ਹੁਸ਼ਿਆਰਪੁਰ 'ਚ ਕਾਂਗਰਸ ਦੀ ਹੂੰਝਾ ਫੇਰ ਜਿੱਤ, ਅਕਾਲੀ ਦਲ ਪੂਰੀ ਤਰ੍ਹਾਂ ਫਾਡੀ
ਅਕਾਲੀ ਦਲ ਦੇ ਹਿੱਸੇ ਇੱਕ ਵੀ ਸੀਟ ਨਹੀਂ ਆਈ ਜਦ ਕਿ ਬੀਜੇਪੀ ਵੀ 4 ਸੀਟਾਂ 'ਤੇ ਹੀ ਸਿਮਟ ਕੇ ਰਹਿ ਗਈ ਤੇ ਆਮ ਆਦਮੀ ਪਾਰਟੀ ਦੇ ਪੱਲੇ ਵੀ 2 ਸੀਟਾਂ ਹੀ ਪਈਆਂ।
ਹੁਸ਼ਿਆਪੁਰ: ਬੀਤੀ 14 ਫਰਵਰੀ ਨੂੰ ਹੋਈਆਂ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਦਾ ਐਲਾਨ ਅੱਜ ਹੋ ਚੁੱਕਾ ਹੈ ਤੇ ਹੁਸ਼ਿਆਰਪੁਰ 'ਚ ਕਾਂਗਰਸ ਨੂੰ ਵੱਡੀ ਜਿੱਤ ਹਾਸਲ ਹੋਈ ਹੈ। ਹੁਸ਼ਿਆਰਪੁਰ ਚ ਕਾਂਗਰਸ ਪਾਰਟੀ ਦੇ 41, ਬੀਜੇਪੀ ਦੇ 4 ਆਮ ਆਦਮੀ ਪਾਰਟੀ ਦੇ 2 ਤੇ 3 ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ।
ਦੱਸਣਯੋਗ ਹੈ ਕਿ ਅੱਜ ਸਵੇਰੇ 9 ਵਜੇ ਹੁਸ਼ਿਆਰਪੁਰ ਦੇ ਸਰਕਾਰੀ ਪੌਲੀਟੈਕਨਿਕ ਕਾਲਜ ਵਿਖੇ ਨਗਰ ਨਿਗਮ ਚੋਣਾਂ ਦੀ ਗਿਣਤੀ ਸ਼ੁਰੂ ਹੋਈ ਸੀ ਤੇ ਗਿਣਤੀ ਸ਼ੁਰੂ ਹੋਣ ਤੋਂ ਕੁਝ ਸਮਾਂ ਬਾਅਦ ਹੀ ਤਸਵੀਰ ਸਾਫ ਹੋ ਗਈ ਸੀ ਕਿ ਹੁਸ਼ਿਆਰਪੁਰ ਚ ਕਾਂਗਰਸ ਪਾਰਟੀ ਇੱਕ ਵੱਡੀ ਜਿੱਤ ਹਾਸਲ ਕਰੇਗੀ।
ਹੁਸ਼ਿਆਰਪੁਰ 'ਚ ਹੋਈਆਂ ਨਗਰ ਨਿਗਮ ਦੀਆਂ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਅਕਾਲੀ ਦਲ ਦੇ ਹਿੱਸੇ ਇੱਕ ਵੀ ਸੀਟ ਨਹੀਂ ਆਈ ਜਦ ਕਿ ਬੀਜੇਪੀ ਵੀ 4 ਸੀਟਾਂ 'ਤੇ ਹੀ ਸਿਮਟ ਕੇ ਰਹਿ ਗਈ ਤੇ ਆਮ ਆਦਮੀ ਪਾਰਟੀ ਦੇ ਪੱਲੇ ਵੀ 2 ਸੀਟਾਂ ਹੀ ਪਈਆਂ।
ਇਸ ਮੌਕੇ ਪਹੁੰਚੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਸ਼ਹਿਰ 'ਚ ਇੱਕ ਚੋਣ ਜਲਸਾ ਵੀ ਕੱਢਿਆ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਸ਼ਹਿਰ ਚ ਵਿਕਾਸ ਦੀ ਨਵੀਂ ਹਨੇਰੀ ਚੱਲੇਗੀ ਤੇ ਕਾਂਗਰਸ ਪਾਰਟੀ ਹੁਸ਼ਿਆਰਪੁਰ 'ਚ ਵੱਡੇ ਪੱਧਰ 'ਤੇ ਵਿਕਾਸ ਦੇ ਕੰਮ ਸ਼ੁਰੂ ਕਰਵਾਏਗੀ।।