Paddy Virus: ਝੋਨੇ ਦੀ ਫਸਲ 'ਤੇ ਖਤਰਨਾਕ ਵਾਇਰਸ ਦਾ ਹਮਲਾ! ਕਿਸਾਨਾਂ 'ਚ ਹਾਹਾਕਾਰ
ਪੰਜਾਬ ਦੇ ਕਿਸਾਨਾਂ ਨੂੰ ਵੱਡੀ ਮਾਰ ਪਈ ਹੈ। ਝੋਨੇ ਨੂੰ ‘ਡਵਾਰਫ ਵਾਇਰਸ’ ਨੇ ਘੇਰ ਲਿਆ ਹੈ ਜਿਸ ਕਰਕੇ ਫਸਲ ਦਾ ਵਿਕਾਸ ਰੁਕ ਗਿਆ ਹੈ। ਕਈ ਕਿਸਾਨ ਤਾਂ ਝੋਨਾ ਵਾਹੁਣ ਲੱਗੇ ਹਨ। ਸਰਕਾਰੀ ਸੂਤਰਾਂ ਮੁਤਾਬਕ ਜ਼ਿਲ੍ਹਾ...

Paddy Virus in Punjab: ਪੰਜਾਬ ਦੇ ਕਿਸਾਨਾਂ ਨੂੰ ਵੱਡੀ ਮਾਰ ਪਈ ਹੈ। ਝੋਨੇ ਨੂੰ ‘ਡਵਾਰਫ ਵਾਇਰਸ’ ਨੇ ਘੇਰ ਲਿਆ ਹੈ ਜਿਸ ਕਰਕੇ ਫਸਲ ਦਾ ਵਿਕਾਸ ਰੁਕ ਗਿਆ ਹੈ। ਕਈ ਕਿਸਾਨ ਤਾਂ ਝੋਨਾ ਵਾਹੁਣ ਲੱਗੇ ਹਨ। ਸਰਕਾਰੀ ਸੂਤਰਾਂ ਮੁਤਾਬਕ ਜ਼ਿਲ੍ਹਾ ਮੁਹਾਲੀ, ਪਟਿਆਲਾ, ਫ਼ਤਹਿਗੜ੍ਹ ਸਾਹਿਬ, ਨਵਾਂਸ਼ਹਿਰ, ਰੋਪੜ ਤੇ ਸੰਗਰੂਰ ਵਿੱਚ ਇਸ ਵਾਇਰਸ ਦਾ ਪ੍ਰਭਾਵ ਦੇਖਣ ਨੂੰ ਮਿਲਿਆ ਹੈ। ਇਸ ਵਾਇਰਸ ਦਾ ਜ਼ਿਆਦਾ ਹਮਲਾ ਝੋਨੇ ਦੀ ਪੀਆਰ 131 ਕਿਸਮ ’ਤੇ ਹੋਇਆ ਹੈ।
ਹਾਸਲ ਜਾਣਕਾਰੀ ਮੁਤਾਬਕ ਪੰਜਾਬ ਦੇ ਅੱਧੀ ਦਰਜਨ ਜ਼ਿਲ੍ਹਿਆਂ ’ਚ ਝੋਨੇ ਦੀ ਫ਼ਸਲ ਇਸ ਵਾਇਰਸ ਤੋਂ ਪ੍ਰਭਾਵਿਤ ਹੋਈ ਹੈ। ਇਸ ਨਾਲ ਝੋਨਾ ਮਧਰਾ ਰਹਿ ਰਿਹਾ ਹੈ ਤੇ ਫ਼ਸਲ ਦੇ ਵਾਧੇ ’ਚ ਖੜੋਤ ਆ ਗਈ ਹੈ। ਲੰਘੇ ਤਿੰਨ ਸਾਲਾਂ ਤੋਂ ਝੋਨਾ ਉਤਪਾਦਕਾਂ ਨੂੰ ਇਸ ਵਾਇਰਸ ਦੀ ਮਾਰ ਝੱਲਣੀ ਪੈ ਰਹੀ ਹੈ। ਪਿਛਲੇ ਸਾਲ ਵੀ ਕਈ ਜ਼ਿਲ੍ਹਿਆਂ ਵਿੱਚ ਇਸ ਦਾ ਪ੍ਰਭਾਵ ਦੇਖਣ ਨੂੰ ਮਿਲਿਆ ਸੀ ਪਰ ਖੇਤੀ ਵਿਗਿਆਨੀ ਅਜੇ ਤੱਕ ਇਸ ਬਿਮਾਰੀ ਦਾ ਤੋੜ ਨਹੀਂ ਲੱਭ ਸਕੇ।
ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ‘ਡਵਾਰਫ ਵਾਇਰਸ’ ਨਾਲ ਪੌਦੇ ਦਾ ਵਿਕਾਸ ਰੁਕ ਜਾਂਦਾ ਹੈ ਤੇ ਅਖੀਰ ਵਿੱਚ ਇਸ ਨਾਲ ਪੈਦਾਵਾਰ ਵੀ ਪ੍ਰਭਾਵਿਤ ਹੁੰਦੀ ਹੈ। ਕਈ ਥਾਵਾਂ ’ਤੇ ਕਿਸਾਨਾਂ ਨੂੰ ਮੁੜ ਝੋਨਾ ਲਾਉਣਾ ਪੈ ਰਿਹਾ ਹੈ। ਪੰਜਾਬ ਵਿੱਚ ਝੋਨੇ ਦੀ ਬਿਜਾਈ ਦਾ ਕੰਮ ਖਤਮ ਹੋ ਚੁੱਕਾ ਹੈ ਤੇ ਇਸ ਵਾਰ 31.1 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਲਵਾਈ ਹੋਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਵਾਇਰਸ ਤੋਂ ਪ੍ਰਭਾਵਿਤ ਪੌਦੇ ਅਕਾਰ ਵਿੱਚ ਆਮ ਨਾਲੋਂ ਸਿਰਫ਼ ਇੱਕ ਤਿਹਾਈ ਤੱਕ ਹੀ ਵਧਦੇ ਹਨ ਤੇ ਪੂਰੀ ਤਰ੍ਹਾਂ ਪੌਦੇ ਨਿੱਸਰਦੇ ਨਹੀਂ।
ਇਸ ਨਾਲ ਜੜ੍ਹਾਂ ਵੀ ਕਮਜ਼ੋਰ ਹੋ ਜਾਂਦੀਆਂ ਹਨ। ਕਿਸਾਨ ਘਬਰਾਹਟ ਵਿੱਚ ਹਨ ਕਿਉਂਕਿ ਉਨ੍ਹਾਂ ਨੂੰ ਲਾਗਤ ਖ਼ਰਚੇ ਵਧਣ ਦਾ ਡਰ ਵਧ ਜਾਂਦਾ ਹੈ। ਖੇਤੀ ਅਧਿਕਾਰੀ ਆਖਦੇ ਹਨ ਇਹ ਵਾਇਰਸ ਬਹੁਤ ਹੀ ਮਾਮੂਲੀ ਰਕਬੇ ਤੱਕ ਸੀਮਤ ਹੈ। ਦੂਜੇ ਪਾਸੇ ਝੋਨਾ ਉਤਪਾਦਕ ਫ਼ਿਕਰਮੰਦ ਹਨ ਕਿ ਕਿਤੇ ਇਹ ਵਾਇਰਸ ਫੈਲ ਨਾ ਜਾਵੇ। ਕਿਸਾਨਾਂ ਨੂੰ ਫ਼ਸਲ ਦੇ ਬਚਾਅ ਲਈ ਕੀਟਨਾਸ਼ਕਾਂ ਦੇ ਛਿੜਕਾਅ ’ਤੇ ਵਾਧੂ ਖਰਚਾ ਕਰਨਾ ਪੈਣਾ ਹੈ। ਖੇਤੀ ਅਧਿਕਾਰੀ ਕਿਸਾਨਾਂ ਨੂੰ ਅਪੀਲ ਕਰ ਰਹੇ ਹਨ ਕਿ ਜਿੱਥੇ ਕਿਤੇ ਵੀ ਇਸ ਵਾਇਰਸ ਦਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ ਤਾਂ ਫ਼ੌਰੀ ਖੇਤੀ ਮਾਹਿਰਾਂ ਨਾਲ ਸੰਪਰਕ ਕੀਤਾ ਜਾਵੇ।
ਉਧਰ, ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਨ੍ਹਾਂ ਨੂੰ ਝੋਨੇ ’ਤੇ ਇਸ ਵਾਇਰਸ ਦਾ ਪ੍ਰਭਾਵ ਪੈਣ ਬਾਰੇ ਸੂਚਨਾ ਮਿਲੀ ਸੀ। ਇਸ ਮਗਰੋਂ ਉਨ੍ਹਾਂ ਨੇ ਫ਼ੌਰੀ ਖੇਤੀ ਯੂਨੀਵਰਸਿਟੀ ਦੇ ਮਾਹਿਰਾਂ ਨੂੰ ਪ੍ਰਭਾਵਿਤ ਖੇਤਾਂ ਦਾ ਦੌਰਾ ਕਰਨ ਦੀ ਹਦਾਇਤ ਕੀਤੀ ਸੀ। ਮਾਹਿਰਾਂ ਨੇ ਪ੍ਰਭਾਵਿਤ ਫ਼ਸਲਾਂ ਦੇ ਨਮੂਨੇ ਲਏ ਸਨ। ਉਨ੍ਹਾਂ ਦੱਸਿਆ ਕਿ ਮੁਢਲੇ ਪੜਾਅ ’ਤੇ ਸਾਹਮਣੇ ਆਇਆ ਕਿ ਸ਼ੁਰੂਆਤੀ ਬਾਰਸ਼ਾਂ ਕਾਰਨ ਵੀ ਵਾਇਰਸ ਪਿਆ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਖੇਤੀ ਵਿਭਾਗ ਨੇੜਿਓ ਨਜ਼ਰ ਰੱਖ ਰਿਹਾ ਹੈ।






















