Punjab News: ਯੂਟਿਊਬਰ ਦੇ ਘਰ NIA ਦੀ ਰੇਡ, ਇਲਾਕੇ 'ਚ ਮੱਚੀ ਹਲਚਲ, ਪਾਕਿਸਤਾਨੀ ਲਿੰਕ ਨੂੰ ਲੈ ਕੇ...
NIA ਦੀ ਟੀਮ ਵੱਲੋਂ ਯੂਟਿਊਬਰ ਸੁਖਬੀਰ ਸਿੰਘ ਦੇ ਘਰ ਛਾਪਾਮਾਰੀ ਕੀਤੀ ਗਈ। ਇਸ ਦੌਰਾਨ ਟੀਮ ਨੇ ਘਰ ਦੀ ਤਲਾਸ਼ੀ ਲੈਣ ਦੇ ਨਾਲ-ਨਾਲ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਮੋਬਾਈਲ ਫੋਨਾਂ ਦਾ ਡਾਟਾ ਵੀ ਚੈੱਕ ਕੀਤਾ...

NIA Raids YouTuber Sukhbir Singh's House: ਪੰਜਾਬ ਵਿੱਚ ਵੀਰਵਾਰ ਯਾਨੀਕਿ 26 ਜੂਨ ਦੀ ਸਵੇਰ ਨੂੰ NIA ਦੀ ਟੀਮ ਵੱਲੋਂ ਯੂਟਿਊਬਰ ਸੁਖਬੀਰ ਸਿੰਘ ਦੇ ਘਰ ਛਾਪਾਮਾਰੀ ਕੀਤੀ ਗਈ। ਇਸ ਦੌਰਾਨ ਟੀਮ ਨੇ ਘਰ ਦੀ ਤਲਾਸ਼ੀ ਲੈਣ ਦੇ ਨਾਲ-ਨਾਲ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਮੋਬਾਈਲ ਫੋਨਾਂ ਦਾ ਡਾਟਾ ਵੀ ਚੈੱਕ ਕੀਤਾ ਅਤੇ ਉਨ੍ਹਾਂ ਨਾਲ ਪੁੱਛਗਿੱਛ ਵੀ ਕੀਤੀ। ਹਾਲਾਂਕਿ ਛਾਪੇ ਵੇਲੇ ਸੁਖਬੀਰ ਸਿੰਘ ਘਰ 'ਤੇ ਮੌਜੂਦ ਨਹੀਂ ਸੀ।
ਜਾਣਕਾਰੀ ਮੁਤਾਬਕ ਬੁਢਲਾਡਾ ਦੇ ਰਹਿਣ ਵਾਲੇ ਯੂਟਿਊਬਰ ਦੇ ਘਰ 'ਤੇ ਵੀਰਵਾਰ ਸਵੇਰੇ ਲਗਭਗ ਪੰਜ ਵਜੇ NIA ਦੀ ਟੀਮ ਨੇ ਛਾਪਾਮਾਰੀ ਕੀਤੀ। ਟੀਮ ਵਿੱਚ ਅੱਧਾ ਦਰਜਨ ਅਧਿਕਾਰੀ ਮੌਜੂਦ ਸਨ। ਛਾਪੇ ਦੌਰਾਨ ਘਰ ਵਿੱਚ ਮੌਜੂਦ ਲੋਕਾਂ ਦੇ ਮੋਬਾਈਲ ਵੀ ਚੈੱਕ ਕੀਤੇ ਗਏ ਅਤੇ ਉਨ੍ਹਾਂ ਨਾਲ ਸੁਖਬੀਰ ਸਿੰਘ ਨੂੰ ਲੈ ਕੇ ਪੁੱਛਗਿੱਛ ਕੀਤੀ ਗਈ। ਟੀਮ ਵਿੱਚ ਮੌਜੂਦ ਅਧਿਕਾਰੀਆਂ ਨੇ ਮੀਡੀਆ ਨੂੰ ਕਿਹਾ ਕਿ ਜਾਂਚ ਮੁਕੰਮਲ ਹੋਣ ਦੇ ਬਾਅਦ ਹੀ ਉਹ ਮਾਮਲੇ ਬਾਰੇ ਜਾਣਕਾਰੀ ਦੇਣਗੇ।
ਉਥੇ ਹੀ, ਪਰਿਵਾਰ ਨੇ NIA ਵੱਲੋਂ ਕੀਤੀ ਗਈ ਪੁੱਛਗਿੱਛ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਟੀਮ ਵੱਲੋਂ ਪਰਿਵਾਰ ਨੂੰ ਵੀ ਕਿਹਾ ਗਿਆ ਹੈ ਕਿ ਜਾਂਚ ਪੂਰੀ ਹੋਣ ਤੱਕ ਮੀਡੀਆ ਨਾਲ ਕੋਈ ਗੱਲ ਨਾ ਕੀਤੀ ਜਾਵੇ।
ਸੂਤਰਾਂ ਦੇ ਮੁਤਾਬਕ NIA ਨੂੰ ਸ਼ੱਕ ਹੈ ਕਿ ਸੁਖਬੀਰ ਸਿੰਘ ਦਾ ਪਾਕਿਸਤਾਨ ਦੇ ਇਕ ਵਿਅਕਤੀ ਨਾਲ ਸੰਪਰਕ ਹੈ। ਟੀਮ ਨੇ ਘਰ ਵਿੱਚ ਮੌਜੂਦ ਲੋਕਾਂ ਨਾਲ ਇਸ ਸੰਬੰਧੀ ਪੁੱਛਗਿੱਛ ਕੀਤੀ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਯੂਟਿਊਬਰ ਸੁਖਬੀਰ ਸਿੰਘ ਦਾ ਪਾਕਿਸਤਾਨੀ ਵਿਅਕਤੀ ਭੱਟੀ ਨਾਲ ਸੋਸ਼ਲ ਮੀਡੀਆ ਰਾਹੀਂ ਸੰਪਰਕ ਸੀ।
NIA ਨੇ ਸੁਖਬੀਰ ਸਿੰਘ ਨੂੰ ਚੰਡੀਗੜ੍ਹ ਸਥਿਤ ਦਫ਼ਤਰ 'ਚ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਹਨ। ਹਾਲਾਂਕਿ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ। ਗੁਆਂਢੀਆਂ ਦੇ ਅਨੁਸਾਰ NIA ਦੀ ਟੀਮ ਸਵੇਰੇ ਆਈ ਸੀ ਅਤੇ ਜਾਂਚ ਮੁਕੰਮਲ ਕਰਕੇ ਚੰਡੀਗੜ੍ਹ ਵਾਪਸ ਚਲੀ ਗਈ।
ਜ਼ਿਕਰਯੋਗ ਹੈ ਕਿ ਭਾਰਤ-ਪਾਕਿ ਤਣਾਅ ਤੋਂ ਬਾਅਦ ਯੂਟਿਊਬਰਾਂ ਉੱਤੇ ਪੰਜਾਬ ਦੇ ਵਿੱਚ ਪੁਲਿਸ ਦੇ ਨਾਲ-ਨਾਲ NIA ਵੱਲੋਂ ਵੀ ਸ਼ਿੰਕਾਜ਼ਾ ਕੱਸਿਆ ਜਾ ਰਿਹਾ ਹੈ। ਜਿਨ੍ਹਾਂ ਵਿੱਚੋਂ ਕੁੱਝ ਨੂੰ ਪਾਕਿ ਦੇ ਲਈ ਜਾਸੂਸੀ ਦੇ ਚੱਲਦੇ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।






















