ਉਲੰਪੀਅਨਾਂ ਨੇ ਜਿੱਤੇ ਤਗਮੇ, ਕੈਪਟਨ ਨੇ ਕੜਛੀ ਫੜ ਜਿੱਤ ਲਏ ਦਿਲ, ਜਾਣੋ ਕੈਪਟਨ ਦੇ ਪਕਵਾਨ ਖਾ ਕੇ ਕੀ ਬੋਲੇ ਖਿਡਾਰੀ
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਖਿਡਾਰੀਆਂ ਨੇ ਦੇਸ਼ ਨੂੰ ਮਾਣ ਦਿਵਾਉਣ ਲਈ ਸਖਤ ਮਿਹਨਤ ਕੀਤੀ, ਜੋ ਮੈਂ ਕੀਤਾ ਉਹ ਤਾਂ ਉਸ ਦੇ ਮੁਕਾਬਲੇ ਕੁਝ ਵੀ ਨਹੀਂ।
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੁੱਧਵਾਰ ਨੂੰ ਟੋਕੀਓ ਓਲੰਪਿਕਸ ਵਿੱਚ ਤਮਗਾ ਜੇਤੂਆਂ ਤੇ ਖਿਡਾਰੀਆਂ ਦੀ ਆਮਦ ਦੀ ਖ਼ੁਸ਼ੀ ਵਿੱਚ ਸ਼ੈੱਫ ਤੱਕ ਬਣ ਗਏ। ਸਵੇਰੇ 11 ਵਜੇ ਤੋਂ ਸ਼ਾਮੀਂ 5 ਵਜੇ ਤੱਕ, ਉਨ੍ਹਾਂ ਖਿਡਾਰੀਆਂ ਲਈ ਸ਼ਾਕਾਹਾਰੀ ਤੇ ਮਾਸਾਹਾਰੀ ਪਕਵਾਨ ਤਿਆਰ ਕੀਤੇ। ਜਦੋਂ ਖਿਡਾਰੀ ਰਾਤ ਨੂੰ ਪਹੁੰਚੇ ਤਾਂ ਕੈਪਟਨ ਨੇ ਉਨ੍ਹਾਂ ਦਾ ਸਵਾਗਤ ਕਰਨ ਤੋਂ ਬਾਅਦ ਉਨ੍ਹਾਂ ਲਈ ਖਾਣਾ ਪਰੋਸਿਆ। ਕਪਤਾਨ ਦੁਆਰਾ ਤਿਆਰ ਕੀਤਾ ਖਾਣਾ ਖਾਣ ਤੋਂ ਬਾਅਦ ਖਿਡਾਰੀ ਉਨ੍ਹਾਂ ਦੀ ਖਾਣਾ ਪਕਾਉਣ ਦੀ ਕਲਾ ਦੇ ਕਾਇਲ ਹੋ ਗਏ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਖਿਡਾਰੀਆਂ ਨੇ ਦੇਸ਼ ਨੂੰ ਮਾਣ ਦਿਵਾਉਣ ਲਈ ਸਖਤ ਮਿਹਨਤ ਕੀਤੀ, ਜੋ ਮੈਂ ਕੀਤਾ ਉਹ ਤਾਂ ਉਸ ਦੇ ਮੁਕਾਬਲੇ ਕੁਝ ਵੀ ਨਹੀਂ। ਮੁੱਖ ਮੰਤਰੀ ਨੇ ਖਿਡਾਰੀਆਂ ਨੂੰ ਵੱਡੇ ਪਤੀਲੇ ਵਿੱਚੋਂ ਸਿੱਧਾ ਭੋਜਨ ਪਰੋਸਿਆ। ਕੈਪਟਨ ਨੇ ਕਿਹਾ ਕਿ ਜਦੋਂ ਖਾਣਾ ਪਕਾਉਣ ਦੇ ਬਰਤਨ ਤੋਂ ਸਿੱਧਾ ਪਰੋਸਿਆ ਜਾਂਦਾ ਹੈ ਤਾਂ ਭੋਜਨ ਦਾ ਸਵਾਦ ਵਧੀਆ ਹੁੰਦਾ ਹੈ।
ਕੈਪਟਨ ਦੇ ਰਾਤ ਦੇ ਖਾਣੇ ਦੇ ਮੇਨਯੂ ਵਿੱਚ ਮਟਨ ਖੜ੍ਹਾ ਪਿਸ਼ੌਰੀ, ਲੌਂਗ ਇਲਾਇਚੀ ਚਿਕਨ, ਆਲੂ ਕੋਰਮਾ, ਦਾਲ ਮਸਰੀ, ਮੁਰਗ ਕੋਰਮਾ, ਦੁਗਾਨੀ ਬਿਰਯਾਨੀ ਤੇ ਮਿੱਠੀ ਡਿਸ਼ ਜ਼ਰਦਾ ਰਾਈਸ ਸ਼ਾਮਲ ਸਨ। ਰਾਤ ਦੇ ਖਾਣੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਹਾਕੀ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ‘ਮਹਾਰਾਜਾ’ ਕੈਪਟਨ ਅਮਰਿੰਦਰ ਸਿੰਘ ਦੇ ਖਾਣਾ ਪਕਾਉਣ ਬਾਰੇ ਸੁਣਿਆ ਸੀ ਪਰ ਸਵਾਦ ਉਮੀਦਾਂ ਤੋਂ ਕਿਤੇ ਵੱਧ ਨਿੱਕਲਿਆ। ਉਨ੍ਹਾਂ ਆਲੂ ਨੂੰ ਆਪਣਾ ਮਨਪਸੰਦ ਦੱਸਿਆ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਲੂ ਦੇ ਸੁਆਦ ਤੋਂ ਪਹਿਲਾਂ ਮਾਸਾਹਾਰੀ ਪਕਵਾਨ ਕਦੇ ਚਖਿਆ ਵੀ ਨਹੀਂ ਸੀ। ਇੰਝ ਹੀ ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ਨੇ ਕਿਹਾ ਕਿ ਉਹ ਕੈਪਟਨ ਵੱਲੋਂ ਪਕਾਏ ਖਾਣੇ ਤੇ ਪ੍ਰਾਹੁਣਚਾਰੀ ਤੋਂ ਬਹੁਤ ਪ੍ਰਭਾਵਿਤ ਹੋਏ ਹਨ।
ਓਲੰਪਿਕ ਸੋਨ ਤਮਗ਼ਾ ਜੇਤੂ ਨੀਰਜ ਚੋਪੜਾ, ਜੋ ਹਰਿਆਣਾ ਦੇ ਰਹਿਣ ਵਾਲੇ ਹਨ, ਨੇ ਕੈਪਟਨ ਅਮਰਿੰਦਰ ਸਿੰਘ ਦੇ ਇਸ ਮੌਕੇ ਵਿਸ਼ੇਸ਼ ਮਹਿਮਾਨ ਸਨ। ਇਸ ਤੋਂ ਇਲਾਵਾ ਹਾਕੀ ਕਪਤਾਨ ਮਨਪ੍ਰੀਤ ਸਿੰਘ ਦੇ ਨਾਲ ਉਪ ਕਪਤਾਨ ਹਰਮਨਪ੍ਰੀਤ ਸਿੰਘ, ਖਿਡਾਰੀ ਮਨਦੀਪ ਸਿੰਘ, ਹਾਰਦਿਕ ਸਿੰਘ, ਰੁਪਿੰਦਰ ਪਾਲ ਸਿੰਘ, ਸ਼ਮਸ਼ੇਰ ਸਿੰਘ, ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ, ਵਰੁਣ ਕੁਮਾਰ ਤੇ ਸਿਮਰਜੀਤ ਸਿੰਘ ਵੀ ਸਨ।
ਇਨ੍ਹਾਂ ਤੋਂ ਇਲਾਵਾ ਮਹਿਲਾ ਹਾਕੀ ਟੀਮ ਦੀਆਂ ਖਿਡਾਰਨਾਂ ਗੁਰਜੀਤ ਕੌਰ, ਰੀਨਾ ਖੋਖਰ, ਰਿਜ਼ਰਵ ਹਾਕੀ ਖਿਡਾਰੀ ਕ੍ਰਿਸ਼ਨਾ ਬਹਾਦਰ ਪਾਠਕ, ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ਦੇ ਨਾਲ ਅਥਲੀਟ ਗੁਰਪ੍ਰੀਤ ਸਿੰਘ, ਨਿਸ਼ਾਨੇਬਾਜ਼ ਅਗਨਵੀਰ ਸਿੰਘ ਬਾਜਵਾ ਨੂੰ ਵੀ ਰਾਤ ਦੇ ਖਾਣੇ ਲਈ ਸੱਦਾ ਦਿੱਤਾ ਗਿਆ ਸੀ।
ਪੰਜਾਬ ਸਰਕਾਰ ਦੀ ਤਰਫੋਂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟੋਕੀਓ ਓਲੰਪਿਕਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ 32 ਕਰੋੜ ਰੁਪਏ ਦੇ ਇਨਾਮ ਦਿੱਤੇ ਸਨ। ਇਸ ਵਿੱਚ ਓਲੰਪਿਕਸ ਵਿੱਚ 41 ਸਾਲ ਬਾਅਦ ਮੈਡਲ ਜਿੱਤਣ ਵਾਲੀ ਪੁਰਸ਼ ਹਾਕੀ ਟੀਮ ਨੂੰ 2.51 ਕਰੋੜ ਰੁਪਏ ਦਿੱਤੇ ਗਏ ਸਨ। ਪੰਜਾਬ ਦੀ ਹਾਕੀ ਟੀਮ ਵਿੱਚ ਕੈਪਟਨ ਮਨਪ੍ਰੀਤ ਸਿੰਘ ਦੇ ਨਾਲ ਮਨਦੀਪ ਸਿੰਘ, ਹਾਰਦਿਕ ਸਿੰਘ, ਵਰੁਣ ਕੁਮਾਰ, ਹਰਮਨਪ੍ਰੀਤ ਸਿੰਘ, ਰੁਪਿੰਦਰਪਾਲ ਸਿੰਘ, ਸਿਮਰਨਜੀਤ ਸਿੰਘ, ਗੁਰਜੰਟ ਸਿੰਘ, ਸ਼ਮਸ਼ੇਰ ਸਿੰਘ, ਦਿਲਪ੍ਰੀਤ ਸਿੰਘ ਤੇ ਕ੍ਰਿਸ਼ਨ ਪਾਠਕ ਸ਼ਾਮਲ ਸਨ।
ਇਸੇ ਤਰ੍ਹਾਂ ਓਲੰਪਿਕ ਮਹਿਲਾ ਹਾਕੀ ਟੀਮ ਵਿੱਚ ਚੌਥੇ ਸਥਾਨ 'ਤੇ ਰਹੀਆਂ ਪੰਜਾਬ ਦੀਆਂ ਖਿਡਾਰਨਾਂ ਰੀਨਾ ਖੋਖਰ, ਗੁਰਜੀਤ ਕੌਰ ਅਤੇ ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ਨੂੰ ਵੀ 50-50 ਲੱਖ ਰੁਪਏ ਦਿੱਤੇ ਗਏ। ਮੁੱਕੇਬਾਜ਼ ਸਿਮਰਨਜੀਤ ਕੌਰ, ਨਿਸ਼ਾਨੇਬਾਜ਼ ਅੰਜੁਮ ਮੌਦਗਿਲ ਅਤੇ ਅੰਗਦਵੀਰ ਸਿੰਘ, ਅਥਲੀਟ ਤੇਜਿੰਦਰਪਾਲ ਸਿੰਘ ਤੂਰ ਅਤੇ ਗੁਰਪ੍ਰੀਤ ਸਿੰਘ ਅਤੇ ਪੈਰਾਲਿੰਪਿਕ ਬੈਡਮਿੰਟਨ ਖਿਡਾਰੀ ਪਲਕ ਕੋਹਲੀ ਨੂੰ ਵੀ ਸਰਕਾਰ ਵੱਲੋਂ 21-21 ਲੱਖ ਰੁਪਏ ਦਿੱਤੇ ਗਏ। ਹਰਿਆਣਾ ਦੇ ਨੀਰਜ ਚੋਪੜਾ, ਜਿਨ੍ਹਾਂ ਨੇ ਟੋਕੀਓ ਓਲੰਪਿਕਸ ਵਿੱਚ ਭਾਰਤ ਲਈ ਇਕਲੌਤਾ ਸੋਨ ਤਮਗਾ ਜਿੱਤਿਆ, ਨੂੰ ਵੀ ਪੰਜਾਬ ਸਰਕਾਰ ਨੇ 2.51 ਕਰੋੜ ਰੁਪਏ ਦਾ ਇਨਾਮ ਦਿੱਤਾ।