Punjab News: ਪ੍ਰਸ਼ਾਸਨ ਵੱਲੋਂ ਵੱਡਾ ਐਕਸ਼ਨ! 26 ਜੇਲ੍ਹ ਅਧਿਕਾਰੀਆਂ ਤੇ ਮੁਲਾਜ਼ਮਾਂ 'ਤੇ ਡਿੱਗੀ ਗਾਜ਼...ਇਸ ਵਜ੍ਹਾ ਕਰਕੇ ਹੋਏ ਸਸਪੈਂਡ
ਇਹ ਜਾਣਕਾਰੀ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਦਿੱਤੀ ਗਈ, ਜਿਨ੍ਹਾਂ ਕਿਹਾ ਕਿ ਸਰਕਾਰ ਜੇਲ੍ਹਾਂ ਵਿੱਚ ਕਾਨੂੰਨ-ਵਿਵਸਥਾ ਨੂੰ ਲੈ ਕੇ ਬਿਲਕੁਲ ਵੀ ਢਿੱਲ ਨਹੀਂ ਦੇਵੇਗੀ।ਅਧਿਕਾਰੀਆਂ ਅਤੇ ਮੁਲਾਜ਼ਮਾਂ ਉੱਤੇ ਸਖਤ ਐਕਸ਼ਨ ਲੈਂਦੇ ਹੋਏ ਸਸਪੈਂਡ..

Punjab News: ਸੂਬਾ ਸਰਕਾਰ ਵੱਲੋਂ ਜੇਲ੍ਹ ਪ੍ਰਸ਼ਾਸ਼ਨ ਉੱਤੇ ਵੱਡੀ ਕਾਰਵਾਈ ਕਰਦੇ ਹੋਏ ਕੁੱਝ ਅਧਿਕਾਰੀਆਂ ਅਤੇ ਮੁਲਾਜ਼ਮਾਂ ਉੱਤੇ ਸਖਤ ਐਕਸ਼ਨ ਲੈਂਦੇ ਹੋਏ ਸਸਪੈਂਡ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋਂ ਜੇਲ੍ਹ ਵਿਭਾਗ ਵਿੱਚ ਭ੍ਰਿਸ਼ਟਾਚਾਰ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਡਿਊਟੀ 'ਚ ਲਾਪਰਵਾਹੀ ਦੇ ਦੋਸ਼ਾਂ ਹੇਠ 26 ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲ ਹੋਣ ਵਾਲਿਆਂ ਵਿੱਚ ਮਾਨਸਾ ਜ਼ਿਲ੍ਹਾ ਜੇਲ੍ਹ ਦੇ ਸੁਪਰਡੈਂਟ ਇਕਬਾਲ ਸਿੰਘ ਬਰਾੜ, ਲੁਧਿਆਣਾ ਸੈਂਟਰਲ ਜੇਲ੍ਹ ਦੇ ਡਿਪਟੀ ਸੁਪਰਡੈਂਟ ਮਨਿੰਦਰਪਾਲ ਚੀਮਾ ਅਤੇ ਸੰਦੀਪ ਬਰਾੜ, ਬੋਰਸਟਲ ਜੇਲ੍ਹ ਲੁਧਿਆਣਾ ਦੇ ਡਿਪਟੀ ਸੁਪਰਡੈਂਟ ਅਨਿਲ ਭੰਡਾਰੀ ਅਤੇ ਫਿਰੋਜ਼ਪੁਰ ਸੈਂਟਰਲ ਜੇਲ੍ਹ ਦੇ ਸਹਾਇਕ ਸੁਪਰਡੈਂਟ ਯਾਦਵਿੰਦਰ ਸਿੰਘ ਵੀ ਸ਼ਾਮਲ ਹਨ। ਇਹ ਜਾਣਕਾਰੀ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਦਿੱਤੀ ਗਈ, ਜਿਨ੍ਹਾਂ ਕਿਹਾ ਕਿ ਸਰਕਾਰ ਜੇਲ੍ਹਾਂ ਵਿੱਚ ਕਾਨੂੰਨ-ਵਿਵਸਥਾ ਨੂੰ ਲੈ ਕੇ ਬਿਲਕੁਲ ਵੀ ਢਿੱਲ ਨਹੀਂ ਦੇਵੇਗੀ।
ਇਨ੍ਹਾਂ ਮੁਲਾਜ਼ਮਾਂ ਉੱਤੇ ਵੀ ਡਿੱਗੀ ਗਾਜ਼
ਇਸ ਤੋਂ ਇਲਾਵਾ, ਗੋਇੰਦਵਾਲ ਸਾਹਿਬ ਜੇਲ੍ਹ ਦੇ ਵਾਰਡਰ ਹਰਭੁਪਿੰਦਰ ਸਿੰਘ ਅਤੇ ਸਿਕੰਦਰ ਸਿੰਘ, ਅੰਮ੍ਰਿਤਸਰ ਜੇਲ੍ਹ ਦੇ ਬਿਕਰਮਜੀਤ ਸਿੰਘ ਅਤੇ ਵਿਜੈ ਪਾਲ ਸਿੰਘ, ਕਪੂਰਥਲਾ ਜੇਲ੍ਹ ਦੇ ਜਤਿੰਦਰ ਸਿੰਘ, ਰਵੀ, ਦੀਪਕ ਰਾਏ, ਕਿਰਨਜੀਤ ਸਿੰਘ, ਪ੍ਰਿਥੀਪਾਲ ਸਿੰਘ ਅਤੇ ਸਤਨਾਮ ਸਿੰਘ, ਹੁਸ਼ਿਆਰਪੁਰ ਜੇਲ੍ਹ ਦੇ ਸਤਨਾਮ ਸਿੰਘ ਅਤੇ ਮਨਦੀਪ ਸਿੰਘ, ਲੁਧਿਆਣਾ ਜੇਲ੍ਹ ਦੇ ਮਨਿੰਦਰਪਾਲ ਸਿੰਘ, ਮਾਨਸਾ ਜੇਲ੍ਹ ਦੇ ਅਨੂ ਮਲਿਕ, ਰਣਧੀਰ ਸਿੰਘ, ਅਰਵਿੰਦ ਦੇਵ ਸਿੰਘ, ਬਲਵੀਰ ਸਿੰਘ ਅਤੇ ਸੁਖਪ੍ਰੀਤ ਸਿੰਘ, ਪਠਾਨਕੋਟ ਜੇਲ੍ਹ ਦੇ ਸਤਨਾਮ ਸਿੰਘ, ਨਾਭਾ ਦੇ ਗਗਨਦੀਪ ਸਿੰਘ, ਬਠਿੰਡਾ ਦੇ ਅਨਮੋਲ ਵਰਮਾ ਨੂੰ ਵੀ ਮੁਅੱਤਲ ਕੀਤਾ ਗਿਆ ਹੈ।
ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਸਾਰੇ ਅਧਿਕਾਰੀ ਅਤੇ ਮੁਲਾਜ਼ਮ ਜੇਲ੍ਹਾਂ 'ਚ ਗੈਰਕਾਨੂੰਨੀ ਗਤੀਵਿਧੀਆਂ, ਕੈਦੀਆਂ ਨਾਲ ਗ਼ਲਤ ਵਰਤਾਅ, ਅਨੁਸ਼ਾਸਨਹੀਣਤਾ, ਡਿਊਟੀ ਤੋਂ ਗੈਰਹਾਜ਼ਰੀ ਅਤੇ ਕੈਦੀਆਂ ਨਾਲ ਅਣਉਚਿਤ ਸੰਪਰਕ ਵਰਗੀਆਂ ਗੰਭੀਰ ਲਾਪਰਵਾਹੀਆਂ 'ਚ ਸ਼ਾਮਿਲ ਸਨ। ਇਨ੍ਹਾਂ ਹਰਕਤਾਂ ਨੂੰ ਸਰਕਾਰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਅਤੇ ਇਸ ਮਾਮਲੇ 'ਚ ਹੋਰ ਵੀ ਸਖ਼ਤ ਕਦਮ ਚੁੱਕੇ ਜਾਣਗੇ।
ਲਾਪਰਵਾਹੀ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਏਗਾ
ਜੇਲ੍ਹ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਸੁਚੱਜਾ ਅਤੇ ਪਾਰਦਰਸ਼ੀ ਪ੍ਰਸ਼ਾਸਨ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਆਪਣੀ ਡਿਊਟੀ ’ਚ ਲਾਪਰਵਾਹੀ ਕਰੇਗਾ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਮੰਤਰੀ ਨੇ ਵਿਭਾਗ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਇਮਾਨਦਾਰੀ, ਨਿਯਮਾਂ ਅਤੇ ਡਿਸ਼ਪਲਿਨ ਦੇ ਤਹਿਤ ਨਿਭਾਉਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜੇਲ੍ਹਾਂ ਵਿੱਚ ਚੱਲ ਰਹੀਆਂ ਹਰ ਗਤੀਵਿਧੀ ’ਤੇ ਕੜੀ ਨਿਗਰਾਨੀ ਰੱਖ ਰਹੀ ਹੈ ਅਤੇ ਗੈਰਕਾਨੂੰਨੀ ਕੰਮ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਨਿਸ਼ਚਤ ਕੀਤੀ ਜਾਵੇਗੀ।






















