Punjab News: ਪੰਜਾਬ 'ਚ RTO ਸੇਵਾਵਾਂ 'ਚ ਵੱਡਾ ਬਦਲਾਅ! ਹੁਣ ਦਫ਼ਤਰ ਜਾਣ ਦੀ ਲੋੜ ਨਹੀਂ, ਜਾਣੋ ਕਿਵੇਂ ਹੋਏਗਾ ਕੰਮ? ਅੱਜ CM ਮਾਨ ਕਰਨਗੇ ਸ਼ੁਰੂਆਤ
ਪੰਜਾਬ ‘ਚ ਅੱਜ ਤੋਂ ਆਰ.ਟੀ.ਓ. ਦਫ਼ਤਰ ਦੀਆਂ ਸਾਰੀਆਂ ਸੇਵਾਵਾਂ ਸੇਵਾ ਕੇਂਦਰਾਂ ‘ਚ ਸ਼ਿਫ਼ਟ ਹੋ ਜਾਣਗੀਆਂ। ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ‘ਚ ਆਰ.ਟੀ.ਓ. ਦੀਆਂ 100% ਫੇਸਲੈੱਸ ਸੇਵਾਵਾਂ ਦੀ ਸ਼ੁਰੂਆਤ ਕਰਨਗੇ।

Punjab News: ਪੰਜਾਬ ‘ਚ ਅੱਜ ਤੋਂ ਆਰ.ਟੀ.ਓ. ਦਫ਼ਤਰ ਦੀਆਂ ਸਾਰੀਆਂ ਸੇਵਾਵਾਂ ਸੇਵਾ ਕੇਂਦਰਾਂ ‘ਚ ਸ਼ਿਫ਼ਟ ਹੋ ਜਾਣਗੀਆਂ। ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ‘ਚ ਆਰ.ਟੀ.ਓ. ਦੀਆਂ 100% ਫੇਸਲੈੱਸ ਸੇਵਾਵਾਂ ਦੀ ਸ਼ੁਰੂਆਤ ਕਰਨਗੇ। ਅੱਜ ਤੋਂ ਹੀ ਡਰਾਈਵਿੰਗ ਲਾਇਸੈਂਸ, ਆਰ.ਸੀ. ਅਤੇ ਵਾਹਨਾਂ ਨਾਲ ਸੰਬੰਧਤ ਸਾਰੀਆਂ 56 ਸੇਵਾਵਾਂ ਸੇਵਾ ਕੇਂਦਰਾਂ ਜਾਂ ਆਨਲਾਈਨ ਪੋਰਟਲ ਰਾਹੀਂ ਉਪਲਬਧ ਹੋ ਜਾਣਗੀਆਂ।
ਜਾਣਕਾਰੀ ਅਨੁਸਾਰ, ਇਸ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਹੋਣਗੇ। ਪੰਜਾਬ ਵਿੱਚ ਇਸ ਵੇਲੇ 544 ਸੇਵਾ ਕੇਂਦਰ ਹਨ ਜਿੱਥੇ ਟ੍ਰਾਂਸਪੋਰਟ ਵਿਭਾਗ ਨਾਲ ਸੰਬੰਧਤ ਸਾਰੀਆਂ ਸੇਵਾਵਾਂ ਮਿਲਣਗੀਆਂ। ਜੇਕਰ ਲੋਕ ਇਹ ਸੇਵਾਵਾਂ ਆਨਲਾਈਨ ਲੈਣਾ ਚਾਹੁੰਦੇ ਹਨ, ਤਾਂ ਉਹ ਘਰ ਬੈਠੇ ਖੁਦ ਹੀ ਅਰਜ਼ੀ ਕਰ ਸਕਣਗੇ।
