Punjab News: ਕੈਦੀਆਂ ਦੀ ਹਾਲਤ ਸੁਧਾਰਨ ਵੱਲ ਸਰਕਾਰ ਦਾ ਵੱਡਾ ਕਦਮ, ਜੇਲ੍ਹਾਂ ਦੀ ਸਮਰੱਥਾ ਅਤੇ ਸੁਰੱਖਿਆ ਵਧਾਈ ਜਾਏਗੀ, ਤਿਆਰ ਹੋਣਗੀਆਂ ਨਵੀਆਂ ਬੈਰਕਾਂ
ਪੰਜਾਬ ਦੀਆਂ ਜੇਲ੍ਹਾਂ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ। ਨਵੇਂ ਪ੍ਰੋਜੈਕਟ ਦੇ ਚੱਲਦੇ 4 ਜੇਲ੍ਹਾਂ ਵਿੱਚ ਨਵੀਆਂ ਡਬਲ ਸਟੋਰੀ ਬੈਰਕਾਂ ਬਣਾਈਆਂ ਜਾਣਗੀਆਂ ਅਤੇ 9 ਜੇਲ੍ਹਾਂ ਦੀ ਸੁਰੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।...

Punjab News: ਪੰਜਾਬ ਦੀਆਂ ਜੇਲ੍ਹਾਂ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ। ਪੰਜਾਬ ਸਰਕਾਰ ਨੇ ਜੇਲ੍ਹਾਂ ਵਿੱਚ ਕੈਦੀਆਂ ਦੀ ਵੱਧ ਰਹੀ ਗਿਣਤੀ ਅਤੇ ਇਸ ਨਾਲ ਜੁੜੀਆਂ ਸਮੱਸਿਆਵਾਂ ਨੂੰ ਲੈ ਕੇ ਇੱਕ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਹੈ। ਇਸ ਯੋਜਨਾ ਤਹਿਤ 4 ਜੇਲ੍ਹਾਂ ਵਿੱਚ ਨਵੀਆਂ ਡਬਲ ਸਟੋਰੀ ਬੈਰਕਾਂ ਬਣਾਈਆਂ ਜਾਣਗੀਆਂ ਅਤੇ 9 ਜੇਲ੍ਹਾਂ ਦੀ ਸੁਰੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।
ਪਹਿਲਾਂ ਇਹ ਵਾਲੀਆਂ ਜੇਲ੍ਹਾਂ ਨੂੰ ਕੀਤਾ ਜਾਏਗਾ ਅਪਡੇਟ
ਪਹਿਲੇ ਪੜਾਅ ਵਿੱਚ ਰੋਪੜ, ਨਵਾਂ ਨਾਭਾ, ਮਾਨਸਾ ਅਤੇ ਸੰਗਰੂਰ ਦੀਆਂ ਜੇਲ੍ਹਾਂ ਵਿੱਚ ਨਵੀਆਂ ਬੈਰਕਾਂ ਬਣਨਗੀਆਂ। ਇਨ੍ਹਾਂ ਤੋਂ ਇਲਾਵਾ ਹੁਸ਼ਿਆਰਪੁਰ, ਕਪੂਰਥਲਾ, ਅੰਮ੍ਰਿਤਸਰ, ਗੋਇੰਦਵਾਲ ਸਾਹਿਬ, ਬਠਿੰਡਾ, ਫਿਰੋਜ਼ਪੁਰ, ਫਰੀਦਕੋਟ, ਮੁਕਤਸਰ ਸਾਹਿਬ ਅਤੇ ਮਾਨਸਾ ਦੀਆਂ ਜੇਲ੍ਹਾਂ ਵਿੱਚ ਸੁਰੱਖਿਆ ਵਧਾਉਣ ਲਈ ਕੰਡਿਆਲੀ ਤਾਰਾਂ ਵਾਲੇ ਬਾੜੇ ਅਤੇ ਏ.ਆਈ. ਅਧਾਰਤ ਕੈਮਰੇ ਲਗਾਏ ਜਾਣਗੇ।
