Punjab News: ਕਿਸਾਨ ਅੰਦੋਲਨ ਤੋਂ ਵੱਡੀ ਖਬਰ! ਡੱਲੇਵਾਲ ਦੀ ਹਮਾਇਤ ‘ਤੇ ਬੈਠੇ 121 ਕਿਸਾਨਾਂ ਦਾ ਮਰਨ ਵਰਤ ਖਤਮ
ਕਿਸਾਨੀ ਮੰਗਾਂ ਅਤੇ ਜਗਜੀਤ ਸਿੰਘ ਡੱਲੇਵਾਲ ਦੀ ਹਮਾਇਤ 'ਚ ਮਰਨ ਵਰਤ 'ਤੇ ਬੈਠੇ 121 ਕਿਸਾਨਾਂ ਵੱਲੋਂ ਮਰਨ ਵਰਤ ਖਤਮ ਕਰਨ 'ਤੇ ਸਹਿਮਤੀ ਬਣ ਗਈ ਹੈ। 121 ਕਿਸਾਨਾਂ ਨੇ ਆਪਣਾ ਮਰਨ ਵਰਤ ਸਮਾਪਤ ਕਰ ਦਿੱਤਾ ਹੈ।

Farmers' Protest: ਕਿਸਾਨੀ ਮੰਗਾਂ ਅਤੇ ਜਗਜੀਤ ਸਿੰਘ ਡੱਲੇਵਾਲ ਦੀ ਹਮਾਇਤ 'ਚ ਮਰਨ ਵਰਤ 'ਤੇ ਬੈਠੇ 121 ਕਿਸਾਨਾਂ ਵੱਲੋਂ ਮਰਨ ਵਰਤ ਖਤਮ ਕਰਨ 'ਤੇ ਸਹਿਮਤੀ ਬਣ ਗਈ ਹੈ। 121 ਕਿਸਾਨਾਂ ਨੇ ਆਪਣਾ ਮਰਨ ਵਰਤ ਸਮਾਪਤ ਕਰ ਦਿੱਤਾ ਹੈ। ਇਥੇ ਦੱਸ ਦੇਈਏ ਕਿ ਜਗਜੀਤ ਸਿੰਘ ਡੱਲੇਵਾਲ (Jagjit Singh Dallewal) ਵੱਲੋਂ ਸ਼ਨੀਵਾਰ ਨੂੰ ਕੇਂਦਰ ਨਾਲ ਮੀਟਿੰਗ ਦਾ ਸੱਦਾ ਮਿਲਣ ਮਗਰੋਂ ਮੈਡੀਕਲ ਸਹੂਲਤਾਂ ਲੈਣ ਲਈ ਹਾਂ ਕਰ ਦਿੱਤੀ ਗਈ ਹੈ ਅਤੇ ਦੇਰ ਰਾਤ ਨੂੰ ਹੀ ਉਨ੍ਹਾਂ ਨੂੰ ਸਿਹਤ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ।
ਹੋਰ ਪੜ੍ਹੋ : Punjab News: CM ਮਾਨ ਨੇ ਔਰਤਾਂ ਨੂੰ ਦਿੱਤੀ ਖੁਸ਼ਖਬਰੀ! ਦੱਸਿਆ ਕਦੋਂ ਤੋਂ ਮਿਲਣਗੇ 1100 ਰੁਪਏ?
ਡੱਲੇਵਾਲ ਦੀ ਸਿਹਤ ਲਗਾਤਾਰ ਨਾਜ਼ੁਕ ਬਣੀ ਹੋਈ ਹੈ
ਦੱਸ ਦਈਏ ਕਿ ਬੀਤੀ 26 ਨਵੰਬਰ ਤੋਂ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਨਾਜ਼ੁਕ ਹੁੰਦੀ ਜਾ ਰਹੀ ਹੈ। ਇਸ ਦੌਰਾਨ ਕੇਂਦਰ ਸਰਕਾਰ ਦਾ ਇੱਕ ਵਫ਼ਦ ਸ਼ਨੀਵਾਰ ਨੂੰ ਖਨੌਰੀ ਬਾਰਡਰ 'ਤੇ ਕਿਸਾਨਾਂ ਨਾਲ ਗੱਲਬਾਤ ਲਈ ਪੁੱਜਿਆ ਸੀ। ਕੇਂਦਰੀ ਖੇਤੀਬਾੜੀ ਮੰਤਰਾਲੇ ਵੱਲੋਂ ਜੁਆਇੰਟ ਸਕੱਤਰ ਪ੍ਰਿਆ ਰੰਜਨ ਦੇ ਨਾਲ ਪੰਜਾਬ ਪੁਲਿਸ ਦੇ ਸਾਬਕਾ ਡੀ.ਆਈ.ਜੀ. ਨਰੇਂਦਰ ਭਾਰਗਵ ਤੇ ਸਾਬਕਾ ਏ. ਡੀ. ਜੀ. ਪੀ. ਜਸਕਰਨ ਸਿੰਘ ਜਗਜੀਤ ਸਿੰਘ ਡੱਲੇਵਾਲ ਦਾ ਹਾਲ ਜਾਨਣ ਅਤੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਖਨੌਰੀ ਬਾਰਡਰ ਪੁੱਜੇ।
ਕੇਂਦਰ ਸਰਕਾਰ ਵੱਲੋਂ ਇਕ ਪ੍ਰਪੋਜ਼ਲ ਕਿਸਾਨਾਂ ਅੱਗੇ ਰੱਖਿਆ ਗਿਆ
ਇਸ ਤੋਂ ਕੁਝ ਦੇਰ ਬਾਅਦ ਹੀ ਕਿਸਾਨ ਆਗੂਆਂ ਨੇ ਇਕ ਪ੍ਰੈੱਸ ਕਾਨਫਰੰਸ ਕਰ ਕੇ ਦੱਸਿਆ ਸੀ ਕਿ ਕੇਂਦਰ ਸਰਕਾਰ ਵੱਲੋਂ ਇਕ ਪ੍ਰਪੋਜ਼ਲ ਕਿਸਾਨਾਂ ਅੱਗੇ ਰੱਖਿਆ ਗਿਆ ਹੈ, ਜਿਸ ਬਾਰੇ ਉਹ ਕੁਝ ਸਮੇਂ ਬਾਅਦ ਹੀ ਪੂਰੀ ਜਾਣਕਾਰੀ ਦੇਣਗੇ। ਜ਼ਿਕਰਯੋਗ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ, ਜੋ ਕਿ 54 ਦਿਨਾਂ ਤੋਂ ਲਗਾਤਾਰ ਮਰਨ ਵਰਤ 'ਤੇ ਬੈਠੇ ਹੋਏ ਹਨ। ਉਨ੍ਹਾਂ ਦੀ ਵਿਗੜਦੀ ਹੋਈ ਸਿਹਤ ਨੂੰ ਦੇਖ ਕੇ ਉਨ੍ਹਾਂ ਤੋਂ ਇਲਾਵਾ 121 ਹੋਰ ਕਿਸਾਨ ਵੀ ਮਰਨ ਵਰਤ 'ਤੇ ਬੈਠ ਗਏ ਸਨ, ਜਿਸ ਮਗਰੋਂ ਅੱਜ ਆਖਿਰਕਾਰ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ ਹੋ ਗਈ ਹੈ ਤੇ ਮੁਲਾਕਾਤ ਮਗਰੋਂ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ 14 ਫਰਵਰੀ ਨੂੰ ਮੀਟਿੰਗ ਦਾ ਐਲਾਨ ਕੀਤਾ ਗਿਆ ਹੈ।
ਕੇਂਦਰ ਦੇ ਸੱਦੇ ਤੋਂ ਬਾਅਦ ਡਾਕਟਰਾਂ ਦੀ ਟੀਮ ਵੱਲੋਂ ਡੱਲੇਵਾਲ ਨੂੰ ਗਲੂਕੋਜ਼ ਚੜ੍ਹਾਇਆ ਹੈ। ਇਸ ਤੋਂ ਇਲਾਵਾ ਡਾਕਟਰਾਂ ਦੀ ਟੀਮ ਵੱਲੋਂ ਉਨ੍ਹਾਂ ਦੀ ਸਿਹਤ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਉਥੇ ਹੀ ਦੂਜੇ ਪਾਸੇ ਡਾਕਟਰ ਸਵੈਮਾਨ ਸਿੰਘ ਨੇ 14 ਫਰਬਰੀ ਨੂੰ ਹੋਣ ਵਾਲੀ ਮੀਟਿੰਗ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਡੱਲੇਵਾਲ ਦੀ ਸਿਹਤ ਨਾਜ਼ੁਕ ਹੈ, ਜਿਸ ਕਰਕੇ ਮੀਟਿੰਗ ਵਿੱਚ ਜ਼ਿਆਦਾ ਸਮਾਂ ਨਹੀਂ ਪਾਉਣਾ ਚਾਹੀਦਾ ਕਿਉਂਕਿ ਬਿਨਾਂ ਖਾਣੇ ਤੋਂ 14 ਫਰਵਰੀ ਤੱਕ ਡੱਲੇਵਾਲ ਦੀ ਸਿਹਤ ਹੋਰ ਵਿਗੜ ਸਕਦੀ ਹੈ।






















