਿੱਤੇ ਬੇਬੁਨਿਆਦ ਅਤੇ ਤਰਕਹੀਣ ਬਿਆਨ 'ਤੇ ਤਨਜ਼ ਕੱਸਦਿਆਂ ਭਗਵੰਤ ਮਾਨ ਨੇ ਉਨ੍ਹਾਂ ਨੂੰ ਪੰਜਾਬ ਦੇ ਮਾਮਲਿਆਂ ਵਿੱਚ ਦਖ਼ਲ ਦੇਣ ਤੋਂ ਗੁਰੇਜ਼ ਕਰਨ ਅਤੇ ਆਪਣੇ ਸੂਬੇ 'ਤੇ ਧਿਆਨ ਦੇਣ ਦੀ ਸਲਾਹ ਦਿੱਤੀ।
ਇਹ ਵੀ ਪੜ੍ਹੋ: ਬੇਅਦਬੀ ਕਰਨ ਵਾਲੇ ਜਸਵੀਰ ਦੀ ਲਾਸ਼ ਲੈਣ ਕੋਈ ਨਹੀਂ ਪਹੁੰਚਿਆ, ਕੱਲ੍ਹ ਦੇਰ ਰਾਤ ਹੋਈ ਸੀ ਮੌਤ