Punjab Election 2022: ਪੰਜਾਬ ਚੋਣਾਂ ਦੀ ਦਿਸ਼ਾ ਤੈਅ ਕਰੇਗਾ ਦਲਿਤ ਭਾਈਚਾਰਾ! ਚੋਣ ਤਾਰੀਖ ਵਧਣ ਮਗਰੋਂ ਰਵੀਦਾਸੀਆ ਸਮਾਜ ਬਾਰੇ ਛਿੜੀ ਚਰਚਾ
Punjab Election: ਪੰਜਾਬ ਦੀ ਰਾਜਨੀਤੀ ਵਿੱਚ ਦਲਿਤ ਵੋਟ ਦੇ ਪ੍ਰਭਾਵ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਿਵੇਂ ਹੀ ਰਵੀਦਾਸੀਆ ਭਾਈਚਾਰੇ ਨੇ ਚੋਣਾਂ ਦੀਆਂ ਤਰੀਕਾਂ ਨੂੰ ਅੱਗੇ ਵਧਾਉਣ ਦੀ ਗੱਲ ਕੀਤੀ ਤਾਂ ਸਾਰੀਆਂ ਸਿਆਸੀ ਪਾਰਟੀਆਂ ਨੇ ਇਸ ਸਬੰਧੀ ਆਵਾਜ਼ ਚੁੱਕੀ।
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਰਵੀਦਾਸ ਜੈਅੰਤੀ ਦੇ ਮੱਦੇਨਜ਼ਰ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੀ ਤਰੀਕ ਵਿੱਚ ਬਦਲਾਅ ਕੀਤਾ ਗਿਆ ਹੈ। ਇਸ ਕਦਮ ਨੇ ਇੱਕ ਵਾਰ ਫਿਰ ਸੂਬੇ ਵਿੱਚ ਦਲਿਤ ਵੋਟ ਦੀ ਤਾਕਤ ਨੂੰ ਦਰਸਾਇਆ ਹੈ। ਚੋਣ ਕਮਿਸ਼ਨ ਦੇ ਇਸ ਫੈਸਲੇ ਨੇ ਇੱਕ ਵਾਰ ਫਿਰ ਦਲਿਤ ਸਮਾਜ ਦੇ ਲੋਕਾਂ ਤੇ ਉਨ੍ਹਾਂ ਦੀ ਅਗਵਾਈ ਕਰਨ ਵਾਲੇ ਡੇਰਿਆਂ ਦੀ ਅਹਿਮੀਅਤ ਵਧਾ ਦਿੱਤੀ ਹੈ। ਦੱਸ ਦਈਏ ਕਿ ਪੰਜਾਬ 'ਚ ਪਹਿਲਾਂ 14 ਫਰਵਰੀ ਨੂੰ ਚੋਣਾਂ ਦੀ ਤਾਰੀਖ ਤੈਅ ਕੀਤੀ ਗਈ ਸੀ। 16 ਫਰਵਰੀ ਨੂੰ ਰਵੀਦਾਸ ਜੈਅੰਤੀ ਕਰਕੇ ਲੱਖਾਂ ਲੋਕ ਬਨਾਰਸ ਜਾਂਦੇ ਹਨ ਤੇ ਉਹ ਚੋਣਾਂ 'ਚ ਹਿੱਸਾ ਨਾ ਲੈ ਪਾਉਂਦੇ। ਇਸ ਲਈ ਚੋਣ ਕਮਿਸ਼ਨ ਨੇ ਚੋਣਾਂ ਦੀ ਤਾਰੀਖ 20 ਫਰਵਰੀ ਕਰ ਦਿੱਤੀ ਹੈ।
ਅਸਲ ਵਿੱਚ ਹੁਣ ਤੱਕ ਪੰਜਾਬ ਵਿੱਚ ਦਲਿਤ ਭਾਈਚਾਰੇ ਨਾਲ ਸਬੰਧਤ ਡੇਰਾ ਸੱਚਖੰਡ ਬੱਲਾਂ ਦੀ ਅਗਵਾਈ ਵਿੱਚ ਚੱਲ ਰਹੀ ਰਵੀਦਾਸੀਆ ਲਹਿਰ ਬਾਰੇ ਸੀਮਤ ਲੋਕ ਹੀ ਜਾਣੂ ਸੀ। ਜਲੰਧਰ ਤੋਂ ਬਾਹਰ ਇਸ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਸੀ ਪਰ ਚੋਣਾਂ ਦੀਆਂ ਤਰੀਕਾਂ ਬਦਲਦੇ ਹੀ ਇਹ ਰਾਸ਼ਟਰੀ ਮੰਚ 'ਤੇ ਚਰਚਾ ਦਾ ਵਿਸ਼ਾ ਬਣ ਗਿਆ। ਦੱਸਿਆ ਜਾ ਰਿਹਾ ਹੈ ਕਿ ਰਵੀਦਾਸ ਜੈਅੰਤੀ ਕਾਰਨ ਹੁਣ ਦਲਿਤ ਭਾਈਚਾਰਾ ਇੱਕ ਵਾਰ ਫਿਰ ਪੰਜਾਬ ਦੀ ਚੋਣਾਵੀ ਸਿਆਸਤ ਵਿੱਚ ਦੰਗਲ ਦਾ ਕੇਂਦਰ ਹੈ।