ਪੁਲਿਸ ਵਿਭਾਗ ਇਸ ਪ੍ਰੋਜੈਕਟ ਵਿੱਚ ਨੋਡਲ ਏਜੰਸੀ ਵਜੋਂ ਕੰਮ ਕਰੇਗਾ ਅਤੇ ਪੂਰੇ ਪ੍ਰੋਜੈਕਟ ਦੀ ਜ਼ਿੰਮੇਵਾਰੀ ਇੱਕ ਪ੍ਰਾਈਵੇਟ ਏਜੰਸੀ ਨੂੰ ਸੌਂਪੀ ਜਾਵੇਗੀ। ਸਰਕਾਰ ਦਾ ਟੀਚਾ ਹੈ ਕਿ ਇਹ ਪ੍ਰੋਜੈਕਟ 3 ਤੋਂ 18 ਮਹੀਨਿਆਂ ਦੇ ਅੰਦਰ ਪੂਰਾ ਕਰ ਲਿਆ ਜਾਵੇ।
ਦੱਸਣਯੋਗ ਹੈ ਕਿ ਇਸ ਪ੍ਰੋਜੈਕਟ ਦੀ ਸ਼ੁਰੂਆਤ ਤੋਂ ਇਕ ਦਿਨ ਪਹਿਲਾਂ ਹੀ ਜੇਲ੍ਹਾਂ ਵਿੱਚ ਤਾਇਨਾਤ 25 ਪੁਲਿਸ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਮੁਅੱਤਲ ਕੀਤਾ ਗਿਆ ਹੈ। ਹਾਈ ਕੋਰਟ ਵੀ ਜੇਲ੍ਹਾਂ ਦੀ ਸਥਿਤੀ ਨੂੰ ਲੈ ਕੇ ਗੰਭੀਰ ਹੈ, ਜਿਸ ਕਰਕੇ ਸਰਕਾਰ ਇਸ ਕੰਮ ਨੂੰ ਤਰਜੀਹ ਦੇ ਆਧਾਰ 'ਤੇ ਕਰਵਾ ਰਹੀ ਹੈ।
ਨਵੀਆਂ ਬੈਰਕਾਂ 6 ਮੁੱਖ ਬਿੰਦੂਆਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀਆਂ ਜਾ ਰਹੀਆਂ ਹਨ:
- ਨਵੀਆਂ ਬੈਰਕਾਂ ਦੇ ਬਣਨ ਨਾਲ ਕੈਦੀਆਂ ਨੂੰ ਢੰਗ ਨਾਲ ਰਹਿਣ ਦੀ ਥਾਂ ਮਿਲੇਗੀ, ਜਿਸ ਨਾਲ ਅਵਿਵਸਥਾ ਅਤੇ ਹਿੰਸਾ ਦੇ ਮਾਮਲਿਆਂ ਵਿੱਚ ਘਾਟ ਆਵੇਗਾ।
- ਕੈਦੀਆਂ ਲਈ ਰਹਿਣ ਦੀਆਂ ਸਹੂਲਤਾਂ ਬਿਹਤਰ ਹੋਣਗੀਆਂ ਅਤੇ ਉਨ੍ਹਾਂ ਨੂੰ ਸਾਰੀਆਂ ਜ਼ਰੂਰੀ ਸਹੂਲਤਾਂ ਉਪਲਬਧ ਹੋਣਗੀਆਂ।
