ਪੰਜਾਬ ਵਿਧਾਨ ਸਭਾ ਸੈਸ਼ਨ ਦਾ ਆਖਰੀ ਦਿਨ, ਖਰਚਾ ਚਲਾਉਣ ਲਈ ਵਿੱਤ ਮੰਤਰੀ ਪੇਸ਼ ਕਰਨਗੇ ਵੋਟ ਆਨ ਅਕਾਊਂਟ
ਭਗਵੰਤ ਮਾਨ ਸਰਕਾਰ ਦੇ ਪਹਿਲੇ ਵਿਧਾਨ ਸਭਾ ਸੈਸ਼ਨ ਦਾ ਅੱਜ ਤੀਜਾ ਤੇ ਆਖਰੀ ਦਿਨ ਹੈ ਜਿਸ ਵਿੱਚ ਸਭ ਤੋਂ ਪਹਿਲਾਂ ਰਾਜਪਾਲ ਬੀਐਲ ਪੁਰੋਹਿਤ ਦੇ ਸੰਬੋਧਨ 'ਤੇ ਚਰਚਾ ਹੋਵੇਗੀ।
ਰੌਬਟ ਦੀ ਰਿਪੋਰਟ
ਚੰਡੀਗੜ੍ਹ: ਭਗਵੰਤ ਮਾਨ ਸਰਕਾਰ ਦੇ ਪਹਿਲੇ ਵਿਧਾਨ ਸਭਾ ਸੈਸ਼ਨ ਦਾ ਅੱਜ ਤੀਜਾ ਤੇ ਆਖਰੀ ਦਿਨ ਹੈ ਜਿਸ ਵਿੱਚ ਸਭ ਤੋਂ ਪਹਿਲਾਂ ਰਾਜਪਾਲ ਬੀਐਲ ਪੁਰੋਹਿਤ ਦੇ ਸੰਬੋਧਨ 'ਤੇ ਚਰਚਾ ਹੋਵੇਗੀ। ਰਾਜਪਾਲ ਨੇ ਕੱਲ੍ਹ ਹੀ ਵਿਧਾਨ ਸਭਾ ਵਿੱਚ ਮਾਨ ਸਰਕਾਰ ਦੇ ਰੋਡਮੈਪ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਸਰਕਾਰ ਦੇ ਨਵੇਂ ਵਿੱਤ ਮੰਤਰੀ ਹਰਪਾਲ ਚੀਮਾ ਵੋਟ ਆਨ ਅਕਾਊਂਟ ਪੇਸ਼ ਕਰਨਗੇ ਜਿਸ ਵਿੱਚ ਮਾਨ ਸਰਕਾਰ ਅਗਲੇ ਕੁਝ ਮਹੀਨਿਆਂ ਤੱਕ ਖਰਚਾ ਚਲਾਉਣ ਲਈ ਵਿਧਾਨ ਸਭਾ ਤੋਂ ਮਨਜ਼ੂਰੀ ਲਵੇਗੀ। ਸਦਨ ਦੀ ਸ਼ੁਰੂਆਤ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਕੀਤੀ ਜਾਵੇਗੀ।
ਇਸ ਤੋਂ ਬਾਅਦ ਧੰਨਵਾਦ ਮਤਾ ਪੇਸ਼ ਕੀਤਾ ਜਾਵੇਗਾ ਤੇ ਰਾਜਪਾਲ ਦੇ ਭਾਸ਼ਣ 'ਤੇ ਚਰਚਾ ਹੋਵੇਗੀ। 2021-22 ਲਈ ਗ੍ਰਾਂਟ ਦੀ ਮੰਗ 'ਤੇ ਚਰਚਾ ਕੀਤੀ ਜਾਵੇਗੀ ਤੇ ਵੋਟਿੰਗ ਹੋਵੇਗੀ।
ਦੂਜੇ ਦਿਨ ਸਪੀਕਰ ਚੁਣਿਆ, ਵਿਸ ਐਕਸ਼ਨ ਲਾਈਵ ਦਿਖਾਉਣ ਦਾ ਐਲਾਨ
ਵਿਧਾਨ ਸਭਾ ਦੇ ਦੂਜੇ ਦਿਨ ਯਾਨੀ ਸੋਮਵਾਰ ਨੂੰ ਕੁਲਤਾਰ ਸਿੰਘ ਸਧਵਾਂ ਨੂੰ ਸਰਬਸੰਮਤੀ ਨਾਲ ਸਪੀਕਰ ਚੁਣ ਲਿਆ ਗਿਆ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦਾ ਲਾਈਵ ਟੈਲੀਕਾਸਟ ਕੀਤਾ ਜਾਵੇਗਾ। ਵਿਰੋਧੀ ਪਾਰਟੀਆਂ ਨੇ ਸਦਨ ਦੀ ਕਾਰਵਾਈ ਸਾਲ ਵਿੱਚ 125 ਦਿਨ ਚਲਾਉਣ ਦੀ ਮੰਗ ਕੀਤੀ। ਇਸ ਤੋਂ ਬਾਅਦ ਰਾਜਪਾਲ ਦਾ ਸੰਬੋਧਨ ਹੋਇਆ।