ਪੰਜਾਬ ਦੀ ਰਾਜਨੀਤੀ ਵਿੱਚ ਦਲਿਤ ਵੋਟ ਦੇ ਪ੍ਰਭਾਵ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਿਵੇਂ ਹੀ ਰਵੀਦਾਸੀਆ ਭਾਈਚਾਰੇ ਨੇ ਚੋਣਾਂ ਦੀਆਂ ਤਰੀਕਾਂ ਨੂੰ ਅੱਗੇ ਵਧਾਉਣ ਦੀ ਗੱਲ ਕੀਤੀ ਤਾਂ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀ ਆਵਾਜ਼ ਬੁਲੰਦ ਕਰਦਿਆਂ ਚੋਣ ਕਮਿਸ਼ਨ ਦੇ ਬੂਹੇ ਤੱਕ ਪਹੁੰਚ ਕੀਤੀ।
ਹੁਣ ਜਾਣੋ ਕੀ ਆਖਰ ਰਵੀਦਾਸੀਆ ਸਮਾਜ ਕਿਉਂ ਜ਼ਰੂਰੀ?
2011 ਦੀ ਮਰਦਮਸ਼ੁਮਾਰੀ ਮੁਤਾਬਕ ਪੰਜਾਬ ਵਿੱਚ ਵੋਟਰਾਂ ਦੀ ਗਿਣਤੀ 2.12 ਕਰੋੜ ਦੇ ਕਰੀਬ ਹੈ, ਜਿਨ੍ਹਾਂ ਵਿੱਚੋਂ 50 ਲੱਖ ਤੋਂ ਵੱਧ ਲੋਕ ਭਾਵ 25 ਫੀਸਦੀ ਦੇ ਕਰੀਬ ਡੇਰਿਆਂ ਨਾਲ ਜੁੜੇ ਹੋਏ ਹਨ। ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਲਗਪਗ 32 ਫੀਸਦੀ ਆਬਾਦੀ ਦਲਿਤ ਹੈ। ਇਸ ਦੇ ਨਾਲ ਹੀ ਦੁਆਬਾ ਭਾਵ 52 ਲੱਖ ਦੀ ਆਬਾਦੀ ਵਾਲੇ ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ ਤੇ ਕਪੂਰਥਲਾ ਜ਼ਿਲ੍ਹਿਆਂ 'ਚ 20 ਲੱਖ ਦੇ ਕਰੀਬ ਲੋਕ ਯਾਨੀ 37 ਫੀਸਦੀ ਦਲਿਤ ਭਾਈਚਾਰੇ ਨਾਲ ਸਬੰਧਤ ਹਨ। ਇਸ ਵਿੱਚ ਵੀ ਕਰੀਬ 12 ਲੱਖ ਦੀ ਆਬਾਦੀ ਰਵੀਦਾਸੀਆ ਭਾਈਚਾਰੇ ਦੀ ਹੈ।
ਦੱਸ ਦਈਏ ਕਿ ਇਹ ਆਬਾਦੀ ਪ੍ਰਭਾਵ ਦਾ ਸਭ ਤੋਂ ਵੱਡਾ ਕਾਰਨ ਹੈ, ਕਿਉਂਕਿ ਸਿਆਸੀ ਪਾਰਟੀਆਂ ਇਸ ਨੂੰ ਵੱਡੇ ਵੋਟ ਬੈਂਕ ਵਜੋਂ ਦੇਖਦੀਆਂ ਹਨ ਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਪਰੇਸ਼ਾਨ ਨਹੀਂ ਕਰਨਾ ਚਾਹੁੰਦੀਆਂ। ਇਹੀ ਕਾਰਨ ਹੈ ਕਿ ਚੋਣਾਂ ਦੀਆਂ ਤਰੀਕਾਂ ਵਧਾਉਣ ਦੀ ਮੰਗ ਨੂੰ ਲੈ ਕੇ ਤੁਰੰਤ ਸਾਰੀਆਂ ਪਾਰਟੀਆਂ ਇਕਜੁੱਟ ਹੋ ਕੇ ਖੜ੍ਹੀਆਂ ਨਜ਼ਰ ਆਈਆਂ। ਹੁਣ ਜਦੋਂ ਇੱਕ ਵਿਸ਼ੇਸ਼ ਭਾਈਚਾਰੇ ਕਾਰਨ ਚੋਣਾਂ ਦੀਆਂ ਤਰੀਕਾਂ ਨੂੰ ਅੱਗੇ ਵਧਾ ਦਿੱਤਾ ਗਿਆ ਹੈ ਤਾਂ ਮੁਮਕਿਨ ਹੈ ਕਿ ਇਸ ਨਾਲ ਰਵਿਦਾਸੀਆ ਭਾਈਚਾਰੇ ਦੇ ਲੋਕਾਂ ਨੂੰ ਆਪਣੀ ਪਛਾਣ ਲਈ ਲੜ ਰਹੀ ਲਹਿਰ ਵਿੱਚ ਮਦਦ ਮਿਲੇਗੀ।
22 ਸੀਟਾਂ 'ਤੇ ਜਿੱਤ-ਹਾਰ ਵਿਚਕਾਰ ਖੜ੍ਹਾ ਇਹ ਭਾਈਚਾਰਾ
ਦਰਅਸਲ ਪੰਜਾਬ ਦੀਆਂ 22 ਵਿਧਾਨ ਸਭਾ ਸੀਟਾਂ 'ਤੇ ਰਵਿਦਾਸੀਆ ਸਮਾਜ ਦੇ ਲੋਕਾਂ ਦਾ ਸਿੱਧਾ ਪ੍ਰਭਾਵ ਹੈ। ਇਸ ਵਿੱਚ ਜਲੰਧਰ ਜ਼ਿਲ੍ਹੇ ਦੀਆਂ 9, ਹੁਸ਼ਿਆਰਪੁਰ ਜ਼ਿਲ੍ਹੇ ਦੀਆਂ 6, ਨਵਾਂਸ਼ਹਿਰ ਜ਼ਿਲ੍ਹੇ ਦੀਆਂ 3 ਤੇ ਕਪੂਰਥਲਾ ਜ਼ਿਲ੍ਹੇ ਦੀਆਂ 4 ਵਿਧਾਨ ਸਭਾ ਸੀਟਾਂ ਸ਼ਾਮਲ ਹਨ। ਇੱਥੇ ਦਲਿਤ ਸਮਾਜ ਦੇ ਲੋਕਾਂ ਅਤੇ ਡੇਰਾ ਸੱਚਖੰਡ ਬੱਲਾਂ ਦੇ ਪੈਰੋਕਾਰਾਂ ਦੀ ਗਿਣਤੀ ਲੱਖਾਂ ਵਿੱਚ ਹੈ। ਉਹ ਹਰ ਚੋਣ ਵਿੱਚ ਸਰਕਾਰ ਬਣਾਉਣ ਅਤੇ ਪਾਰਟੀਆਂ ਦੀ ਜਿੱਤ-ਹਾਰ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਹੀ ਕਾਰਨ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਚੋਣਾਵੀ ਲਾਭ ਲਈ ਹਰ ਵਾਰ ਇੱਥੇ ਮੱਥਾ ਟੇਕਦੀਆਂ ਨਜ਼ਰ ਆਉਂਦੀਆਂ ਹਨ।
ਹਾਲ ਹੀ ਵਿੱਚ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਸੱਚਖੰਡ ਡੇਰਾ ਬੱਲਾਂ ਦਾ ਦੌਰਾ ਕਰਕੇ ਡੇਰੇ ਦੇ ਮੁਖੀ ਸੰਤ ਨਿਰੰਜਨ ਦਾਸ ਨਾਲ ਮੁਲਾਕਾਤ ਕੀਤੀ ਤੇ ਗੁਰੂ ਰਵਿਦਾਸ ਸਟੱਡੀ ਸੈਂਟਰ ਲਈ 25 ਕਰੋੜ ਰੁਪਏ ਦਾ ਚੈੱਕ ਸੌਂਪਿਆ। ਉਨ੍ਹਾਂ ਤੋਂ ਇਲਾਵਾ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸ਼੍ਰੋਮਣੀ ਅਕਾਲੀ ਦਲ (ਸ਼੍ਰੋਮਣੀ ਅਕਾਲੀ ਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਭਾਜਪਾ ਦੇ ਕਈ ਦਿੱਗਜ਼ ਆਗੂ ਇੱਥੇ ਆ ਚੁੱਕੇ ਹਨ।
ਇਹ ਵੀ ਪੜ੍ਹੋ: ਰੋਜ਼ਾਨਾ ਕਮਾਓ 16,000 ਰੁਪਏ ਰੋਜ਼ਾਨਾ, ਕੰਮ ਸਿਰਫ਼ ਖੜ੍ਹੇ ਹੋਣਾ! ਜਾਣੋ ਇਸ ਬਾਰੇ ਪੂਰੀ ਕਹਾਣੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin