Punjab News: ਕੀ ਮਜੀਠੀਆ ਨੂੰ ਝੂਠੇ ਕੇਸ 'ਚ ਫਸਾਇਆ ਜਾ ਰਿਹੈ? ਜਾਣੋ 6000 ਕਰੋੜੀ ਡਰੱਗ ਰੈਕੇਟ ਦੀ ਪੂਰੀ ਕਹਾਣੀ
ਦੱਸ ਦਈਏ ਕਿ ਮਜੀਠੀਆ ਖ਼ਿਲਾਫ਼ 6000 ਕਰੋੜ ਰੁਪਏ ਦੇ ਬਹੁ-ਚਰਚਿਤ ਸਿੰਥੈਟਿਕ ਡਰੱਗ ਮਾਮਲੇ 'ਚ ਜਿਹੜੀ ਐਫਆਈਆਰ ਹੋਈ ਹੈ, ਉਹ ਮਾਮਲਾ ਸਾਲ 2012 ਦਾ ਹੈ। ਪਹਿਲੀ ਐਫਆਈਆਰ ਫ਼ਤਿਹਗੜ੍ਹ ਸਾਹਿਬ 'ਚ ਦਰਜ ਕੀਤੀ ਗਈ ਸੀ।
ਚੰਡੀਗੜ੍ਹ: ਪੰਜਾਬ 'ਚ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਖਿਲਾਫ ਦਾਇਰ ਕੇਸ ਨੇ ਪੰਜਾਬ ਦੀ ਸਿਆਸਤ ਗਰਮਾ ਦਿੱਤੀ ਹੈ। ਅਕਾਲੀ ਦਲ ਇਸ ਨੂੰ ਬਦਲਾਖੋਰੀ ਤਹਿਤ ਕੀਤੀ ਕਾਰਵਾਈ ਦੱਸ ਰਿਹਾ ਹੈ ਜਦੋਂਕਿ ਕਾਂਗਰਸ ਦਾ ਦਾਅਵਾ ਹੈ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਅਜਿਹੇ ਵਿੱਚ ਆਮ ਆਦਮੀ ਪਾਰਟੀ ਸਣੇ ਕਈ ਸਿਆਸੀ ਧਿਰਾਂ ਦਾ ਕਹਿਣਾ ਹੈ ਕਿ ਇਹ ਕਾਰਵਾਈ ਬੜੀ ਦੇਰ ਨਾਲ ਕੀਤੀ ਗਈ ਹੈ। ਆਓ ਜਾਣਦੇ ਹਾਂ ਕਿ ਇਸ ਮਾਮਲੇ ਦੀ ਪੂਰੀ ਕਹਾਣੀ ਕੀ ਹੈ।
ਦੱਸ ਦਈਏ ਕਿ ਮਜੀਠੀਆ ਖ਼ਿਲਾਫ਼ 6000 ਕਰੋੜ ਰੁਪਏ ਦੇ ਬਹੁ-ਚਰਚਿਤ ਸਿੰਥੈਟਿਕ ਡਰੱਗ ਮਾਮਲੇ 'ਚ ਜਿਹੜੀ ਐਫਆਈਆਰ ਹੋਈ ਹੈ, ਉਹ ਮਾਮਲਾ ਸਾਲ 2012 ਦਾ ਹੈ। ਪਹਿਲੀ ਐਫਆਈਆਰ ਫ਼ਤਿਹਗੜ੍ਹ ਸਾਹਿਬ 'ਚ ਦਰਜ ਕੀਤੀ ਗਈ ਸੀ ਤੇ ਸ਼ੁਰੂਆਤੀ ਪੜਾਅ 'ਚ ਇਹ ਕੇਸ ਵੀ ਹੋਰ ਆਮ ਕੇਸਾਂ ਵਾਂਗ ਜਾਪਦਾ ਸੀ। ਇਸ ਨੂੰ ਲੈ ਕੇ ਉਦੋਂ ਸਿਆਸੀ ਖਲਬਲੀ ਮੱਚੀ ਸੀ, ਜਦੋਂ 2014 'ਚ ਪੇਸ਼ੀ 'ਤੇ ਆਏ ਪੰਜਾਬ ਪੁਲਿਸ ਦੇ ਡੀਐਸਪੀ ਅਹੁਦੇ ਤੋਂ ਬਰਖ਼ਾਸਤ ਮੁੱਖ ਮੁਲਜ਼ਮ ਜਗਦੀਸ਼ ਭੋਲਾ ਨੇ ਤਤਕਾਲੀ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਨਾਂ ਲਿਆ ਸੀ।
ਉਦੋਂ ਪੰਜਾਬ 'ਚ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਸੀ ਤੇ ਬਾਦਲ ਪਰਿਵਾਰ ਨਾਲ ਸਬੰਧਾਂ ਕਾਰਨ ਮਜੀਠੀਆ ਸਭ ਤੋਂ ਤਾਕਤਵਰ ਮੰਤਰੀਆਂ 'ਚ ਗਿਣੇ ਜਾਂਦੇ ਸਨ। ਡਰੱਗ ਮਾਮਲੇ 'ਚ ਮਜੀਠੀਆ ਦਾ ਨਾਂ ਆਉਣ ਨਾਲ ਪੰਜਾਬ ਦੀ ਪੂਰੀ ਸਿਆਸਤ ਹਿੱਲ ਗਈ ਸੀ।
ਅਹਿਮ ਗੱਲ ਹੈ ਕਿ ਕੌਮਾਂਤਰੀ ਪਹਿਲਵਾਨ ਭੋਲਾ ਨੇ ਅਦਾਲਤ ਦੇ ਬਾਹਰ ਮੀਡੀਆ ਦੇ ਸਾਹਮਣੇ ਮਜੀਠੀਆ ਦਾ ਨਾਂ ਤਾਂ ਲਿਆ ਸੀ, ਪਰ ਅਦਾਲਤ ਅੰਦਰ ਉਸ ਦਾ ਜ਼ਿਕਰ ਨਹੀਂ ਕੀਤਾ। ਜਦੋਂ ਵਿਰੋਧੀ ਧਿਰ 'ਚ ਬੈਠੀ ਕਾਂਗਰਸ ਪਾਰਟੀ ਨੇ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਤਾਂ ਗ੍ਰਹਿ ਮੰਤਰਾਲਾ ਦੇਖ ਰਹੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਤਤਕਾਲੀ ਡਿਪਟੀ ਸੀਐਮ ਸੁਖਬੀਰ ਬਾਦਲ ਨੇ ਮਜੀਠੀਆ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਮਜੀਠੀਆ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੁੱਛਗਿੱਛ ਕੀਤੀ ਸੀ, ਜਿਸ ਨੇ ਡਰੱਗ ਮਾਮਲੇ 'ਚ ਮਨੀ ਲਾਂਡਰਿੰਗ ਦੇ ਐਂਗਲ ਤੋਂ ਜਾਂਚ ਸ਼ੁਰੂ ਕੀਤੀ ਸੀ। ਇਸ 'ਚ ਵੀ ਉਨ੍ਹਾਂ ਨੂੰ ਕਲੀਨ ਚਿੱਟ ਦੇਣ ਦੀ ਗੱਲ ਚੱਲੀ ਸੀ। ਇਹ ਰਸਮੀ ਤੌਰ 'ਤੇ ਕਦੇ ਕਿਸੇ ਨੇ ਨਹੀਂ ਕਿਹਾ।
ਦੱਸ ਦਈਏ ਕਿ ਇਸ ਕੇਸ ਦੇ ਸਮੇਂ ਸੁਮੇਧ ਸਿੰਘ ਸੈਣੀ ਪੰਜਾਬ ਦੇ ਡੀਜੀਪੀ ਸਨ। ਸੈਣੀ ਨੇ ਮਜੀਠੀਆ ਵਿਰੁੱਧ ਕਾਰਵਾਈ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਕਿਸੇ ਵੀ ਕੱਟੜ ਅਪਰਾਧੀ ਦੇ ਇਸ਼ਾਰੇ 'ਤੇ ਕਾਰਵਾਈ ਨਹੀਂ ਕੀਤੀ ਜਾ ਸਕਦੀ। ਸੈਣੀ ਨੇ ਉਦੋਂ ਦਾਅਵਾ ਕੀਤਾ ਸੀ ਕਿ ਇਸ ਮਾਮਲੇ 'ਚ 51 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਕੋਲੋਂ 71 ਵਾਹਨ, 13 ਹਥਿਆਰ ਤੇ ਵੱਡੀ ਮਾਤਰਾ 'ਚ ਸਿੰਥੈਟਿਕ ਡਰੱਗ ਬਰਾਮਦ ਕੀਤੀ ਗਈ ਸੀ।
ਸਿੰਥੈਟਿਕ ਡਰੱਗ ਤਸਕਰੀ ਦੇ ਮਾਮਲੇ 'ਚ ਫ਼ਤਿਹਗੜ੍ਹ ਸਾਹਿਬ ਤੇ ਬਨੂੜ ਥਾਣਿਆਂ 'ਚ ਪਹਿਲਾਂ 2 ਕੇਸ ਦਰਜ ਹੋਏ ਸਨ। ਉਸ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ 5 ਹੋਰ ਕੇਸ ਦਰਜ ਕੀਤੇ ਗਏ। ਇਨ੍ਹਾਂ 'ਚੋਂ 4 ਮਾਮਲਿਆਂ 'ਚ ਜਗਦੀਸ਼ ਭੋਲਾ ਨੂੰ ਬਰੀ ਕਰ ਦਿੱਤਾ ਗਿਆ ਸੀ, ਜਦਕਿ ਜਗਦੀਸ਼ ਭੋਲਾ ਨੂੰ 3 ਹੋਰ ਮਾਮਲਿਆਂ 'ਚ 10, 12 ਤੇ 2 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਨ੍ਹਾਂ ਮਾਮਲਿਆਂ 'ਚ ਭੋਲਾ ਤੋਂ ਇਲਾਵਾ 18 ਹੋਰਾਂ ਨੂੰ ਵੀ 6 ਮਹੀਨੇ ਤੋਂ ਲੈ ਕੇ 15 ਸਾਲ ਤਕ ਦੀ ਕੈਦ ਹੋ ਚੁੱਕੀ ਹੈ।
ਇਹ ਵੀ ਪੜ੍ਹੋ: Driving License ਦੀ ਮਿਆਦ ਖਤਮ ਹੋਣ ਵਾਲੀ ਤਾਂ ਹੋ ਜਾਓ ਬੇਫਿਕਰ, ਜਾਣੋ ਆਨਲਾਈਨ ਰੀਨਿਊ ਕਰਨ ਦਾ ਸੌਖਾ ਤਰੀਕਾ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: