Punjab News: ਸੀਐਮ ਮਾਨ ਦੇ ਜਨਮ ਦਿਨ ਮੌਕੇ ਹਰ ਵਿਧਾਨ ਸਭਾ ਹਲਕੇ ਵਿੱਚ ਲਾਇਆ ਗਿਆ ਖੂਨਦਾਨ ਕੈਂਪ
ਪੰਜਾਬ ਦੇ ਲੋਕ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਿਆਰ ਕਰਦੇ ਹਨ ਅਤੇ ਉਨ੍ਹਾਂ ਦਾ ਜਨਮ ਦਿਨ ਮਨਾਉਣ ਲਈ ਰਿਕਾਰਡ ਖੂਨ ਯੂਨਿਟ ਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖੂਨਦਾਨ ਕੈਂਪਾਂ ਵਿੱਚ ਨੌਜਵਾਨਾਂ ਵੱਲੋਂ ਜੋ ਹੁੰਗਾਰਾ ਮਿਲਿਆ ਹੈ ਉਹ ਸ਼ਲਾਘਾਯੋਗ ਹੈ।
Bhagwant Mann: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 50 ਸਾਲ ਦੇ ਹੋ ਗਏ ਹਨ। ਉਨ੍ਹਾਂ ਦਾ ਜਨਮ ਦਿਨ ਮਨਾਉਣ ਲਈ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੰਗਲਵਾਰ ਨੂੰ ਹਰ ਵਿਧਾਨ ਸਭਾ ਹਲਕੇ ਵਿੱਚ 117 ਖੂਨਦਾਨ ਕੈਂਪ ਲਗਾਏ।
ਸੀਐਮ ਮਾਨ ਖੁਦ ਆਪਣੇ ਜੱਦੀ ਪਿੰਡ ਸਤੌਜ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਅਖੰਡ ਪਾਠ ਕਰਵਾਇਆ ਅਤੇ ਪੂਰਾ ਦਿਨ ਪਿੰਡ ਸਤੋਜ ਦੇ ਲੋਕਾਂ ਨਾਲ ਬਿਤਾਇਆ। ੳਥੇ ਹੀ ਨੌਜਵਾਨਾਂ ਅਤੇ 'ਆਪ' ਵਲੰਟੀਅਰਾਂ ਨੇ ਵੱਡੀ ਗਿਣਤੀ 'ਚ ਖੂਨਦਾਨ ਕਰਕੇ ਮਾਨ ਦਾ ਜਨਮ ਦਿਨ ਮਨਾਇਆ।
ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀਆਂ ਅਤੇ 'ਆਪ' ਵਿਧਾਇਕਾਂ ਨੇ ਇਨ੍ਹਾਂ ਖੂਨਦਾਨ ਕੈਂਪਾਂ ਵਿੱਚ ਭਾਗ ਲਿਆ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ। ਪੰਜਾਬ ਦੇ ਸਿਹਤ ਮੰਤਰੀ ਡਾ ਬਲਬੀਰ ਸਿੰਘ ਫਤਹਿਗੜ੍ਹ ਸਾਹਿਬ, ਪਟਿਆਲਾ ਅਤੇ ਰਾਜਪੁਰਾ ਦੇ ਸਿਵਲ ਹਸਪਤਾਲਾਂ ਵਿੱਚ ਪਹੁੰਚੇ ਜਿੱਥੇ ਵਿਧਾਨ ਸਭਾ ਪੱਧਰੀ ਟੀਮਾਂ ਵੱਲੋਂ ਖੂਨਦਾਨ ਕੈਂਪ ਲਗਾਏ ਗਏ। ਮੰਤਰੀ ਹਰਭਜਨ ਸਿੰਘ ਈਟੀਓ ਸਿਵਲ ਹਸਪਤਾਲ ਅੰਮ੍ਰਿਤਸਰ, ਕੁਲਦੀਪ ਸਿੰਘ ਧਾਲੀਵਾਲ ਸਿਵਲ ਹਸਪਤਾਲ ਅਜਨਾਲਾ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸਿਵਲ ਹਸਪਤਾਲ ਆਨੰਦਪੁਰ ਸਾਹਿਬ, ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਹੁਸ਼ਿਆਰਪੁਰ ਦੇ ਸਤਨਾਮ ਹਸਪਤਾਲ ਅਤੇ ਮੰਤਰੀ ਬਲਜੀਤ ਕੌਰ ਚੰਡੀਗੜ੍ਹ ਸੈਕਟਰ 44 ਦੇ ਸ਼ਹੀਦ ੳਧਮ ਸਿੰਘ ਭਵਨ ਵਿੱਚ ਹਾਜਰ ਸਨ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਆਈ ਹਸਪਤਾਲ-ਸੋਹਾਣਾ ਵਿਖੇ ਗੁਰਮੀਤ ਸਿੰਘ ਮੀਤ ਹੇਅਰ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਿੜ੍ਹਬਾ ਅਤੇ ਸਤੋਜ ਖੂਨਦਾਨ ਕੈਂਪਵਿੱਚ ਸ਼ਾਮਲ ਹੋਏ। ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡੀਸੀਪੀ ਬਲਕਾਰ ਸਿੰਘ ਜਲੰਧਰ ਵਿੱਚ ਖੂਨਦਾਨ ਕੈਂਪ ਵਿੱਚ ਪੁੱਜੇ। ਉਨ੍ਹਾਂ ਦੇ ਨਾਲ ‘ਆਪ’ ਵਿਧਾਇਕਾਂ ਨੇ ਵੀ ਆਪਣੇ ਹਲਕੇ ਵਿੱਚ ਇਹ ਕੈਂਪ ਲਗਾਉਣ ਵਿੱਚ ਮਦਦ ਕੀਤੀ ਅਤੇ ਖੂਨਦਾਨ ਕੀਤਾ।
‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਹਰ ਵਿਧਾਨ ਸਭਾ ਹਲਕੇ ਦੇ ਸਿਵਲ ਹਸਪਤਾਲਾਂ ਵਿੱਚ ਕੈਂਪ ਲਗਾਏ ਗਏ ਹਨ ਪਰ ਖੂਨ ਸਟੋਰ ਕਰਨ ਲਈ ਪੀਜੀਆਈ,ਰੈੱਡ ਕਰਾਸ ਅਤੇ ਪ੍ਰਾਈਵੇਟ ਹਸਪਤਾਲਾਂ ਦਾ ਸਹਿਯੋਗ ਲਿਤਾ ਗਿਆ ਤਾਂ ਜੋ ਦਾਨ ਕੀਤੇ ਖੂਨ ਦੀ ਇੱਕ ਬੂੰਦ ਵੀ ਵਿਅਰਥ ਨਾ ਜਾਵੇ। ਉਨ੍ਹਾਂ ਕਿਹਾ ਕਿ ਖੂਨਦਾਨ ਮਨੁੱਖਤਾ ਦੀ ਮਹਾਨ ਸੇਵਾ ਹੈ ਅਤੇ ਭਗਵੰਤ ਮਾਨ ਵਰਗੇ ਸੱਚੇ ਆਗੂ ਦਾ ਜਨਮ ਦਿਨ ਮਨਾਉਣ ਦਾ ਇਸ ਤੋਂ ਵਧੀਆ ਹੋਰ ਕੋਈ ਤਰੀਕਾ ਨਹੀਂ ਹੈ, ਜਿਸ ਨੇ ਆਪਣੀ ਜ਼ਿੰਦਗੀ ਦਾ ਹਰ ਪਲ ਆਪਣੇ ਸੂਬੇ ਨੂੰ ਸਮਰਪਿਤ ਕਰ ਦਿੱਤਾ ਸੀ।
‘ਆਪ’ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਪਾਰਟੀ ਦੀਆਂ ਜ਼ਿਲ੍ਹਾ ਅਤੇ ਬਲਾਕ ਇਕਾਈਆਂ ਵੱਲੋਂ ਹਰ ਹਲਕੇ ਵਿੱਚ ਖੂਨਦਾਨ ਕੈਂਪ ਲਗਾਏ ਗਏ। ਉਮੀਦ ਨਾਲੋਂ ਬਹੁਤ ਜ਼ਿਆਦਾ ਹੁੰਗਾਰਾ ਮਿਲਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਿਆਰ ਕਰਦੇ ਹਨ ਅਤੇ ਉਨ੍ਹਾਂ ਦਾ ਜਨਮ ਦਿਨ ਮਨਾਉਣ ਲਈ ਰਿਕਾਰਡ ਖੂਨ ਯੂਨਿਟ ਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖੂਨਦਾਨ ਕੈਂਪਾਂ ਵਿੱਚ ਨੌਜਵਾਨਾਂ ਵੱਲੋਂ ਜੋ ਹੁੰਗਾਰਾ ਮਿਲਿਆ ਹੈ ਉਹ ਸ਼ਲਾਘਾਯੋਗ ਹੈ।