ਇਸ ਤੋਂ ਇਲਾਵਾ, ਜੇਕਰ ਕੋਈ ਵਿਅਕਤੀ ਸੇਵਾ ਕੇਂਦਰ ਦੇ ਪ੍ਰਤਿਨਿਧੀ ਨੂੰ ਘਰ ਬੁਲਾ ਕੇ ਕੰਮ ਕਰਵਾਉਣਾ ਚਾਹੁੰਦਾ ਹੈ, ਤਾਂ ਉਹ ਵੀ ਕਰ ਸਕਦਾ ਹੈ। ਇਸ ਤੋਂ ਪਹਿਲਾਂ ਆਰ.ਟੀ.ਓ. ਦੀਆਂ 38 ਸੇਵਾਵਾਂ ਹੀ ਸੇਵਾ ਕੇਂਦਰਾਂ ਰਾਹੀਂ ਮਿਲ ਰਹੀਆਂ ਸਨ।
ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਤੋਂ ਬਾਅਦ ਲਿਆ ਫ਼ੈਸਲਾ
ਪੰਜਾਬ ਦੇ ਰੀਜਨਲ ਟ੍ਰਾਂਸਪੋਰਟ ਦਫ਼ਤਰਾਂ ‘ਚ ਭ੍ਰਿਸ਼ਟਾਚਾਰ ਬਾਰੇ ਸ਼ਿਕਾਇਤਾਂ ਵਿਭਾਗ ਅਤੇ ਵਿਜੀਲੈਂਸ ਕੋਲ ਪਹੁੰਚ ਰਹੀਆਂ ਸਨ। ਇਸ ਕਾਰਨ ਸਰਕਾਰ ਨੇ ਟ੍ਰਾਂਸਪੋਰਟ ਵਿਭਾਗ ਦਾ ਸਾਰਾ ਕੰਮ 100 ਫ਼ੀਸਦੀ ਫੇਸਲੈੱਸ ਕਰਨ ਦਾ ਫ਼ੈਸਲਾ ਕੀਤਾ ਹੈ। ਹੁਣ ਆਰ.ਟੀ.ਓ. ਦਫ਼ਤਰ ਦੇ ਕਰਮਚਾਰੀਆਂ ਦੀ ਜਨਤਾ ਨਾਲ ਕੋਈ ਸਿੱਧੀ ਗੱਲਬਾਤ ਨਹੀਂ ਹੋਵੇਗੀ। ਅਧਿਕਾਰੀਆਂ ਨੇ ਸਾਫ਼ ਕੀਤਾ ਹੈ ਕਿ ਆਰ.ਟੀ.ਓ. ਦਫ਼ਤਰਾਂ ‘ਚ ਪਬਲਿਕ ਦਾ ਆਉਣਾ ਪੂਰੀ ਤਰ੍ਹਾਂ ਖਤਮ ਕੀਤਾ ਜਾਵੇਗਾ।
ਦੇਰੀ ਕੀਤੀ ਤਾਂ ਨਿਪਣਗੇ ਆਰ.ਟੀ.ਓ. ਦੇ ਕਰਮਚਾਰੀ
ਆਰ.ਟੀ.ਓ. ਦਫ਼ਤਰ ਦੀਆਂ ਸੇਵਾਵਾਂ ਫੇਸਲੈੱਸ ਕਰਨ ਤੋਂ ਬਾਅਦ ਹੁਣ ਕਰਮਚਾਰੀਆਂ ਨੂੰ ਨਿਰਧਾਰਤ ਸਮੇਂ ਵਿੱਚ ਹੀ ਕੰਮ ਮੁਕੰਮਲ ਕਰਨਾ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ ਉਦਘਾਟਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਨਗੇ ਅਤੇ ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦੇਣਗੇ। ਹਾਲਾਂਕਿ ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇ ਕਰਮਚਾਰੀਆਂ ਨੇ ਨਿਰਧਾਰਤ ਸਮੇਂ ‘ਤੇ ਕੰਮ ਪੂਰਾ ਨਾ ਕੀਤਾ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਹਰ ਸੇਵਾ ਕੇਂਦਰ ‘ਚ ਟ੍ਰਾਂਸਪੋਰਟ ਵਿਭਾਗ ਦਾ ਕੰਮ ਹੋਵੇਗਾ