- ਆਧੁਨਿਕ ਬੈਰਕਾਂ 'ਚ ਸੀਸੀਟੀਵੀ ਕੈਮਰੇ, ਐਮਰਜੈਂਸੀ ਅਲਾਰਮ ਅਤੇ ਲੌਕ ਸਿਸਟਮ ਵਰਗੀਆਂ ਤਕਨੀਕੀ ਸਹੂਲਤਾਂ ਹੋਣਗੀਆਂ, ਜਿਸ ਨਾਲ ਕੈਦੀਆਂ ਦੀ ਨਿਗਰਾਨੀ ਅਸਾਨੀ ਨਾਲ ਕੀਤੀ ਜਾ ਸਕੇਗੀ।
- ਨਵੀਆਂ ਬੈਰਕਾਂ ਦੇ ਨਾਲ ਕਲਾਸਰੂਮ, ਵਰਕਸ਼ਾਪ ਅਤੇ ਲਾਇਬ੍ਰੇਰੀ ਦੀ ਵੀ ਸਹੂਲਤ ਹੋਵੇਗੀ, ਜਿਸ ਨਾਲ ਕੈਦੀ ਨਵੇਂ ਹੁਨਰ ਸਿੱਖ ਸਕਣਗੇ।
- ਜੇਲ੍ਹ ਵਿੱਚ ਭੀੜ ਘਟਣ ਕਾਰਨ ਸਟਾਫ ਨੂੰ ਪ੍ਰਬੰਧਨ ਅਤੇ ਸੁਰੱਖਿਆ ਬਣਾਈ ਰੱਖਣ ਵਿੱਚ ਆਸਾਨੀ ਹੋਵੇਗੀ।
- ਸੁਪਰੀਮ ਕੋਰਟ ਨੇ ਵੀ ਕਿਹਾ ਹੈ ਕਿ ਕੈਦੀਆਂ ਨੂੰ ਇੱਜ਼ਤਦਾਰ ਜੀਵਨ ਜਿਉਣ ਦਾ ਹੱਕ ਹੈ। ਨਵੀਆਂ ਬੈਰਕਾਂ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੋਣਗੀਆਂ।
ਪੰਜਾਬ ਦੀਆਂ ਜੇਲ੍ਹਾਂ ਵਿੱਚ 30 ਹਜ਼ਾਰ ਤੋਂ ਵੱਧ ਕੈਦੀ ਬੰਦ
ਪੰਜਾਬ 'ਚ ਇਸ ਵੇਲੇ ਕੁੱਲ 27 ਜੇਲ੍ਹਾਂ ਹਨ, ਜਿੱਥੇ 30 ਹਜ਼ਾਰ ਤੋਂ ਵੱਧ ਕੈਦੀ ਬੰਦ ਹਨ। ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਿਆਂ ਵਿਰੁੱਧ ਮੁਹਿੰਮ ਕਾਰਨ ਜੇਲ੍ਹਾਂ ਵਿੱਚ ਕੈਦੀਆਂ ਦੀ ਗਿਣਤੀ ਵਧ ਰਹੀ ਹੈ। 2023 ਵਿੱਚ ਰਾਸ਼ਟਰੀ ਮਾਨਵ ਅਧਿਕਾਰ ਆਯੋਗ ਦੀ ਇੱਕ ਰਿਪੋਰਟ ਸਾਹਮਣੇ ਆਈ ਸੀ, ਜਿਸ ਮੁਤਾਬਕ ਪੰਜਾਬ ਦੀਆਂ ਜੇਲ੍ਹਾਂ ਵਿੱਚ 42 ਫੀਸਦੀ ਕੈਦੀ ਨਸ਼ੇ ਦੀ ਲਤ ਵਾਲੇ ਸਨ। ਇਸ ਤੋਂ ਬਾਅਦ ਸਰਕਾਰ ਵੱਲੋਂ ਕਈ ਠੋਸ ਕਦਮ ਚੁੱਕੇ ਗਏ। ਹੁਣ ਜੇਲ੍ਹਾਂ ਵਿੱਚ ਕੈਦੀਆਂ ਦੀ ਕਾਊਂਸਲਿੰਗ ਅਤੇ ਹੋਰ ਕਈ ਗਤੀਵਿਧੀਆਂ 'ਤੇ ਧਿਆਨ ਦਿੱਤਾ ਜਾ ਰਿਹਾ ਹੈ।






















