ਪੰਜਾਬ ਕੈਬਿਨਟ ਦੀ ਅੱਜ ਫਿਰ ਮੀਟਿੰਗ, ਹੋਣਗੇ ਅਹਿਮ ਫੈਸਲੇ
ਪੰਜਾਬ ਕੈਬਿਨਟ ਦੀ ਮੀਟਿੰਗ ਅੱਜ ਫਿਰ ਹੋ ਰਹੀ ਹੈ। ਇਹ ਮੀਟਿੰਗ ਪਹਿਲਾਂ 7 ਵਜੇ ਹੋਣੀ ਸੀ ਜੋ ਹੁਣ 6:30 ਵਜੇ ਹੋਵੇਗੀ। ਮੀਟਿੰਗ ਪੰਜਾਬ ਭਵਨ ਦੀ ਥਾਂ ਸੀਐਮ ਦੀ ਰਿਹਾਇਸ਼ 'ਤੇ ਹੋਵੇਗੀ।
ਚੰਡੀਗੜ੍ਹ: ਪੰਜਾਬ ਕੈਬਿਨਟ ਦੀ ਮੀਟਿੰਗ ਅੱਜ ਫਿਰ ਹੋ ਰਹੀ ਹੈ। ਇਹ ਮੀਟਿੰਗ ਪਹਿਲਾਂ 7 ਵਜੇ ਹੋਣੀ ਸੀ ਜੋ ਹੁਣ 6:30 ਵਜੇ ਹੋਵੇਗੀ। ਮੀਟਿੰਗ ਪੰਜਾਬ ਭਵਨ ਦੀ ਥਾਂ ਸੀਐਮ ਦੀ ਰਿਹਾਇਸ਼ 'ਤੇ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਮੀਟਿੰਗ ਵਿੱਚ ਅਹਿਮ ਫੈਸਲੇ ਲਏ ਜਾ ਸਕਦੇ ਹਨ। ਦੱਸ ਦਈਏ ਕਿ ਪੰਜਾਬ ਸਰਕਾਰ ਨੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਹੋਇਆ ਹੈ।
ਸੈਸ਼ਨ ਦੀ ਪਹਿਲੀ ਬੈਠਕ 8 ਨਵੰਬਰ ਨੂੰ ਹੋਈ ਸੀ ਤੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇ ਕੇ ਸਦਨ ਦੀ ਕਾਰਵਾਈ ਮੁਅੱਤਲ ਕਰ ਦਿੱਤੀ ਗਈ ਸੀ। ਹੁਣ ਦੋ ਛੁੱਟੀਆਂ ਮਗਰੋਂ ਸਦਨ ਦੀ ਦੂਜੀ ਬੈਠਕ 11 ਨਵੰਬਰ ਨੂੰ ਹੋਏਗੀ। ਇਸ ਲਈ ਅੱਜ ਕੈਬਨਿਟ ਮੀਟਿੰਗ ਵਿੱਚ ਅਹਿਮ ਫੈਸਲੇ ਲਏ ਜਾਣਗੇ ਜਿਨ੍ਹਾਂ ਵਿੱਚ ਕੇਂਦਰ ਸਰਕਾਰ ਵੱਲੋਂ ਬੀਐਸਐਫ ਦਾ ਅਧਿਕਾਰ ਖੇਤਰ ਵਧਾਉਣਾ ਤੇ ਤਿੰਨ ਖੇਤੀ ਕਾਨੂੰਨ ਹਨ। ਪੰਜਾਬ ਸਰਕਾਰ ਕੇਂਦਰ ਦੇ ਇਨ੍ਹਾਂ ਫੈਸਲਿਆਂ ਖਿਲਾਫ ਮਤਾ ਲਿਆਉਣ ਦੀ ਤਿਆਰੀ ਕਰ ਰਹੀ ਹੈ।
ਪਤਾ ਲੱਗਾ ਹੈ ਪੰਜਾਬ ਸਰਕਾਰ ਖੇਤੀ ਕਾਨੂੰਨਾਂ ਉੱਪਰ ਅਹਿਮ ਫੈਸਲਾ ਲੈ ਸਕਦੀ ਹੈ। ਇਹ ਕੇਂਦਰ ਸਰਕਾਰ ਦੇ ਕਾਨੂੰਨ ਹਨ, ਪਰ ਰਾਜ ਸਰਕਾਰ ਕੋਲ ਕਿੰਨੀਆਂ ਸ਼ਕਤੀਆਂ ਹਨ, ਇਸ ਬਾਰੇ ਮੰਥਨ ਹੋਵੇਗਾ। ਉਂਝ ਇਸ ਕਾਨੂੰਨ ਦਾ ਸੋਧਿਆ ਮਾਡਲ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਵਜੋਂ ਪਾਸ ਕੀਤਾ ਜਾ ਚੁੱਕਾ ਹੈ। ਹਾਲਾਂਕਿ, ਉਹ ਰਾਜਪਾਲ ਦੇ ਦਫ਼ਤਰ ਵਿੱਚ ਹੀ ਰਹੇ।
ਯਾਦ ਰਹੇ ਭਲਕੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਦੂਜਾ ਤੇ ਆਖਰੀ ਦਿਨ ਹੋਵੇਗਾ, ਜਿਸ ਵਿੱਚ ਸਰਕਾਰ ਕਈ ਵੱਡੇ ਪ੍ਰਸਤਾਵ ਲੈ ਕੇ ਆ ਰਹੀ ਹੈ। ਇਨ੍ਹਾਂ ਨੂੰ ਵਿਧਾਨ ਸਭਾ 'ਚ ਪੇਸ਼ ਕਰਨ ਤੋਂ ਪਹਿਲਾਂ ਕੈਬਨਿਟ ਮੀਟਿੰਗ ਵਿੱਚ ਇਨ੍ਹਾਂ ਪ੍ਰਸਤਾਵਾਂ 'ਤੇ ਵਿਚਾਰ ਚਰਚਾ ਹੋਵੇਗੀ। ਇਸ ਮੀਟਿੰਗ ਵਿੱਚ ਬਿਜਲੀ ਸਮਝੌਤਿਆਂ ਨੂੰ ਰੱਦ ਕਰਨ, ਬੀਐਸਐਫ ਦੇ ਅਧਿਕਾਰ ਖੇਤਰ ਤੇ ਖੇਤੀਬਾੜੀ ਸਬੰਧੀ ਕਾਨੂੰਨਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।