Operation Seal-3- ਪੰਜਾਬ 'ਚ 4 ਸੂਬਿਆਂ ਦੀ ਸਰਹੱਦਾਂ 'ਤੇ ਨਾਕਾਬੰਦੀ, ਅਪਰੇਸ਼ਨ ਸੀਲ-3 ਤਹਿਤ 49 ਗ੍ਰਿਫਤਾਰ, 40 ਲੋਕਾਂ 'ਤੇ FIR
Punjab Crime News: ਪੰਜਾਬ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਅਪਰੇਸ਼ਨ ਸੀਲ-3 ਚਲਾਇਆ ਹੋਇਆ ਹੈ। ਇਸ ਤਹਿਤ 10 ਜ਼ਿਲ੍ਹਿਆਂ ਵਿੱਚ ਅੰਤਰਰਾਜੀ ਨਾਕਾਬੰਦੀ ਕੀਤੀ ਗਈ। 5750 ਦੇ ਕਰੀਬ ਵਾਹਨਾਂ ਦੀ ਚੈਕਿੰਗ ਕੀਤੀ ਗਈ।
Punjab News: ਪੰਜਾਬ 'ਚ ਨਸ਼ਾ ਅਤੇ ਹਥਿਆਰਾਂ ਦੇ ਤਸਕਰਾਂ ਖਿਲਾਫ ਪੁਲਿਸ ਨੇ ਐਕਸ਼ਨ ਪਲਾਨ ਤਿਆਰ ਕਰ ਲਿਆ ਹੈ। ਪੁਲਿਸ ਨੂੰ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਸਬੰਧੀ ਖੁਫ਼ੀਆ ਜਾਣਕਾਰੀ ਮਿਲੀ ਸੀ। ਇਸ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਸ਼ਨੀਵਾਰ ਨੂੰ ਚਾਰ ਗੁਆਂਢੀ ਰਾਜਾਂ ਦੀ ਸਰਹੱਦ ਅਤੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ 'ਚ ਨਾਕਾਬੰਦੀ ਕਰ ਦਿੱਤੀ। ਪੁਲਿਸ ਨੇ ਵਾਹਨਾਂ ਦੀ ਚੈਕਿੰਗ ਕਰਦਿਆਂ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਵੀ ਕੀਤੀ। ਪੰਜਾਬ ਭਰ ਵਿੱਚ ਕਰੀਬ 5750 ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਪੁਲਿਸ ਨੇ 49 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ 40 ਲੋਕਾਂ ਖਿਲਾਫ ਐੱਫ.ਆਈ.ਆਰ. ਵੀ ਦਰਜ ਕੀਤੀ।
ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ
ਇਸ ਕਾਰਵਾਈ ਦੌਰਾਨ ਪੁਲਿਸ ਨੇ ਕਰੀਬ 30 ਕਿਲੋ ਭੁੱਕੀ, 500 ਗ੍ਰਾਮ ਚਰਸ, 374 ਗ੍ਰਾਮ ਹੈਰੋਇਨ, 350 ਲੀਟਰ ਲਾਹਣ, 263 ਲੀਟਰ ਸ਼ਰਾਬ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਪੁਲਿਸ ਨੇ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਵੱਖ-ਵੱਖ ਜ਼ਿਲ੍ਹਿਆਂ ਵਿੱਚ ਅਪਰੇਸ਼ਨ ਸੀਲ-3 ਚਲਾਇਆ।
329 ਵਾਹਨਾਂ ਦੇ ਚਲਾਨ ਕੀਤੇ ਗਏ
ਜਿੱਥੇ ਪੂਰੇ ਸੂਬੇ ਵਿੱਚ 5750 ਵਾਹਨਾਂ ਦੀ ਚੈਕਿੰਗ ਕੀਤੀ ਗਈ। ਜਦਕਿ 329 ਵਾਹਨਾਂ ਦੇ ਚਲਾਨ ਕੀਤੇ ਗਏ। ਇਸ ਤੋਂ ਇਲਾਵਾ 25 ਤੋਂ ਵੱਧ ਵਾਹਨ ਜ਼ਬਤ ਕੀਤੇ ਗਏ।
ਅਪਰੇਸ਼ਨ ਸੀਲ-3 ਰਾਹੀਂ ਨਸ਼ਿਆਂ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ
ਅਪਰੇਸ਼ਨ ਸੀਲ-3 ਤਹਿਤ ਸੂਬੇ ਭਰ 'ਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਅਪਰੇਸ਼ਨ ਦਾ ਮਕਸਦ ਸਿਰਫ ਨਸ਼ੇ 'ਤੇ ਕਾਬੂ ਪਾਉਣਾ ਹੈ। ਇਸ ਅਪਰੇਸ਼ਨ ਤਹਿਤ ਚਾਰ ਰਾਜਾਂ ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਨਾਲ ਲੱਗਦੇ 10 ਜ਼ਿਲ੍ਹਿਆਂ ਵਿੱਚ ਅੰਤਰਰਾਜੀ ਨਾਕਾਬੰਦੀ ਕੀਤੀ ਗਈ। ਪੁਲਿਸ ਦਾ ਮੰਨਣਾ ਹੈ ਕਿ ਨਸ਼ਾ ਤਸਕਰ ਪੰਜਾਬ ਰਾਹੀਂ ਇਨ੍ਹਾਂ ਰਾਜਾਂ ਵਿੱਚ ਆਸਾਨੀ ਨਾਲ ਦਾਖ਼ਲ ਹੋ ਸਕਦੇ ਹਨ। ਜਿਸ ਕਾਰਨ ਪੰਜਾਬ ਪੁਲਿਸ ਨੇ ਚਾਰ ਰਾਜਾਂ ਦੀ ਪੁਲਿਸ ਨਾਲ ਤਾਲਮੇਲ ਕਰਕੇ ਸਰਹੱਦਾਂ ਨੂੰ ਸੀਲ ਕਰ ਦਿੱਤਾ ਹੈ।
ਸੀਐਮ ਮਾਨ ਨੇ 15 ਅਗਸਤ ਨੂੰ ਇਹ ਗੱਲ ਕਹੀ ਸੀ
ਦੱਸ ਦੇਈਏ ਕਿ 15 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਪੰਜਾਬ ਪੁਲਿਸ ਜਲਦ ਹੀ ਨਸ਼ਿਆਂ ਨੂੰ ਲੈ ਕੇ ਐਕਸ਼ਨ ਪਲਾਨ ਤਿਆਰ ਕਰੇਗੀ। ਮੰਨਿਆ ਜਾ ਰਿਹਾ ਹੈ ਕਿ ਸੀਐਮ ਮਾਨ ਦੇ ਹੁਕਮਾਂ ਤੋਂ ਬਾਅਦ ਹੀ ਪੁਲਿਸ ਨੇ ਕਾਰਵਾਈ ਕੀਤੀ ਹੈ। ਪੰਜਾਬ ਦੇ ਵੱਖ-ਵੱਖ ਜਨਤਕ ਥਾਵਾਂ 'ਤੇ ਸਿਵਲ ਡਰੈੱਸ 'ਚ 100 ਤੋਂ ਵੱਧ ਪੰਜਾਬ ਪੁਲਿਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ।