(Source: ECI/ABP News)
ਅਮਰੀਕਾ ’ਚ ਫਾਇਰੰਗਿ ਦੌਰਾਨ ਮਾਰੇ ਗਏ ਤਪਤੇਜ ਸਿੰਘ ਦੇ ਜੱਦੀ ਪਿੰਡ ਗਗੜੇਵਾਲ ’ਚ ਵਿਛੇ ਸੱਥਰ
ਰੇਲ ਗੱਡੀ ਦਾ ਪਾਇਲਟ ਤਪਤੇਜਦੀਪ ਸਿੰਘ ਆਪਣੇ ਪਿੱਛੇ ਬਜ਼ੁਰਗ ਮਾਪਿਆਂ ਤੋਂ ਇਲਾਵਾ ਆਪਣੀ ਪਤਨੀ ਤੇ ਦੋ ਬੱਚੇ ਛੱਡ ਗਿਆ ਹੈ। ਉਨ੍ਹਾਂ ਦਾ ਸਾਰਾ ਪਰਿਵਾਰ ਪਿਛਲੇ ਲਗਪਗ ਦੋ ਦਹਾਕਿਆਂ ਤੋਂ ਅਮਰੀਕਾ ’ਚ ਹੀ ਰਹਿ ਰਿਹਾ ਸੀ।
![ਅਮਰੀਕਾ ’ਚ ਫਾਇਰੰਗਿ ਦੌਰਾਨ ਮਾਰੇ ਗਏ ਤਪਤੇਜ ਸਿੰਘ ਦੇ ਜੱਦੀ ਪਿੰਡ ਗਗੜੇਵਾਲ ’ਚ ਵਿਛੇ ਸੱਥਰ people in grief at native village of taptej singh who got killed in san jose usa firing ਅਮਰੀਕਾ ’ਚ ਫਾਇਰੰਗਿ ਦੌਰਾਨ ਮਾਰੇ ਗਏ ਤਪਤੇਜ ਸਿੰਘ ਦੇ ਜੱਦੀ ਪਿੰਡ ਗਗੜੇਵਾਲ ’ਚ ਵਿਛੇ ਸੱਥਰ](https://feeds.abplive.com/onecms/images/uploaded-images/2021/05/28/79533eb2e463a0da652fcd54680aa694_original.jpg?impolicy=abp_cdn&imwidth=1200&height=675)
ਮਹਿਤਾਬ-ਉਦ-ਦੀਨ
ਚੰਡੀਗੜ੍ਹ/ਤਰਨ ਤਾਰਨ: ਅਮਰੀਕੀ ਸੂਬੇ ਕੈਲੀਫ਼ੋਰਨੀਆ ਦੇ ਸ਼ਹਿਰ ਸੈਨ ਹੋਜ਼ੇ ’ਚ ਇੱਕ ਸਿਰਫਿਰੇ ਵੱਲੋਂ ਕੀਤੀ ਗੋਲੀਬਾਰੀ ਦੌਰਾਨ ਮਾਰੇ ਗਏ 36 ਸਾਲਾ ਪੰਜਾਬੀ ਨੌਜਵਾਨ ਤਪਤੇਜਦੀਪ ਸਿੰਘ ਗਿੱਲ ਦੇ ਜੱਦੀ ਪਿੰਡ ਗਗੜੇਵਾਲ ’ਚ ਸੱਥਰ ਵਿੱਛ ਗਏ ਹਨ। ਤਰਨ ਤਾਰਨ ਜ਼ਿਲ੍ਹੇ ਦੀ ਖਡੂਰ ਸਾਹਿਬ ਸਬ ਡਿਵੀਜਨ ਦੇ ਇਕੱਲੇ ਪਿੰਡ ਗਗੜੇਵਾਲ ’ਚ ਹੀ ਨਹੀਂ, ਆਲੇ-ਦੁਆਲੇ ਦੇ ਅਨੇਕ ਪਿੰਡਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਤੇ ਹਰੇਕ ਅੱਖ ਕੱਲ੍ਹ ਨਮ ਹੋ ਗਈ।
ਰੇਲ ਗੱਡੀ ਦਾ ਪਾਇਲਟ ਤਪਤੇਜਦੀਪ ਸਿੰਘ ਆਪਣੇ ਪਿੱਛੇ ਬਜ਼ੁਰਗ ਮਾਪਿਆਂ ਤੋਂ ਇਲਾਵਾ ਆਪਣੀ ਪਤਨੀ ਤੇ ਦੋ ਬੱਚੇ ਛੱਡ ਗਿਆ ਹੈ। ਉਨ੍ਹਾਂ ਦਾ ਸਾਰਾ ਪਰਿਵਾਰ ਪਿਛਲੇ ਲਗਪਗ ਦੋ ਦਹਾਕਿਆਂ ਤੋਂ ਅਮਰੀਕਾ ’ਚ ਹੀ ਰਹਿ ਰਿਹਾ ਸੀ। ਉਸ ਦੇ ਇੱਕ ਬੱਚੇ ਦੀ ਉਮਰ ਅੱਠ ਤੇ ਦੂਜੇ ਦੀ ਦੋ ਸਾਲ ਹੈ। ਤਪਤੇਜਦੀਪ ਸਿੰਘ ਦੋ ਕੁ ਦਹਾਕੇ ਪਹਿਲਾਂ ਆਪਣੇ ਪਿਤਾ ਸਰਬਜੀਤ ਸਿੰਘ ਗਿੱਲ ਤੇ ਤਾਏ ਨਾਲ ਅਮਰੀਕਾ ਗਿਆ ਸੀ। ਇਸ ਵੇਲੇ ਗਗੜੇਵਾਲ ਪਿੰਡ ’ਚ ਸਥਿਤ ਉਨ੍ਹਾਂ ਦੇ ਘਰ ਨੂੰ ਜਿੰਦਰਾ ਲੱਗਾ ਹੋਇਆ ਹੈ।
ਪਿੰਡ ਗਗੜੇਵਾਲ ’ਚ ਤਪਤੇਜਦੀਪ ਸਿੰਘ ਦੇ ਘਰ ਨੇੜੇ ਰਹਿੰਦੇ ਕਸ਼ਮੀਰ ਸਿੰਘ, ਜੋ ਪਿੰਡ ਦੇ ਸਾਬਕਾ ਸਰਪੰਚ ਵੀ ਹਨ, ਨੇ ਦੱਸਿਆ ਕਿ ਉਸ ਦੇ ਚਾਚੇ-ਤਾਏ ਇੰਦਰਜੀਤ ਸਿੰਘ, ਰਣਜੀਤ ਸਿੰਘ ਤੇ ਅਮਰਜੀਤ ਸਿੰਘ ਹੁਣ ਸਭ ਅਮਰੀਕਾ ’ਚ ਹੀ ਸੈਟਲ ਹਨ। ਤਪਤੇਜਦੀਪ ਸਿੰਘ ਤੇ ਉਸ ਦਾ ਪਰਿਵਾਰ ਘੱਟ ਹੀ ਕਦੇ ਪੰਜਾਬ ਆਇਆ ਸੀ ਪਰ ਫਿਰ ਵੀ ਫ਼ੋਨ ਉੱਤੇ ਉਨ੍ਹਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ। ਸਾਰਾ ਪਿੰਡ ਤਪਤੇਜਦੀਪ ਸਿੰਘ ਦੀ ਮੌਤ ਨੂੰ ਆਪਣਾ ਨਿੱਜੀ ਦੁੱਖ ਮੰਨਦਾ ਹੈ।
ਅਮਰੀਕਾ ’ਚ ਹੀ ਰਹਿੰਦੇ ਚਚੇਰੇ ਭਰਾ ਬੱਗਾ ਸਿੰਘ ਨੇ ਦੱਸਿਆ ਕਿ ਉਸ ਦਾ ‘ਕਜ਼ਨ’ ਤਪਤੇਜਦੀਪ ਸਿੰਘ ਇੱਕ ਰੇਲ ਗੱਡੀ ਦਾ ਪਾਇਲਟ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਟ੍ਰਾਂਜ਼ਿਟ ਏਜੰਸੀ ‘ਸੈਂਟਾ ਕਲਾਰਾ ਵੈਲੀ ਟ੍ਰਾਂਸਪੋਰਟੇਸ਼ਨ ਅਥਾਰਟੀ’ ਲਈ ਕੰਮ ਕਰਦਾ ਹੈ। ਸਿਰਫ਼ ਤਪਤੇਜਦੀਪ ਸਿੰਘ ਹੀ ਬੁੱਧਵਾਰ ਦੀ ਸਵੇਰ ਨੂੰ ਡਿਊਟੀ ’ਤੇ ਸੀ, ਜਦੋਂ ਗੋਲੀਬਾਰੀ ਹੋਈ।
ਦੱਸ ਦੇਈਏ ਕਿ ਲੰਘੀ 15 ਅਪ੍ਰੈਲ ਨੂੰ ਅਮਰੀਕਨ ਸੂਬੇ ਇੰਡੀਆਨਾ ਦੇ ਸ਼ਹਿਰ ਇੰਡੀਆਨਾਪੋਲਿਸ ਦੀ ਫ਼ੈੱਡਐਕਸ ਸੁਵਿਧਾ ਵਿੱਚ ਵੀ ਇੰਝ ਹੀ ਗੋਲੀਬਾਰੀ ਦੀ ਘਟਨਾ ਦੌਰਾਨ ਤਿੰਨ ਬੀਬੀਆਂ ਸਮੇਤ ਚਾਰ ਸਿੱਖ ਮਾਰੇ ਗਏ ਸਨ। ਉੱਥੇ ਗੋਲੀਬਾਰੀ ’ਚ ਕੁੱਲ ਨੌਂ ਵਿਅਕਤੀ ਮਰੇ ਸਨ। ਬਾਅਦ ’ਚ ਕਾਤਲ ਨੇ ਵੀ ਖ਼ੁਦਕੁਸ਼ੀ ਕਰ ਲਈ ਸੀ।
ਅਮਰੀਕਾ ’ਚ ਗੋਲੀਬਾਰੀ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ ਪਰ ਹੁਣ ਪਿਛਲੇ ਕੁਝ ਸਮੇਂ ਦੌਰਾਨ ਅਜਿਹੀਆਂ ਵਾਰਦਾਤਾਂ ਦੌਰਾਨ ਸਿੱਖਾਂ ਦੇ ਮਾਰੇ ਜਾਣ ਕਾਰਣ ਦੁਨੀਆ ਭਰ ਦਾ ਸਮੂਹ ਪੰਜਾਬੀ ਭਾਈਚਾਰਾ ਡਾਢਾ ਚਿੰਤਤ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)