ਕੋਰੋਨਾ ਟੀਕਾ ਵੇਚੇ ਜਾਣ ਤੇ ਪ੍ਰਤਾਪ ਬਾਜਵਾ ਨੇ ਆਪਣੀ ਹੀ ਸਰਕਾਰ ਨੂੰ ਘੇਰਿਆ, ਕੈਪਟਨ ਨੂੰ ਲਿਖੀ ਚਿੱਠੀ
'Covaxin' ਦੀਆਂ 40,000 ਖੁਰਾਕਾਂ ਨਿੱਜੀ ਹਸਪਤਾਲਾਂ ਨੂੰ ਪੰਜਾਬ ਸਰਕਾਰ ਵੱਲੋਂ 1,060 ਰੁਪਏ ਪ੍ਰਤੀ ਖੁਰਾਕ ਦੇ ਹਿਸਾਬ ਨਾਲ ਵੇਚੀਆਂ ਗਈਆਂ ਅਤੇ ਰਾਜ ਸਰਕਾਰ ਨੇ ਇਸ ਤੋਂ 2,64,00,000 ਰੁਪਏ ਦਾ ਮੁਨਾਫਾ ਕਮਾਇਆ ਹੈ।
ਚੰਡੀਗੜ੍ਹ: ਪ੍ਰਾਈਵੇਟ ਹਸਪਤਾਲਾਂ ਨੂੰ ਕੋਰੋਨਾ ਵੈਕਸੀਨ 'Covaxin' ਦੇ ਟੀਕੇ ਵੇਚੇ ਜਾਣ ਦੇ ਮਾਮਲੇ ਤੇ ਪੰਜਾਬ ਕਾਂਗਰਸ ਲੀਡਰ ਅਤੇ ਰਾਜ ਸਭਾ ਐਮਪੀ ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸ਼ੁਕਰਵਾਰ ਚਿੱਠੀ ਲਿੱਖੀ।ਉਨ੍ਹਾਂ ਕਿਹਾ ਕਿ 'Covaxin' ਦੀਆਂ 40,000 ਖੁਰਾਕਾਂ ਨਿੱਜੀ ਹਸਪਤਾਲਾਂ ਨੂੰ ਪੰਜਾਬ ਸਰਕਾਰ ਵੱਲੋਂ 1,060 ਰੁਪਏ ਪ੍ਰਤੀ ਖੁਰਾਕ ਦੇ ਹਿਸਾਬ ਨਾਲ ਵੇਚੀਆਂ ਗਈਆਂ ਅਤੇ ਰਾਜ ਸਰਕਾਰ ਨੇ ਇਸ ਤੋਂ 2,64,00,000 ਰੁਪਏ ਦਾ ਮੁਨਾਫਾ ਕਮਾਇਆ ਹੈ।
ਉਨ੍ਹਾਂ ਚਿੱਠੀ ਵਿੱਚ ਲਿਖਿਆ ਕਿ, "ਇਸ ਵਿਕਰੀ ਦੀ ਪੁਸ਼ਟੀ ਟੀਕਾਕਰਨ ਲਈ ਪੰਜਾਬ ਦੇ ਨੋਡਲ ਅਫਸਰ ਵਿਕਾਸ ਗਰਗ ਨੇ ਕੀਤੀ ਹੈ।ਇਹ ਨੀਤੀ ਖ਼ਾਸਕਰ ਇਸ ਦੂਜੀ ਲਹਿਰ ਦੇ ਵਿਚਕਾਰ ਬਿਲਕੁਲ ਗਲਤ ਹੈ।ਦੇਸ਼ ਭਰ ਵਿਚ ਅਤੇ ਖ਼ਾਸਕਰ ਪੰਜਾਬ ਰਾਜ ਵਿਚ ਟੀਕਿਆਂ ਦੀ ਘਾਟ ਹੈ। ਕੋਵੀਸ਼ਿਲਡ ਦਾ ਭੰਡਾਰ ਖ਼ਤਮ ਹੋਣ ਤੋਂ ਬਾਅਦ 27 ਮਈ ਨੂੰ ਪੰਜਾਬ ਸਰਕਾਰ ਨੇ 'Covaxin' ਦੀਆਂ 1.14 ਲੱਖ ਖੁਰਾਕਾਂ ਪ੍ਰਾਪਤ ਕੀਤੀਆਂ ਸੀ।"
ਬਾਜਵਾ ਨੇ ਲਿਖਿਆ, “ਦੇਸ਼ ਭਰ ਵਿਚ ਟੀਕਾਕਰਨ ਕੀਤੇ ਜਾ ਰਹੇ ਲੋਕਾਂ ਦੀ ਘੱਟ ਗਿਣਤੀ ਦੇ ਮੱਦੇਨਜ਼ਰ ਰਾਜ ਸਰਕਾਰ ਦਾ ਧਿਆਨ ਇਨ੍ਹਾਂ ਖੁਰਾਕਾਂ ਨੂੰ ਜਨਤਾ ਦੇ ਟੀਕੇ ਲਗਾਉਣ ਲਈ ਕਰਨਾ ਚਾਹੀਦਾ ਸੀ। ਪ੍ਰਾਪਤ ਖੁਰਾਕਾਂ ਦਾ 1/3 ਹਿੱਸਾ ਨਿੱਜੀ ਹਸਪਤਾਲਾਂ ਨੂੰ ਵੇਚ ਕੇ ਮੁਨਾਫਾ ਕਮਾਉਣ ਨਾਲ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਪ੍ਰਤੀ ਆਪਣੇ ਫਰਜ਼ ਵਿੱਚ ਅਸਫਲ ਰਹੀ ਹੈ।"
ਉਨ੍ਹਾਂ ਅੱਗੇ ਇਸ ਮੁਨਾਫੇ ਦੇ ਉਦੇਸ਼ ਤੇ ਸਵਾਲ ਉਠਾਇਆ ਜਿੱਥੇ ਨਿੱਜੀ ਹਸਪਤਾਲਾਂ ਨੇ ਪ੍ਰਤੀ ਖੁਰਾਕ 1,560 ਰੁਪਏ ਨਿਰਧਾਰਤ ਕੀਤੀ ਸੀ।ਵਿਰੋਧੀ ਪਾਰਟੀਆਂ- ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਕਾਂਗਰਸ ਸਰਕਾਰ ਨੂੰ ਨਿੱਜੀ ਹਸਪਤਾਲਾਂ ਨੂੰ ਟੀਕੇ ਵੇਚਣ ਲਈ ਨਿੰਦਾ ਕੀਤੇ ਜਾਣ ਮਗਰੋਂ ਪੰਜਾਬ ਸਰਕਾਰ ਨੇ ਤੁਰੰਤ ਇਸ ਯੂ-ਟਰਨ ਲੈ ਲਿਆ।ਏਬੀਪੀ ਨਿਊਜ਼ ‘ਤੇ ਮਾਮਲਾ ਉੱਠਣ ਮਗਰੋਂ ਕਾਰਵਾਈ ਕਰਦੇ ਹੋਏ ਪੰਜਾਬ ਸਰਕਾਰ ਨੇ ਇਹ ਹੁਕਮ ਵਾਪਸ ਲੈ ਲਏ ਹਨ।ਇਸਦੇ ਨਾਲ ਹੀ, ਸਰਕਾਰ ਨੇ ਨਿੱਜੀ ਹਸਪਤਾਲਾਂ ਕੋਲੋਂ ਉਹ ਟੀਕਾ ਖੁਰਾਕਾਂ ਵੀ ਵਾਪਸ ਲੈ ਲਈਆਂ ਹਨ ਜੋ ਅਜੇ ਇਸਤਮਾਲ ਨਹੀਂ ਹੋਈਆਂ।
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ, "ਪ੍ਰਾਈਵੇਟ ਹਸਪਤਾਲਾਂ ਨੂੰ ਦਿੱਤੇ ਗਏ 42000 ਕੋਰੋਨਾ ਟੀਕੇ ਵਾਪਸ ਲੈ ਲਏ ਹਨ।ਮੁੱਖ ਮੰਤਰੀ ਨੇ ਤੁਰੰਤ ਇਸ ਘਟਨਾ ਅਤੇ ਇਹ ਫੈਸਲਾ ਕੀਤਾ ਹੈ।ਜਿਨ੍ਹਾਂ ਨੇ ਟੀਕੇ ਦੀ ਵਾਧੂ ਕੀਮਤ ਅਦਾ ਕੀਤੀ ਹੈ, ਉਨ੍ਹਾਂ ਨੂੰ ਸਰਕਾਰ ਵੱਲੋਂ ਪੈਸੇ ਰਿਫੰਡ ਵੀ ਕੀਤੇ ਜਾਣਗੇ।"
ਇਸ ਤੋਂ ਇਲਾਵਾ ਹਸਪਤਾਲਾਂ ਵੱਲੋਂ ਵੈਕਸੀਨੇਸ਼ਨ ਫੰਡ ਵਿੱਚ ਦਿੱਤੇ ਗਏ ਪੈਸੇ ਵੀ ਸਰਕਾਰ ਵਾਪਸ ਕਰ ਦੇਵੇਗੀ। ਪੰਜਾਬ ਸਰਕਾਰ ਨੇ ਟੀਕਾ ਫੰਡ ਇਕੱਠੇ ਕਰਨ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ, ਜਿਸ ਵਿੱਚ ਅਮਰਿੰਦਰ ਸਰਕਾਰ ਨਿੱਜੀ ਹਸਪਤਾਲਾਂ ਵੱਲੋਂ ਦਿੱਤੇ ਪੈਸੇ ਹੁਣ ਵਾਪਸ ਕਰੇਗੀ।
ਇਸ ਦੌਰਾਨ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਅਜਿਹੇ ਸਮੇਂ ਪ੍ਰਾਈਵੇਟ ਹਸਪਤਾਲਾਂ ਨੂੰ ਟੀਕਾ ਵੇਚਣ ਤੇ ਸਰਕਾਰ ਦੀ ਨਿੰਦਾ ਕੀਤੀ ਹੈ ਜਦੋਂ ਪੰਜਾਬ ਨੇ ਦੇਸ਼ ਵਿਚ ਸਭ ਤੋਂ ਜ਼ਿਆਦਾ ਕੋਵਿਡ ਮੌਤ ਦਰ ਦੇਖੀ ਹੋਵੇ। ਉਨ੍ਹਾਂ ਕਿਹਾ ਕਿ ਕਥਿਤ “ਟੀਕੇ ਘੁਟਾਲੇ” ਵਿੱਚ ਸ਼ਾਮਲ ਸਾਰੇ ਵਿਅਕਤੀਆਂ ਵਿਰੁੱਧ ਅਪਰਾਧਿਕ ਕੇਸ ਦਰਜ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ “ਇਹ ਟੀਕਾ ਗਰੀਬ ਮਜ਼ਦੂਰ ਜਮਾਤ ਲਈ ਕੇਂਦਰ ਵੱਲੋਂ ਮੁਹੱਈਆ ਕਰਵਾਇਆ ਗਿਆ ਸੀ ਪਰ ਵਪਾਰਕ ਰੇਟਾਂ’ ਤੇ ਪ੍ਰਾਈਵੇਟ ਹਸਪਤਾਲਾਂ ਨੂੰ ਵੇਚਿਆ ਗਿਆ ਜਿਸ ਦੇ ਨਤੀਜੇ ਵਜੋਂ ਇਸ ਵਿੱਚੋਂ ਭਾਰੀ ਪੈਸਾ ਕਮਾਇਆ ਗਿਆ। ”
ਸਰਕਾਰ 'ਤੇ Covaxin ਦੀਆਂ 1.40 ਲੱਖ ਤੋਂ ਵੱਧ ਖੁਰਾਕਾਂ ਵੇਚਣ ਦਾ ਇਲਜ਼ਾਮ ਹੈ, ਜੋ ਕਿ ਉਨ੍ਹਾਂ ਨੂੰ 400 ਰੁਪਏ ਪ੍ਰਤੀ ਖੁਰਾਕ ਮਿਲਦੀ ਹੈ ਅਤੇ ਉਨ੍ਹਾਂ 20 ਨਿੱਜੀ ਹਸਪਤਾਲਾਂ ਨੂੰ 1000 ਰੁਪਏ ਪ੍ਰਤੀ ਟੀਕਾ ਵੇਚਿਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :