Punjab Bandh: ਕਿਸਾਨ ਅੰਦੋਲਨ ਹੋਵੇਗਾ ਤੇਜ਼, 30 ਦਸੰਬਰ ਨੂੰ ਪੰਜਾਬ ਬੰਦ ਦਾ ਐਲਾਨ
ਅੱਜ ਪੰਜਾਬ ਭਰ ਵਿਚ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਕਿਸਾਨਾਂ ਨੇ 3 ਘੰਟੇ ਲਈ ਰੇਲਾਂ ਰੋਕੀਆਂ ਗਈਆਂ। ਹੁਣ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਵੱਡਾ ਐਲਾਨ ਕੀਤਾ ਹੈ।
Punjab Bandh: ਪਿਛਲੇ 10 ਮਹੀਨਿਆਂ ਤੋਂ ਦਿੱਲੀ ਕੂਚ ਦੇ ਐਲਾਨ ਨਾਲ ਸ਼ੁਰੂ ਹੋਇਆ ਦਿੱਲੀ ਅੰਦੋਲਨ 2 ਲਗਾਤਾਰ ਸ਼ੰਭੂ, ਖਨੌਰੀ ਤੇ ਰਤਨਪੁਰਾਂ (ਰਾਜਸਥਾਨ) ਬਾਰਡਰਾਂ ਉੱਤੇ ਚੱਲ ਰਿਹਾ ਹੈ। ਅੱਜ ਪੰਜਾਬ ਭਰ ਵਿਚ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਕਿਸਾਨਾਂ ਨੇ 3 ਘੰਟੇ ਲਈ ਰੇਲਾਂ ਰੋਕੀਆਂ ਗਈਆਂ। ਹੁਣ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਵੱਡਾ ਐਲਾਨ ਕੀਤਾ ਹੈ। ਪ੍ਰੈਸ ਕਾਨਫਰੰਸ ਦੌਰਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ 30 ਦਸੰਬਰ ਨੂੰ ਪੂਰੇ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ।
ਇਸ ਮੌਕੇ ਅੰਮ੍ਰਿਤਸਰ ਦਿੱਲੀ ਰੇਲ ਲਾਈਨ ਤੇ ਦੇਵੀਦਾਸਪੁਰ ਰੇਲ ਫਾਟਕ ਤੋਂ ਗੱਲ ਕਰਦੇ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅੱਜ ਦੇ ਰੇਲ ਰੋਕੋ ਵਿੱਚ ਪੰਜਾਬ ਭਰ ਤੋਂ ਲੱਖਾਂ ਕਿਸਾਨ, ਮਜ਼ਦੂਰ, ਬੀਬੀਆਂ, ਨੌਜਵਾਨ ਅਤੇ ਖੇਤੀ ਮੰਡੀ ਨਾਲ ਸੰਬੰਧਿਤ ਸਾਰੇ ਵਰਗ ਜਿਵੇਂ ਛੋਟੇ ਦੁਕਾਨਦਾਰ, ਛੋਟੇ ਵਪਾਰੀਆਂ ਵੱਲੋਂ ਭਰਪੂਰ ਸਹਿਯੋਗ ਮਿਲਿਆ ਹੈ। ਉਹਨਾਂ ਕਿਹਾ ਕਿ ਭਾਰਤ ਸਰਕਾਰ ਦੇਸ਼ ਦੀ ਖੇਤੀ ਸਮੇਤ ਸਭ ਜਨਤਕ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਦਾ ਤਹਈਆ ਕਰ ਚੁੱਕੀ ਹੈ ਪਰ ਅੱਜ ਦੇਸ਼ ਦਾ ਅੰਨਦਾਤਾ ਜਾਗ ਚੁੱਕਾ ਹੈ ਅਤੇ ਸਰਕਾਰ ਦੇ ਇਹ ਮਨਸੂਬੇ ਪੂਰੇ ਨਹੀਂ ਹੋਣ ਦਿੱਤੇ ਜਾਣਗੇ।
