Punjab News: ਬੇਕਾਬੂ ਟਰੱਕ ਆਰਮੀ ਪਾਰਕ ‘ਚ ਵੜ ਕੇ ਪਲਟਿਆ, ਡਰਾਈਵਰ ਦੀ ਮੌਤ, 90 ਕਿਲੋ ਭੁੱਕੀ ਬਰਾਮਦ
ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਥਾਣਾ ਸਦਰ ਫ਼ਿਰੋਜ਼ਪੁਰ ਦੀ ਪੁਲੀਸ ਨੇ ਜਾਂਚ ਦੌਰਾਨ ਟਰੱਕ ਅੰਦਰੋਂ 90 ਕਿਲੋ ਡੋਡਾ ਭੁੱਕੀ ਬਰਾਮਦ ਕੀਤੀ। ਹਾਲਾਂਕਿ ਘਟਨਾ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
Punjab News: ਇੱਕ ਓਵਰ ਸਪੀਡ ਟਰੱਕ ਬੇਕਾਬੂ ਹੋ ਕੇ ਫ਼ਿਰੋਜ਼ਪੁਰ-ਫ਼ਾਜ਼ਲਿਕਾ ਹਾਈਵੇਅ 'ਤੇ ਤਿਕੋਣੀ ਦੇ ਨਾਲ ਲੱਗਦੇ ਆਰਮੀ ਪਾਰਕ ਦੀ ਚਾਰਦੀਵਾਰੀ ਤੋੜ ਕੇ ਅੰਦਰ ਜਾ ਵੜਿਆ। ਇਸ ਹਾਦਸੇ ਵਿੱਚ ਟਰੱਕ ਡਰਾਈਵਰ ਦੀ ਗੰਭੀਰ ਸੱਟਾਂ ਲੱਗਣ ਕਾਰਨ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਥਾਣਾ ਸਦਰ ਫ਼ਿਰੋਜ਼ਪੁਰ ਦੀ ਪੁਲਿਸ ਨੇ ਜਾਂਚ ਦੌਰਾਨ ਟਰੱਕ ਅੰਦਰੋਂ 90 ਕਿਲੋ ਭੁੱਕੀ ਬਰਾਮਦ ਕੀਤੀ। ਹਾਲਾਂਕਿ ਘਟਨਾ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਸ਼ੱਕ ਜਤਾਇਆ ਜਾ ਰਿਹਾ ਹੈ ਕਿ ਪੁਲਿਸ ਤੋਂ ਬਚਣ ਦੀ ਕੋਸ਼ਿਸ਼ 'ਚ ਟਰੱਕ ਡਰਾਈਵਰ ਟਰੱਕ ਨੂੰ ਤੇਜ਼ ਰਫਤਾਰ 'ਤੇ ਚਲਾ ਰਿਹਾ ਸੀ, ਜੋ ਕਿ ਬੇਕਾਬੂ ਹੋ ਕੇ ਸੜਕ ਤੋਂ ਬਾਹਰ ਜਾ ਕੇ ਆਰਮੀ ਪਾਰਕ ਦੀ ਚਾਰਦੀਵਾਰੀ ਨੂੰ ਤੋੜ ਕੇ ਉਥੇ ਜਾ ਵੜਿਆ ਅਤੇ ਪਲਟ ਗਿਆ।
90 ਕਿਲੋ ਡੋਡਾ ਭੁੱਕੀ ਬਰਾਮਦ
ਥਾਣਾ ਸਦਰ ਫ਼ਿਰੋਜ਼ਪੁਰ ਦੇ ਏ.ਐਸ.ਆਈ ਵਿਨੋਦ ਕੁਮਾਰ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ 'ਤੇ ਸਨ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਇੱਕ ਟਰੱਕ ਨੰਬਰ ਪੀਬੀ 02 ਈਐਚ 5712 ਤਿਕੋਣੀ ਨੇੜੇ ਆਰਮੀ ਪਾਰਕ ਵਿੱਚ ਪਲਟ ਗਿਆ ਹੈ। ਉਪਰੋਕਤ ਸੂਚਨਾ ਮਿਲਣ 'ਤੇ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਟਰੱਕ ਦੇ ਅੰਦਰ ਫਸੇ ਡਰਾਈਵਰ ਨੂੰ ਬਾਹਰ ਕੱਢ ਲਿਆ, ਜਿਸ ਦੀ ਗੰਭੀਰ ਸੱਟਾਂ ਲੱਗਣ ਕਾਰਨ ਮੌਤ ਹੋ ਚੁੱਕੀ ਸੀ।
ਡਰਾਈਵਰ ਦੀ ਪਛਾਣ 37 ਸਾਲਾ ਸੱਤਾ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਚਗਾਵਾ ਰੋਡ ਚੱਕ, ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਟਰੱਕ ਦੀ ਜਾਂਚ ਦੌਰਾਨ ਉਸ ਅੰਦਰੋਂ 90 ਕਿਲੋ ਭੁੱਕੀ ਬਰਾਮਦ ਹੋਈ। ਜਿਸ ਤੋਂ ਬਾਅਦ ਮ੍ਰਿਤਕ ਦੇ ਖਿਲਾਫ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।