ਪੰਜਾਬ ‘ਚ ਤਿੰਨ ਤਰ੍ਹਾਂ ਦੇ ਸੇਵਾ ਕੇਂਦਰ ਹਨ। ਟਾਈਪ-1 ਵਿੱਚ ਵੱਡੇ ਸੇਵਾ ਕੇਂਦਰ ਸ਼ਾਮਲ ਹਨ ਜੋ ਹਰ ਜ਼ਿਲ੍ਹੇ ਵਿੱਚ ਇੱਕ-ਇੱਕ ਹਨ। ਇਹ ਸਾਰੇ ਸੇਵਾ ਕੇਂਦਰ ਜ਼ਿਲ੍ਹਾ ਅਧਿਕਾਰੀ ਦਫ਼ਤਰਾਂ ਦੇ ਕੈਂਪਸ ਵਿੱਚ ਬਣਾਏ ਗਏ ਹਨ। ਇਨ੍ਹਾਂ ਸੇਵਾ ਕੇਂਦਰਾਂ ‘ਚ ਟ੍ਰਾਂਸਪੋਰਟ ਵਿਭਾਗ ਦੇ ਕੰਮ ਲਈ ਵੱਖਰੇ ਕਾਊਂਟਰ ਬਣਾਏ ਜਾਣਗੇ।
ਟਾਈਪ-2 ਸੇਵਾ ਕੇਂਦਰਾਂ ਦੀ ਗਿਣਤੀ 228 ਹੈ ਅਤੇ ਟਾਈਪ-3 ਦੀ 294 ਹੈ। ਇਨ੍ਹਾਂ ਸਭਨਾਂ ਵਿੱਚ ਵੀ ਹਰ ਕਾਊਂਟਰ ‘ਤੇ ਟ੍ਰਾਂਸਪੋਰਟ ਵਿਭਾਗ ਨਾਲ ਸੰਬੰਧਤ ਕੰਮ ਹੋਵੇਗਾ।
ਆਨਲਾਈਨ ਨਹੀਂ ਕਰ ਸਕਦੇ ਤਾਂ ਸੇਵਾ ਕੇਂਦਰ ਜਾਓ
ਜੇ ਤੁਸੀਂ ਆਪਣਾ ਅਰਜ਼ੀ ਫਾਰਮ ਆਨਲਾਈਨ ਖੁਦ ਨਹੀਂ ਭਰ ਸਕਦੇ, ਤਾਂ ਹੀ ਸੇਵਾ ਕੇਂਦਰ ਜਾਓ। ਸੇਵਾ ਕੇਂਦਰ ਵਿੱਚ ਇੱਕ ਹੈਲਪ ਡੈਸਕ ਹੋਵੇਗੀ ਜੋ ਤੁਹਾਨੂੰ ਅਰਜ਼ੀ ਫਾਰਮ ਭਰਨ ਅਤੇ ਲੋੜੀਂਦੇ ਦਸਤਾਵੇਜ਼ਾਂ ਬਾਰੇ ਜਾਣਕਾਰੀ ਦੇਵੇਗੀ। ਫਾਰਮ ਨਾਲ ਲਾਜ਼ਮੀ ਦਸਤਾਵੇਜ਼ ਜੋੜ ਕੇ ਉਹ ਕਾਊਂਟਰ ‘ਤੇ ਜਮ੍ਹਾ ਕਰਵਾਉਣੇ ਹੋਣਗੇ।
ਅੱਜ ਤੋਂ ਸੇਵਾ ਕੇਂਦਰਾਂ 'ਚ ਵਾਹਨ ਸੰਬੰਧੀ ਕਈ ਮਹੱਤਵਪੂਰਨ ਸੇਵਾਵਾਂ ਉਪਲਬਧ ਹੋਣਗੀਆਂ। ਇਨ੍ਹਾਂ 'ਚ ਨਿੱਜੀ ਜਾਂ ਵਪਾਰਕ ਵਾਹਨ ਦੀ ਪਹਿਲੀ ਵਾਰ ਰਜਿਸਟ੍ਰੇਸ਼ਨ, ਆਰਸੀ ਜਾਰੀ ਕਰਨਾ, ਡੁਪਲੀਕੇਟ ਆਰਸੀ, ਪਤੇ 'ਚ ਤਬਦੀਲੀ, ਵਾਹਨ ਦੀ ਮਾਲਕੀ ਦਾ ਤਬਾਦਲਾ, ਵਾਹਨ ਵੇਚਣ ਜਾਂ ਖਰੀਦਣ 'ਤੇ ਨਵੇਂ ਮਾਲਕ ਦੇ ਨਾਂ ਟਰਾਂਸਫਰ ਕਰਨਾ, ਰਾਜ ਜਾਂ ਨੰਬਰ ਬਦਲਣ ਤੋਂ ਬਾਅਦ ਵਾਹਨ ਦਾ ਮੁੜ ਪੰਜੀਕਰਨ, ਹਾਈਪੋਥੀਕੇਸ਼ਨ ਜੋੜਨਾ ਜਾਂ ਹਟਾਉਣਾ (ਜਿਵੇਂ ਬੈਂਕ ਲੋਨ ਜੋੜਨਾ ਜਾਂ ਖਤਮ ਹੋਣ 'ਤੇ ਹਟਾਉਣਾ), ਵਾਹਨ ਦੀ ਫਿਟਨੈੱਸ ਸਰਟੀਫਿਕੇਟ ਜਾਰੀ ਕਰਨਾ, ਟੈਕਸੀ, ਟਰੱਕ, ਬੱਸ ਜਾਂ ਸਕੂਲ ਵੈਨ ਲਈ ਪਰਮਿਟ ਜਾਰੀ ਕਰਨਾ ਜਾਂ ਨਵੀਕਰਨ ਕਰਨਾ, ਰੋਡ ਟੈਕਸ ਅਤੇ ਗ੍ਰੀਨ ਟੈਕਸ ਦਾ ਭੁਗਤਾਨ, ਨੰਬਰ ਪਲੇਟ ਅਤੇ ਫੈਂਸੀ ਨੰਬਰ ਜਾਰੀ ਕਰਨਾ, ਅਤੇ ਵਾਹਨ ਦੀ ਜਾਣਕਾਰੀ ਦੀ ਔਨਲਾਈਨ ਜਾਂਚ ਤੇ ਆਰਸੀ ਡਾਊਨਲੋਡ ਕਰਨਾ ਸ਼ਾਮਲ ਹੈ।
ਡਰਾਈਵਿੰਗ ਲਾਇਸੈਂਸ ਸੇਵਾਵਾਂ (SARATHI ਆਧਾਰਿਤ) ਹੇਠਾਂ ਦਿੱਤੀਆਂ ਸਹੂਲਤਾਂ ਅੱਜ ਤੋਂ ਉਪਲਬਧ ਹੋਣਗੀਆਂ। ਇਨ੍ਹਾਂ ਵਿੱਚ ਨਵੇਂ ਅਰਜ਼ੀਕਾਰਾਂ ਲਈ ਲਰਨਿੰਗ ਲਾਇਸੈਂਸ ਲਈ ਔਨਲਾਈਨ ਅਰਜ਼ੀ ਅਤੇ ਟੈਸਟ, ਪੱਕਾ ਡਰਾਈਵਿੰਗ ਲਾਇਸੈਂਸ ਬਣਵਾਉਣਾ, ਡੀ.ਐਲ. ਦਾ ਨਵੀਕਰਨ, ਡੁਪਲੀਕੇਟ ਡੀ.ਐਲ. ਜਾਰੀ ਕਰਨਾ, ਪਤੇ ਵਿੱਚ ਤਬਦੀਲੀ ਕਰਨਾ, ਨਵੀਂ ਸ਼੍ਰੇਣੀ ਜੋੜਨਾ (ਜਿਵੇਂ LMV ਤੋਂ ਟਰਾਂਸਪੋਰਟ ਸ਼੍ਰੇਣੀ ਵਿੱਚ ਬਦਲਾਵ), ਡਰਾਈਵਿੰਗ ਲਾਇਸੈਂਸ ਦੀ ਜਾਣਕਾਰੀ ਦਾ ਔਨਲਾਈਨ ਪ੍ਰਿੰਟ ਜਾਂ ਡਾਊਨਲੋਡ, ਅੰਤਰਰਾਸ਼ਟਰੀ ਡਰਾਈਵਿੰਗ ਪਰਮਿਟ ਜਾਰੀ ਕਰਨਾ, ਡਰਾਈਵਿੰਗ ਟੈਸਟ ਲਈ ਸਲਾਟ ਬੁੱਕ ਕਰਨਾ ਜਾਂ ਰੱਦ ਕਰਨਾ, ਅਤੇ ਸ਼ਿਕਾਇਤ ਜਾਂ ਸੇਵਾ ਟ੍ਰੈਕਿੰਗ ਦੀ ਸਹੂਲਤ ਸ਼ਾਮਲ ਹੈ।





