ਉਹਨਾਂ ਕਿਹਾ ਕਿ ਦੇਸ਼ ਦਾ ਖੇਤੀਬਾੜੀ ਮੰਤਰੀ ਸੰਸਦ ਵਿੱਚ ਖੜ੍ਹ ਕੇ ਝੂਠ ਬੋਲ ਰਿਹਾ ਹੈ ਕਿ ਗੁੰਮਰਾਹਕੁੰਨ ਬਿਆਨ ਦੇ ਕਿ ਕਿਸਾਨਾਂ ਮਜਦੂਰਾਂ ਨੂੰ ਵਰਗਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਮੋਦੀ ਸਰਕਾਰ ਦਿੱਲੀ ਅੰਦੋਲਨ 1 ਦੌਰਾਨ ਰੱਦ ਕੀਤੇ ਤਿੰਨੇ ਕਾਲੇ ਖੇਤੀ ਕਾਨੂੰਨ ਦੁਬਾਰਾ ਖੇਤੀ ਮਾਰਕੀਟਿੰਗ ਨੀਤੀ ਦੇ ਨਾਮ ਹੇਠ ਲਿਆ ਕੇ ਰਾਜਾਂ ਨੂੰ ਲਾਗੂ ਕਰਨ ਲਈ ਕਹਿ ਕੇ ਮੋਦੀ ਹਕੂਮਤ ਖੇਤੀ ਮੰਡੀ ਖਤਮ ਕਰਕੇ ਸਾਇਲੋ ਗੁਦਾਮਾਂ ਨੂੰ ਮੰਡੀ ਯਾਰਡ ਘੋਸ਼ਿਤ ਕਰਕੇ ਦੇਸ਼ ਦੇ 68 ਕਰੋੜ ਕਿਸਾਨਾਂ ਨੂੰ ਖੇਤੀ ਕਿੱਤੇ ਵਿੱਚੋਂ ਬਾਹਰ ਕੱਢਣ ਦੇ ਮਨਸੂਬੇ ਲਾਗੂ ਕਰ ਰਹੀ ਹੈ।
ਉਹਨਾਂ ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਸਾਨ ਅੰਦੋਲਨ ਬਾਰੇ ਸਾਜ਼ਿਸ਼ੀ ਚੁੱਪੀ ਧਾਰੀ ਹੋਈ ਹੈ । ਉਹਨਾਂ ਦੇਸ਼ ਭਰ ਦੀਆਂ ਕਿਸਾਨ ਮਜ਼ਦੂਰ ਜੱਥੇਬੰਦੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਆਪਸੀ ਏਕਾ ਬਣਾਕੇ ਸੰਘਰਸ਼ ਨੂੰ ਹੋਰ ਵਿਆਪਕ ਬਣਾਇਆ ਜਾਵੇ। ਉਹਨਾਂ ਕਿਹਾ ਕਿ ਜਿੰਨੀ ਦੇਰ ਅੰਦੋਲਨ ਦੀਆਂ ਸਾਰੀਆਂ ਮੰਗਾਂ ਤੇ ਸਰਕਾਰ ਵੱਲੋਂ ਠੋਸ ਕਦਮ ਨਹੀਂ ਚੁੱਕੇ ਜਾਂਦੇ ਓਨੀ ਦੇਰ ਅੰਦੋਲਨ ਜਾਰੀ ਰਹੇਗਾ ਅਤੇ ਅਗਰ ਡੱਲੇਵਾਲ ਜੀ ਦਾ ਜਾਨੀ ਨੁਕਸਾਨ ਹੁੰਦਾ ਹੈ ਤਾਂ ਸਰਕਾਰ ਨੂੰ ਇਸਦੇ ਵੱਡੇ ਖਾਮਿਆਜ਼ੇ ਭੁਗਤਣੇ ਪੈਣਗੇ।
