(Source: ECI/ABP News/ABP Majha)
ਜਾਖੜ ਨੂੰ ਨਹੀਂ ਹਾਈਕਮਾਨ ਦੇ ਨੋਟਿਸ ਦੀ ਪ੍ਰਵਾਹ, ਹੁਣ ਕਾਂਗਰਸ ਛੱਡਣਗੇ ਜਾਂ ਦਿੱਲੀ ਤਲਬ ਹੋਣਗੇ?
Punjab Congress : ਜਾਖੜ ਕਾਂਗਰਸ ਹਾਈਕਮਾਨ ਤੋਂ ਜ਼ਿਆਦਾ ਉਨ੍ਹਾਂ ਦੇ ਕੁਝ ਆਗੂਆਂ ਤੋਂ ਨਾਰਾਜ਼ ਹਨ ਜਿਨ੍ਹਾਂ ਨੇ ਹਾਈਕਮਾਨ ਨੂੰ ਗਲਤ ਫੀਡਬੈਕ ਦੇ ਕੇ ਪਿਛਲੀਆਂ ਚੋਣਾਂ 'ਚ ਕਾਂਗਰਸ 'ਚ ਕਲੇਸ਼ ਪਾਇਆ ਸੀ।
ਰਵਨੀਤ ਕੌਰ ਦੀ ਰਿਪੋਰਟ
Punjab News: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਹਾਈਕਮਾਨ ਦੇ ਨੋਟਿਸ ਦਾ ਜਵਾਬ ਨਹੀਂ ਦਿੱਤਾ। ਇੱਕ ਹਫਤੇ ਦੀ ਮਿਆਦ ਸੋਮਵਾਰ ਨੂੰ ਖਤਮ ਹੋ ਗਈ ਹੈ। ਹੁਣ ਕਾਂਗਰਸ ਹਾਈਕਮਾਨ ਉਨ੍ਹਾਂ ਦਿੱਲੀ ਤਲਬ ਕਰ ਸਕਦੀ ਹੈ। ਹਾਲਾਂਕਿ ਪਾਰਟੀ ਦੇ ਰਵੱਈਏ ਕਾਰਨ ਜਾਖੜ ਪਾਰਟੀ ਵੀ ਛੱਡ ਸਕਦੇ ਹਨ। ਉਂਝ ਸਰਗਰਮ ਸਿਆਸਤ ਤੋਂ ਉਹ ਪਹਿਲਾਂ ਹੀ ਕਿਨਾਰਾ ਕਰ ਚੁੱਕੇ ਹਨ।
ਦੱਸ ਦਈਏ ਕਿ ਜਾਖੜ ਪੰਜਾਬ 'ਚ ਕਾਂਗਰਸ ਦੇ ਦਿੱਗਜ਼ ਹਿੰਦੂ ਲੀਡਰ ਹਨ। ਹਾਲਾਂਕਿ ਉਨ੍ਹਾਂ ਨੇ ਵਿਧਾਨ ਸਭਾ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ। ਜਾਖੜ ਦੀ ਨਾਰਾਜ਼ਗੀ ਦਾ ਅਸਰ ਚੋਣਾਂ 'ਚ ਵੀ ਦਿਖਿਆ ਜਿੱਥੇ ਸ਼ਹਿਰਾਂ 'ਚ ਹਿੰਦੂ ਵੋਟਰਾਂ ਨੇ ਕਾਂਗਰਸ ਤੋਂ ਦੂਰੀ ਬਣਾ ਲਈ। ਜਾਖੜ ਨੂੰ ਸਾਬਕਾ ਸੀਐਮ ਚਰਨਜੀਤ ਚੰਨੀ ਬਾਰੇ ਵਿਵਾਦਤ ਟਿੱਪਣੀ ਨੂੰ ਲੈ ਕੇ ਨੋਟਿਸ ਜਾਰੀ ਹੋਇਆ ਸੀ।
ਜਾਖੜ ਕਾਂਗਰਸ ਹਾਈਕਮਾਨ ਤੋਂ ਜ਼ਿਆਦਾ ਉਨ੍ਹਾਂ ਦੇ ਕੁਝ ਆਗੂਆਂ ਤੋਂ ਨਾਰਾਜ਼ ਹਨ ਜਿਨ੍ਹਾਂ ਨੇ ਹਾਈਕਮਾਨ ਨੂੰ ਗਲਤ ਫੀਡਬੈਕ ਦੇ ਕੇ ਪਿਛਲੀਆਂ ਚੋਣਾਂ 'ਚ ਕਾਂਗਰਸ 'ਚ ਕਲੇਸ਼ ਪਾਇਆ ਸੀ। ਪਹਿਲਾਂ ਨਵਜੋਤ ਸਿੰਧੂ ਨੂੰ ਪ੍ਰਧਾਨ ਬਣਾਉਣ ਲਈ ਅਚਾਨਕ ਉਨ੍ਹਾਂ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਇਸ ਲਈ ਕੋਈ ਵਜ੍ਹਾ ਤਕ ਨਹੀਂ ਦੱਸੀ ਗਈ। ਇਸ ਤੋਂ ਬਾਅਦ ਕੈਪਟਨ ਨੂੰ ਹਟਾ ਉਨ੍ਹਾਂ ਨੂੰ ਸੀਐਮ ਬਣਾਉਣ ਦੀ ਵਾਰੀ ਆਈ ਤਾਂ ਸਿੱਖ-ਹਿੰਦੂ ਕਾਰਡ ਖੇਡਿਆ ਗਿਆ।
ਉਧਰ, ਜਾਖੜ ਦੇ ਬਾਗੀ ਤੇਵਰਾਂ ਮਗਰੋਂ ਕਾਂਗਰਸ ਨੇ ਪੰਜਾਬ 'ਚ ਫਿਰ ਸਿੱਖ-ਹਿੰਦੂ ਦੇ ਸਿਆਸੀ ਸੰਤੁਲਨ ਲਈ ਭਾਰਤ ਭੂਸ਼ਣ ਆਸ਼ੂ 'ਤੇ ਦਾਅ ਖੇਡਿਆ ਹੈ। ਲੁਧਿਆਣਾ ਦੇ ਦਿੱਗਜ਼ ਹਿੰਦੂ ਆਗੂ ਤੇ ਸਰਕਾਰ 'ਚ ਮੰਤਰੀ ਰਹੇ ਆਸ਼ੂ ਨੂੰ ਵਰਕਿੰਗ ਪ੍ਰਧਾਨ ਬਣਾਇਆ ਗਿਆ ਹੈ। ਉਹ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਕੰਮ ਕਰਨਗੇ। ਹਾਲਾਂਕਿ ਆਸ਼ੂ ਨੂੰ ਵੀ ਜਾਖੜ ਗਰੁੱਪ ਦਾ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਰਾਹੁਲ ਗਾਂਧੀ ਤਕ ਪ੍ਰਮੋਟ ਕਰਨ ਤੇ ਮੰਤਰੀ ਅਹੁਦੇ ਤਕ ਪਹੁੰਚਾਉਣ ਦੇ ਪਿੱਛੇ ਜਾਖੜ ਨੂੰ ਹੀ ਮੰਨਿਆ ਜਾਂਦਾ ਹੈ।
ਪੰਜਾਬ 'ਚ ਕਾਰਵਾਈ 'ਤੇ ਕਾਂਗਰਸ ਹਾਈਕਮਾਨ ਦੀ ਬੇਬਸੀ ਸਾਫ ਨਜ਼ਰ ਆਉਂਦੀ ਹੈ। ਚੋਣਾਂ ਸਮੇਂ ਪਟਿਆਲਾ ਤੋਂ ਕਾਂਗਰਸੀ ਸੰਸਦ ਮੈਂਬਰ ਪਰਨੀਤ ਕੌਰ ਨੂੰ ਵੀ ਨੋਟਿਸ ਜਾਰੀ ਹੋਇਆ ਸੀ। ਉਨ੍ਹਾਂ ਨੇ ਕਾਂਗਰਸ ਛੱਡਣ ਵਾਲੇ ਪਤੀ ਕੈਪਟਨ ਅਮਰਿੰਦਰ ਸਿੰਘ ਲਈ ਖੁੱਲ੍ਹ ਕੇ ਪ੍ਰਚਾਰ ਕੀਤਾ। ਹਾਲਾਂਕਿ ਹਾਈਕਮਾਨ ਦੀ ਹਿੰਮਤ ਨਹੀਂ ਦਿਖੀ। ਇਸੇ ਤਰ੍ਹਾਂ ਕਪੂਰਥਲਾ ਤੋਂ ਵਿਧਾਇਕ ਤੇ ਮੰਤਰੀ ਰਹੇ ਰਾਣਾ ਗੁਰਜੀਤ ਦੇ ਬੇਟੇ ਰਾਣਾ ਇੰਦਰਪ੍ਰਤਾਪ ਨੇ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਉਮੀਦਵਾਰ ਖਿਲਾਫ ਚੋਣਾ ਲੜਿਆ। ਇਸ ਦੇ ਬਦਲੇ ਵੀ ਕਾਂਗਰਸ ਕਾਰਵਾਈ ਨਹੀਂ ਕਰ ਸਕਦੀ।