ਪ੍ਰਨੀਤ ਕੌਰ ਨੂੰ ਪਾਰਟੀ 'ਚੋਂ ਕੱਢ ਕੇ ਵਿਖਾਓ! ਕੈਪਟਨ ਦੀ ਪਾਰਟੀ ਦੀ ਕਾਂਗਰਸ ਨੂੰ ਚੁਣੌਤੀ
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਸੀ ਕਿ ਪ੍ਰਨੀਤ ਕੌਰ ਕਾਂਗਰਸ ਪਾਰਟੀ ਵਿੱਚ ਨਹੀਂ ਹਨ। ਉਹ ਹੁਣ ਪਾਰਟੀ ਦਾ ਹਿੱਸਾ ਨਹੀਂ ਹਨ। ਮੈਂ ਇਹ ਗੱਲ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਕਹਿ ਰਿਹਾ ਹਾਂ। ਮੈਂ ਇਹ ਅਧਿਕਾਰਤ ਤੌਰ 'ਤੇ ਕਹਿ ਰਿਹਾ ਹਾਂ।
Punjab News: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਸੰਸਦ ਮੈਂਬਰ ਪ੍ਰਨੀਤ ਕੌਰ ਨੂੰ ਲੈ ਕੇ ਪੰਜਾਬ ਵਿੱਚ ਵਿਵਾਦ ਵਧ ਗਿਆ ਹੈ। ਕੈਪਟਨ ਦੀ ਪਾਰਟੀ ਪੰਜਾਬ ਲੋਕ ਕਾਂਗਰਸ (ਪੀਐਲਸੀ) ਨੇ ਕਾਂਗਰਸ ਨੂੰ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਪ੍ਰਨੀਤ ਕੌਰ ਖ਼ਿਲਾਫ਼ ਕਾਰਵਾਈ ਕਰ ਕੇ ਦਿਖਾਓ। ਇਹ ਚੁਣੌਤੀ ਉਦੋਂ ਦਿੱਤੀ ਗਈ ਜਦੋਂ ਕਾਂਗਰਸ ਦੇ ਨਵੇਂ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪ੍ਰਨੀਤ ਹੁਣ ਕਾਂਗਰਸ ਵਿੱਚ ਨਹੀਂ। ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਛੱਡ ਦਿੱਤੀ ਹੈ। ਉਨ੍ਹਾਂ ਨੇ ਪੰਜਾਬ ਲੋਕ ਕਾਂਗਰਸ ਨਾਂ ਦੀ ਨਵੀਂ ਪਾਰਟੀ ਬਣਾਈ।
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਸੀ ਕਿ ਪ੍ਰਨੀਤ ਕੌਰ ਕਾਂਗਰਸ ਪਾਰਟੀ ਵਿੱਚ ਨਹੀਂ ਹਨ। ਉਹ ਹੁਣ ਪਾਰਟੀ ਦਾ ਹਿੱਸਾ ਨਹੀਂ ਹਨ। ਮੈਂ ਇਹ ਗੱਲ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਕਹਿ ਰਿਹਾ ਹਾਂ। ਮੈਂ ਇਹ ਅਧਿਕਾਰਤ ਤੌਰ 'ਤੇ ਕਹਿ ਰਿਹਾ ਹਾਂ।
ਕੈਪਟਨ ਦੀ ਪਾਰਟੀ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਆਵਾਲ ਨੇ ਕਿਹਾ ਕਿ ਜਿੰਨੀ ਰਾਜਾ ਵੜਿੰਗ ਦੀ ਉਮਰ ਨਹੀਂ ਉਸ ਤੋਂ ਜ਼ਿਆਦਾ ਸਮਾਂ ਕੈਪਟਨ ਤੇ ਉਨ੍ਹਾਂ ਦੀ ਪਤਨੀ ਪਰਨੀਤ ਕੌਰ ਨੇ ਕਾਂਗਰਸ ਨੂੰ ਦਿੱਤਾ ਹੈ। ਕੈਪਟਨ ਦਾ ਕਾਂਗਰਸ ਨਾਲ ਕੋਈ ਲੈਣਾ-ਦੇਣਾ ਨਹੀਂ। ਮਹਾਰਾਣੀ ਪਰਨੀਤ ਦਾ ਫੈਸਲਾ ਕਾਂਗਰਸ ਹਾਈਕਮਾਨ ਨੇ ਕਰਨਾ ਹੈ। ਕਰ ਕੇ ਦਿਖਾਓ ਜਾਂ ਫਿਰ ਐਵੇਂ ਗਿੱਦੜ ਭਬਕੀ ਦੀ ਜ਼ਰੂਰਤ ਨਹੀਂ ਹੈ। ਹਾਈਕਮਾਨ ਨੇ ਕੈਬਨਿਟ ਮੰਤਰੀ ਬਣਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਤਾਂ ਕੈਪਟਨ ਨੇ ਸਲਾਹਕਾਰ ਬਣ ਕੇ ਇਹ ਰੈਂਕ ਦਿੱਤਾ।
ਅਜਿਹੇ 'ਚ ਚੋਣਾਂ ਦੌਰਾਨ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਆਪਣੇ ਪਤੀ ਕੈਪਟਨ ਲਈ ਖੁੱਲ੍ਹ ਕੇ ਚੋਣ ਪ੍ਰਚਾਰ ਕੀਤਾ। ਇਸ ਮਾਮਲੇ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਦਾਅਵਾ ਕੀਤਾ ਕਿ ਪ੍ਰਨੀਤ ਨੂੰ ਨੋਟਿਸ ਭੇਜਿਆ ਗਿਆ ਹੈ। ਹਾਲਾਂਕਿ ਪ੍ਰਨੀਤ ਨੇ ਇਸ ਬਾਰੇ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ। ਪ੍ਰਨੀਤ ਖੁਦ ਕਾਂਗਰਸ ਨਹੀਂ ਛੱਡ ਰਹੇ ਤੇ ਹਾਈਕਮਾਂਡ ਕਾਰਵਾਈ ਕਰਨ ਤੋਂ ਅਸਮਰੱਥ ਹੈ। ਇਸ ਦਾ ਕਾਰਨ ਇਹ ਹੈ ਕਿ ਜੇਕਰ ਉਹ ਖੁਦ ਪਾਰਟੀ ਛੱਡਦੇ ਹਨ ਤਾਂ ਉਨ੍ਹਾਂ ਨੂੰ ਸੰਸਦ ਮੈਂਬਰ ਦਾ ਅਹੁਦਾ ਛੱਡਣਾ ਪਵੇਗਾ। ਜੇਕਰ ਹਾਈਕਮਾਂਡ ਹਟਾ ਦਿੰਦੀ ਹੈ ਤਾਂ ਉਨ੍ਹਾਂ 'ਤੇ ਦਲ-ਬਦਲ ਵਿਰੋਧੀ ਕਾਨੂੰਨ ਲਾਗੂ ਨਹੀਂ ਹੋਵੇਗਾ।