ਉਹਨਾਂ ਜਾਣਕਾਰੀ ਦਿੱਤੀ ਕਿ ਕੇਂਦਰ ਸਰਕਾਰ ਵੱਲੋਂ 101 ਕਿਸਾਨਾਂ ਮਜਦੂਰਾਂ ਦੇ ਜਥਿਆਂ ਤੇ ਕੀਤੇ ਗਏ ਤਸ਼ੱਦਦ ਅਤੇ ਖਨੌਰੀ ਬਾਡਰ ਤੇ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਜੀ ਦੀ ਨਾਜ਼ੁਕ ਹਾਲਤ ਦੇ ਸਦਮੇ ਕਾਰਨ ਸ਼ੰਭੂ ਬਾਰਡਰ ਤੇ ਸਲਫਾਸ ਨਿਗਲਣ ਵਾਲੇ ਜੇਰੇ-ਇਲਾਜ਼ ਰਣਜੋਧ ਸਿੰਘ ਵਾਸੀ ਪਿੰਡ ਰਤਨਹੇੜੀ, ਖੰਨਾ ਦੀ ਦੁਖਦ ਮੌਤ ਹੋ ਗਈ ਹੈ।
ਪੰਜਾਬ ਬੰਦ ਦਾ ਸੱਦਾ
ਉਹਨਾਂ ਨੇ ਪੰਜਾਬ ਸਰਕਾਰ ਕੋਲੋਂ ਕੇਂਦਰ ਦੇ ਗ੍ਰਹਿ ਮੰਤਰੀ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਕਰਦੇ ਕਿਹਾ ਕਿ ਮ੍ਰਿਤਕ ਕਿਸਾਨ ਆਪਣਾ ਹਲਫ਼ਨਾਮਾ ਜਾਰੀ ਕਰਕੇ ਦੱਸ ਗਿਆ ਹੈ ਕਿ ਉਸਦੀ ਮੌਤ ਕਿ ਕੇਂਦਰ ਸਰਕਾਰ ਜ਼ਿੰਮੇਵਾਰ ਹੈ। ਉਹਨਾਂ ਪੰਜਾਬ ਸਰਕਾਰ ਕੋਲੋਂ ਮ੍ਰਿਤਕ ਦੇ ਪਰਿਵਾਰ ਲਈ 25 ਲੱਖ ਦੀ ਮਾਲੀ ਸਹਾਇਤਾ, ਕੁਲ ਕਰਜ਼ਾ ਖਤਮ ਕਰਨ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਦਿੱਤੇ ਜਾਣ ਦੀ ਮੰਗ ਕੀਤੀ। ਉਹਨਾਂ ਜਾਣਕਾਰੀ ਦਿੱਤੀ ਕਿ ਦੋਨਾਂ ਫੋਰਮਾਂ ਵੱਲੋਂ 30 ਦਸੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਜਾ ਰਿਹਾ ਹੈ ਜਿਸ ਦੌਰਾਨ ਐਮਰਜੰਸੀ ਸੇਵਾਵਾਂ ਜਾਰੀ ਰਹਿਣਗੀਆਂ । ਉਹਨਾਂ ਪੂਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਸਾਨ ਮਜਦੂਰ ਅਤੇ ਸਮੂਹ ਪੰਜਾਬ ਦੇ ਭਲੇ ਲਈ ਪੰਜਾਬ ਬੰਦ ਵਿੱਚ ਸਹਿਯੋਗ ਕੀਤਾ ਜਾਵੇ। ਇੱਸ ਮੌਕੇ ਤੇ ਕਿਸਾਨ ਆਗੂ ਜਸਵਿੰਦਰ ਸਿੰਘ ਲੌਂਗੋਵਾਲ, ਸੁਰਜੀਤ ਸਿੰਘ ਫੂਲ, ਸਵਿੰਦਰ ਸਿੰਘ ਚੌਤਾਲਾ, ਅਸ਼ੋਕ ਬਲਾਰਾ, ਤੇਜਵੀਰ ਸਿੰਘ ਪੰਜੋਖੜਾ ਸਾਹਿਬ, ਗੁਰਅਮਨੀਤ ਸਿੰਘ ਮਾਂਗਟ, ਪਰਮਜੀਤ ਸਿੰਘ, ਜੰਗ ਸਿੰਘ ਭਧੇੜੀ, ਚਮਕੌਰ ਸਿੰਘ ਹਾਜ਼ਰ ਰਹੇ।