Punjab News : ਪੇਡਾ ਵੱਲੋਂ ਸਟੇਟ ਐਨਰਜੀ ਐਫੀਸ਼ੈਂਸੀ ਐਕਸ਼ਨ ਪਲਾਨ ਬਾਰੇ ਭਾਈਵਾਲ ਵਿਭਾਗਾਂ ਕੋਲੋਂ ਸੁਝਾਅ ਮੰਗੇ
State Energy Efficiency - ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਵਿਭਾਗ ਵੱਲੋਂ ਸੂਬੇ ਦੇ ਸਾਰੇ ਭਾਈਵਾਲ ਵਿਭਾਗਾਂ ਕੋਲੋਂ ਸਟੇਟ ਐਨਰਜੀ ਐਫੀਸ਼ੈਂਸੀ ਐਕਸ਼ਨ ਪਲਾਨ (ਐਸ.ਈ.ਈ.ਏ.ਪੀ.) ਬਾਰੇ....
Punjab News - ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਵਿਭਾਗ ਵੱਲੋਂ ਸੂਬੇ ਦੇ ਸਾਰੇ ਭਾਈਵਾਲ ਵਿਭਾਗਾਂ ਕੋਲੋਂ ਸਟੇਟ ਐਨਰਜੀ ਐਫੀਸ਼ੈਂਸੀ ਐਕਸ਼ਨ ਪਲਾਨ (ਐਸ.ਈ.ਈ.ਏ.ਪੀ.) ਬਾਰੇ ਇੱਕ ਹਫ਼ਤੇ ਦੇ ਅੰਦਰ-ਅੰਦਰ ਸੁਝਾਵਾਂ ਦੀ ਮੰਗ ਕੀਤੀ ਗਈ ਹੈ। ਪੇਡਾ ਆਡੀਟੋਰੀਅਮ ਵਿਖੇ ਬਿਊਰੋ ਆਫ਼ ਐਨਰਜੀ ਐਫੀਸ਼ੈਂਸੀ (ਬੀ.ਈ.ਈ.) ਅਤੇ ਐਸੋਸੀਏਟਿਡ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਆਫ਼ ਇੰਡੀਆ (ਐਸੋਚੈਮ) ਦੇ ਸਹਿਯੋਗ ਨਾਲ ਪੇਡਾ ਵੱਲੋਂ ਐਸ.ਈ.ਈ.ਏ.ਪੀ. ਬਾਰੇ ਕਰਵਾਈ ਹਾਫ਼ ਡੇਅ ਸਟੇਕਹੋਲਡਜ਼ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਦੇ ਸੀ.ਈ.ਓ. ਡਾ. ਅਮਰਪਾਲ ਸਿੰਘ ਨੇ ਸਾਰੇ ਵਿਭਾਗਾਂ ਨੂੰ ਜਲਦ ਤੋਂ ਜਲਦ ਆਪਣੇ ਸੁਝਾਅ ਦੇਣ ਦੀ ਅਪੀਲ ਕੀਤੀ।
ਸੀ.ਈ.ਓ. ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਇਮਾਰਤਾਂ, ਉਦਯੋਗਾਂ, ਨਗਰ ਪਾਲਿਕਾਵਾਂ, ਖੇਤੀਬਾੜੀ, ਟਰਾਂਸਪੋਰਟ ਅਤੇ ਹੋਰ ਖੇਤਰਾਂ ਵਿੱਚ ਊਰਜਾ ਕੁਸ਼ਲਤਾ ਨੂੰ ਉਤਸ਼ਾਹਿਤ ਕਰਨ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਤਿਆਰ ਕੀਤੀ ਗਈ ਕਾਰਜ ਯੋਜਨਾ ਊਰਜਾ ਕੁਸ਼ਲਤਾ ਲਈ ਲਾਭਦਾਇਕ ਸਿੱਧ ਹੋਣ ਦੇ ਨਾਲ ਨਾਲ ਕਾਰਬਨ ਦੇ ਨਿਕਾਸ ਨੂੰ ਘਟਾਉਣ ਵਿੱਚ ਵੀ ਮਦਦ ਕਰੇਗੀ। ਉਨ੍ਹਾਂ ਨੇ ਪ੍ਰਭਾਵਸ਼ਾਲੀ ਕਾਰਜ ਯੋਜਨਾ ਤਿਆਰ ਕਰਨ ਵਾਸਤੇ ਵੱਖ-ਵੱਖ ਭਾਈਵਾਲਾਂ ਤੋਂ ਸੁਝਾਅ ਲੈਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਸਾਰੇ ਭਾਈਵਾਲਾਂ ਨੂੰ ਊਰਜਾ ਕੁਸ਼ਲਤਾ ਦੇ ਉਪਾਅ ਲਾਗੂ ਕਰਨ ਦੀ ਅਪੀਲ ਕੀਤੀ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਨ੍ਹਾਂ ਤੋਂ ਲਾਭ ਲੈ ਸਕਣ।
ਸਾਰੇ ਭਾਗੀਦਾਰਾਂ ਦਾ ਸਵਾਗਤ ਕਰਦਿਆਂ ਪੇਡਾ ਦੇ ਡਾਇਰੈਕਟਰ ਸ੍ਰੀ ਐਮ.ਪੀ. ਸਿੰਘ ਨੇ ਸਟੇਟ ਐਨਰਜੀ ਐਫੀਸ਼ੈਂਸੀ ਐਕਸ਼ਨ ਪਲਾਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਾਰੇ ਵਿਭਾਗਾਂ ਦਾ ਉਦੇਸ਼ ਭਾਰਤ ਦੇ ਆਰਥਿਕ ਖੇਤਰ ਵਿੱਚੋਂ ਕਾਰਬਨ ਦੇ ਨਿਕਾਸ ਨੂੰ ਸਾਲ 2030 ਤੱਕ 45 ਫ਼ੀਸਦ ਤੋਂ ਘੱਟ ਕਰਨਾ ਹੈ।
ਐਸੋਚੈਮ ਦੇ ਖੇਤਰੀ ਡਾਇਰੈਕਟਰ ਸ੍ਰੀ ਰਵਿੰਦਰ ਚਾਂਦਲਾ ਨੇ ਕਾਰਜ ਯੋਜਨਾ ਤਿਆਰ ਕਰਨ ਵਿੱਚ ਸਹਿਯੋਗ ਦੇਣ ਅਤੇ ਤਾਲਮੇਲ ਲਈ ਭਾਈਵਾਲ ਵਿਭਾਗਾਂ ਦਾ ਧੰਨਵਾਦ ਕੀਤਾ। ਐਸੋਚੈਮ ਦੇ ਪ੍ਰੋਜੈਕਟ ਮੈਨੇਜਰ ਕੁਸ਼ਾਗਰਾ ਜੁਨੇਜਾ ਅਤੇ ਮੋਹਿਤ ਤ੍ਰਿਪਾਠੀ ਨੇ ਇਮਾਰਤਾਂ, ਉਦਯੋਗਾਂ, ਟਰਾਂਸਪੋਰਟ ਅਤੇ ਖੇਤੀਬਾੜੀ ਵਰਗੇ ਵੱਖ-ਵੱਖ ਖੇਤਰਾਂ ਵਿੱਚ ਊਰਜਾ ਕੁਸ਼ਲਤਾ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਦਿਆਂ ਪੰਜਾਬ ਲਈ ਸਟੇਟ ਐਨਰਜੀ ਐਫੀਸ਼ੈਂਸੀ ਐਕਸ਼ਨ ਪਲਾਨ ਬਾਰੇ ਵਿਸਥਾਰਪੂਰਵਕ ਪੇਸ਼ਕਾਰੀ ਦਿੱਤੀ। ਇਸ ਦੌਰਾਨ ਭਾਈਵਾਲਾਂ ਨਾਲ ਆਵਾਜਾਈ ਖੇਤਰ ਵਿੱਚ ਤਕਨੀਕਾਂ, ਇਮਾਰਤਾਂ ਵਿੱਚ ਊਰਜਾ ਕੁਸ਼ਲਤਾ ਉਪਕਰਨ ਲਗਾਉਣ ਲਈ ਪ੍ਰੋਗਰਾਮ ਨੂੰ ਲਾਗੂ ਕਰਨ, ਇਮਾਰਤਾਂ ਲਈ ਬੀ.ਈ.ਈ. ਸਟਾਰ ਰੇਟਿੰਗਾਂ ਅਤੇ ਸ਼ੂਨਿਆ ਰੇਟਿੰਗ, ਅਤੇ ਉਦਯੋਗਾਂ, ਖੇਤੀਬਾੜੀ ਵਿੱਚ ਊਰਜਾ ਕੁਸ਼ਲਤਾ ਉਪਾਅ ਸ਼ੁਰੂ ਕਰਨ ਅਤੇ ਊਰਜਾ ਕੁਸ਼ਲਤਾ ਪ੍ਰਤੀ ਵਿਵਹਾਰਿਕ ਤਬਦੀਲੀਆਂ ਨੂੰ ਉਤਸ਼ਾਹਿਤ ਕਰਨ ਲਈ ਵਿਆਪਕ ਰਿਪੋਰਟ ਸਾਂਝੀ ਕੀਤੀ ਗਈ।
ਇਸ ਵਰਕਸ਼ਾਪ ਵਿੱਚ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਪਸ਼ੂ ਪਾਲਣ, ਸਿਹਤ ਤੇ ਪਰਿਵਾਰ ਭਲਾਈ, ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਤਕਨਾਲੋਜੀ, ਜਲ ਸਪਲਾਈ ਤੇ ਸੈਨੀਟੇਸ਼ਨ, ਪੰਜਾਬ ਹੈਲਥ ਸਿਸਟਮ, ਪੀ.ਐਸ.ਪੀ.ਸੀ.ਐਲ., ਸਥਾਨਕ ਸਰਕਾਰਾਂ ਅਤੇ ਯੋਜਨਾਬੰਦੀ ਵਿਭਾਗ ਦੇ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਕਾਰਜ ਯੋਜਨਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।