Punjab News: ਬਲਾਕ ਕਾਂਗਰਸ ਪ੍ਰਧਾਨ 'ਤੇ ਬਾਈਕ ਸਵਾਰਾਂ ਵੱਲੋਂ ਚਲਾਈਆਂ ਗੋਲੀਆਂ, ਮੰਗੀ ਗਈ ਰੰਗਦਾਰੀ, ਇਲਾਕੇ 'ਚ ਮੱਚਿਆ ਹੜਕੰਪ
ਤਰਨਤਾਰਨ ਦੇ ਇਤਿਹਾਸਕ ਸ਼ਹਿਰ ਚੋਹਲਾ ਸਾਹਿਬ ਉਸ ਸਮੇਂ ਗੋਲੀਆਂ ਦੀਆਂ ਆਵਾਜ਼ ਨਾਲ ਗੂੰਜ ਗਿਆ ਜਦੋਂ ਲੋਕ ਬਾਜ਼ਾਰ ਦੇ ਵਿੱਚ ਦੀਵਾਲੀ ਦੀ ਸ਼ਾਪਿੰਗ ਕਰ ਰਹੇ ਸਨ। ਬਦਮਾਸ਼ਾਂ ਵੱਲੋਂ ਆਪਣੀ ਪਛਾਣ ਲਕੋਣ ਵਾਸਤੇ ਨਿਹੰਗ ਬਾਣ ਦੀ ਵਰਤੋਂ ਕੀਤੀ ਗਈ। ਇਹ ਬਦਮਾਸ਼..

ਤਰਨਤਾਰਨ ਦੇ ਇਤਿਹਾਸਕ ਸ਼ਹਿਰ ਚੋਹਲਾ ਸਾਹਿਬ ਦੇ ਮੈਨ ਬਜ਼ਾਰ ਵਿੱਚ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਬਲਾਕ ਕਾਂਗਰਸ ਪ੍ਰਧਾਨ ਭੁਪਿੰਦਰ ਨੈਅਰ 'ਤੇ ਬਾਈਕ ਸਵਾਰ ਦੋ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ। ਇਹ ਵਾਕਿਆ 21 ਅਕਤੂਬਰ ਦੀ ਸਵੇਰੇ ਕਰੀਬ ਸਾਡੇ ਦੱਸ ਵਜੇ ਉਸ ਵੇਲੇ ਵਾਪਰਿਆ, ਜਦੋਂ ਦੀਵਾਲੀ ਦੇ ਮੌਕੇ 'ਤੇ ਲੋਕ ਖਰੀਦਦਾਰੀ ਕਰਨ ਲਈ ਬਜ਼ਾਰ ਵਿੱਚ ਇਕੱਠੇ ਹੋਏ ਸਨ। ਪੂਰਾ ਘਟਨਾ-ਕ੍ਰਮ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ। ਗੋਲੀਬਾਰੀ ਤੋਂ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਇੰਝ ਨਿਸ਼ਾਨਾ ਬਣਾਉਣ ਦੀ ਕੀਤੀ ਕੋਸ਼ਿਸ਼
ਕਸਬਾ ਚੋਹਲਾ ਸਾਹਿਬ 'ਚ ਬਿਲਡਿੰਗ ਮਟੀਰੀਅਲ ਦਾ ਕਾਰੋਬਾਰ ਕਰਨ ਵਾਲੇ ਭੁਪਿੰਦਰ ਨੈਅਰ ਬਲਾਕ ਕਾਂਗਰਸ ਦੇ ਪ੍ਰਧਾਨ ਹਨ। ਸ਼੍ਰੀ ਕ੍ਰਿਸ਼ਨਾ ਗੋਸ਼ਾਲਾ ਦੇ ਨੇੜੇ ਉਹ ਆਪਣੀ ਦੁਕਾਨ 'ਤੇ ਬੈਠੇ ਸਨ। ਇਸ ਦੌਰਾਨ ਬਾਈਕ 'ਤੇ ਸਵਾਰ ਦੋ ਵਿਅਕਤੀ ਉੱਥੇ ਪਹੁੰਚੇ। ਨਿਹੰਗਾਂ ਵਾਲੇ ਪਹਿਰਾਵੇ ਵਿਚ ਇਕ ਨੌਜਵਾਨ ਨੇ ਪੀਲੇ ਰੰਗ ਦੇ ਕੱਪੜੇ ਨਾਲ ਆਪਣਾ ਚਿਹਰਾ ਢੱਕਿਆ ਹੋਇਆ ਸੀ ਤੇ ਬਾਈਕ ਸਟਾਰਟ ਕਰਕੇ ਖੜਾ ਰਿਹਾ। ਉਸਦੇ ਸਾਥੀ ਨੇ, ਜਿਸ ਨੇ ਸਫੈਦ ਕੱਪੜੇ ਨਾਲ ਚਿਹਰਾ ਢੱਕਿਆ ਹੋਇਆ ਸੀ, ਪਿਸਤੌਲ ਨਾਲ ਭੁਪਿੰਦਰ ਨੈਅਰ 'ਤੇ ਤਿੰਨ ਗੋਲੀਆਂ ਚਲਾਈਆਂ, ਪਰ ਫਾਇਰ ਮਿਸ ਹੋ ਗਿਆ।
ਗੈਂਗਸਟਰਾਂ ਵੱਲੋਂ ਮੰਗੀ ਗਈ ਸੀ ਰੰਗਦਾਰੀ
ਇਸ ਤੋਂ ਬਾਅਦ ਦੋਵੇਂ ਬਾਈਕ 'ਤੇ ਫਰਾਰ ਹੋ ਗਏ। ਘਟਨਾ ਤੋਂ ਲਗਭਗ 40 ਮਿੰਟ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ, ਹਾਲਾਂਕਿ ਥਾਣਾ ਸਿਰਫ਼ 50 ਮੀਟਰ ਦੀ ਦੂਰੀ 'ਤੇ ਹੈ। ਥਾਣਾ ਇੰਚਾਰਜ ਬਲਜਿੰਦਰ ਸਿੰਘ ਨੂੰ ਭੁਪਿੰਦਰ ਨੈਅਰ ਨੇ ਦੱਸਿਆ ਕਿ ਇਕ ਸਾਲ ਪਹਿਲਾਂ ਗੈਂਗਸਟਰਾਂ ਨੇ ਉਹਨਾਂ ਤੋਂ ਰੰਗਦਾਰੀ ਮੰਗੀ ਸੀ। ਡੀਐਸਪੀ ਅਤੁਲ ਸੋਨੀ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਕਬਜ਼ੇ 'ਚ ਲੈ ਕੇ ਹਮਲਾਵਰਾਂ ਦੀ ਪਛਾਣ ਕੀਤੀ ਜਾ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