ਪੰਜਾਬ ਵਿੱਚ, ਸੀਐਮ ਭਗਵੰਤ ਮਾਨ ਨੇ ਸਹੁੰ ਚੁੱਕਣ ਤੋਂ ਦੋ ਦਿਨ ਬਾਅਦ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਕੀਤੀ। ਮੁੱਖ ਮੰਤਰੀ ਵੱਲੋਂ ਸਭ ਤੋਂ ਮਹੱਤਵਪੂਰਨ ਗ੍ਰਹਿ, ਉਦਯੋਗ ਅਤੇ ਵਣਜ ਅਤੇ ਸਥਾਨਕ ਸਰਕਾਰਾਂ ਵਿਭਾਗ ਆਪਣੇ ਕੋਲ ਰੱਖੇ ਗਏ ਹਨ। ਹਰਪਾਲ ਚੀਮਾ ਨੂੰ ਵਿੱਤ ਮੰਤਰਾਲਾ ਸੌਂਪਿਆ ਗਿਆ। ਆਬਕਾਰੀ ਤੇ ਕਰ ਵਿਭਾਗ ਵੀ ਚੀਮਾ ਕੋਲ ਹੀ ਰਹੇਗਾ। ਸਭ ਤੋਂ ਵੱਧ ਚੁਣੌਤੀ ਸਿੱਖਿਆ ਵਿਭਾਗ ਗੁਰਮੀਤ ਸਿੰਘ ਮੀਤ ਹੇਅਰ ਨੂੰ ਦਿੱਤੀ ਗਈ। ਹਰਜੋਤ ਬੈਂਸ ਨੂੰ ਕਾਨੂੰਨ ਤੇ ਸੈਰ ਸਪਾਟਾ ਮੰਤਰੀ ਬਣਾਇਆ ਗਿਆ।
ਹਰਭਜਨ ਸਿੰਘ ਈ.ਟੀ.ਓ ਕੋਲ ਬਿਜਲੀ ਅਤੇ ਲੋਕ ਨਿਰਮਾਣ ਵਿਭਾਗ ਹੋਵੇਗਾ। ਡਾ: ਬਲਜੀਤ ਕੌਰ ਨੂੰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰਾਲਾ ਦਿੱਤਾ ਗਿਆ।ਲਾਲਚੰਦ ਕਟਾਰੂਚੱਕ ਨੂੰ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਬਣਾਇਆ ਗਿਆ ਹੈ ਜਦਕਿ ਲਾਲਜੀਤ ਭੁੱਲਰ ਸੂਬੇ ਦੇ ਨਵੇਂ ਟਰਾਂਸਪੋਰਟ ਮੰਤਰੀ ਹੋਣਗੇ।
ਇਸੇ ਤਰ੍ਹਾਂ ਬ੍ਰਹਮਸ਼ੰਕਰ ਨੂੰ ਜਲ ਸਪਲਾਈ ਅਤੇ ਕੁਦਰਤੀ ਆਫ਼ਤ ਪ੍ਰਬੰਧਨ ਵਿਭਾਗ ਦਿੱਤਾ ਗਿਆ ਹੈ। ਸਿਹਤ ਵਿਭਾਗ ਡਾ: ਵਿਜੇ ਸਿੰਗਲਾ ਨੂੰ ਦਿੱਤਾ ਗਿਆ ਹੈ। ਕੁਲਦੀਪ ਧਾਲੀਵਾਲ ਨੂੰ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਵਿਭਾਗ ਮਿਲਿਆ ਹੈ। ਇਨ੍ਹਾਂ ਵਿਭਾਗਾਂ ਦੇ ਨਾਲ-ਨਾਲ ਕੁਝ ਹੋਰ ਵਿਭਾਗ ਵੀ ਸਾਰੇ ਮੰਤਰੀਆਂ ਨੂੰ ਦਿੱਤੇ ਗਏ ਹਨ।