ਕੋਰੋਨਾ ਤੋਂ ਠੀਕ ਹੋ ਕੇ ਬਿਨਾਂ ਮਾਸਕ ਸਮਾਗਮ 'ਚ ਸ਼ਾਮਲ ਹੋਏ ਹਰਜੋਤ ਬੈਂਸ, ਬਾਅਦ 'ਚ ਮੰਗੀ ਮੁਆਫੀ
Punjab News: ਸੁਤੰਤਰਤਾ ਦਿਵਸ ਮੌਕੇ ਮਾਸਕ ਨਾ ਪਹਿਨਣ ਲਈ ਪੰਜਾਬ ਦੇ ਜੇਲ੍ਹ ਮੰਤਰੀ ਸਵਾਲਾਂ ਦੇ ਘੇਰੇ 'ਚ ਹਨ।
Punjab News: ਆਜ਼ਾਦੀ ਦਿਵਸ ਮੌਕੇ ਮਾਸਕ ਨਾ ਪਹਿਨਣ ਲਈ ਪੰਜਾਬ ਦੇ ਜੇਲ੍ਹ ਮੰਤਰੀ ਸਵਾਲਾਂ ਦੇ ਘੇਰੇ 'ਚ ਹਨ। ਸਰਕਾਰ ਵੱਲੋਂ ਜਾਰੀ ਹਦਾਇਤਾਂ ਦੇ ਬਾਵਜੂਦ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਸ਼ਾਮਲ ਹੋਣ ਹੁਸ਼ਿਆਰਪੁਰ ਪਹੁੰਚੇ ਮੰਤਰੀ ਬੈਂਸ ਨੇ ਮਾਸਕ ਨਹੀਂ ਪਾਇਆ ਸੀ । ਭੀੜ 'ਚ ਵੀ ਉਹ ਬਿਨਾਂ ਮਾਸਕ ਸਮਾਗਮ 'ਚ ਸ਼ਾਮਲ ਹੋਏ।
ਮੁਹੱਲਾ ਕਲੀਨਿਕ ਦੇ ਉਦਘਾਟਨ ਲਈ ਪਹੁੰਚੇ ਮੰਤਰੀ ਨੂੰ ਜਦੋਂ ਇਸ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਵੱਲੋਂ ਮੁਆਫੀ ਮੰਗੀ ਗਈ ਅਤੇ ਤੁਰੰਤ ਮਾਸਕ ਪਹਿਨਣ ਦੀ ਗੱਲ ਆਖੀ ਗਈ । ਦਸ ਦਈਏ ਕਿ ਹਰਜੋਤ ਬੈਂਸ ਕੁਝ ਦਿਨ ਪਹਿਲਾਂ ਹੀ ਕੋਰੋਨਾ ਦੀ ਲਪੇਟ 'ਚ ਸਨ।
ਦਸ ਦਈਏ ਕਿ 26 ਜੁਲਾਈ ਨੂੰ ਮੰਤਰੀ ਹਰਜੋਤ ਬੈਂਸ ਕੋਰੋਨਾ ਪੌਜ਼ੀਟਿਵ ਪਾਏ ਗਏ ਸਨ। ਜਿਸ ਤੋਂ ਬਾਅਦ ਉਹਨਾਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਸੀ ਅਤੇ ਨਾਲ ਹੀ ਕੁਝ ਦਿਨ ਪਹਿਲਾਂ ਹੀ ਸਰਕਾਰ ਵੱਲੋਂ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਹਦਾਇਤਾਂ ਜਾਰੀ ਕਰਕੇ ਸੂਬੇ ਦੇ ਲੋਕਾਂ ਲਈ ਮਾਸਕ ਪਾਉਣਾ ਲਾਜ਼ਮੀ ਕੀਤਾ ਗਿਆ।
ਪੰਜਾਬ ਸਰਕਾਰ ਵੱਲੋਂ ਜਾਰੀ ਐਡਵਾਈਜ਼ਰੀ
ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਜਾਰੀ ਕੀਤੀ ਗਈ ਇਸ ਐਡਵਾਈਜ਼ਰੀ ਵਿੱਚ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਸਾਰੇ ਵਿਦਿਅਕ ਅਦਾਰਿਆਂ, ਸਰਕਾਰੀ ਅਤੇ ਨਿੱਜੀ ਦਫ਼ਤਰਾਂ, ਇਨਡੋਰ ਅਤੇ ਆਊਟਡੋਰ ਮੀਟਿੰਗਾਂ, ਮਾਲਜ਼, ਜਨਤਕ ਥਾਵਾਂ 'ਤੇ ਮਾਸਕ ਪਹਿਨਣ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ।
ਇਸ ਦੇ ਨਾਲ ਹੀ ਕੋਵਿਡ -19 ਦੇ ਲੱਛਣ ਦਿਖਣ 'ਤੇ ਤੁਰੰਤ ਟੈਸਟ ਕਰਵਾਉਣ ਦੀ ਹਦਾਇਤ ਦਿੱਤੀ ਗਈ ਹੈ। ਕੋਵਿਡ ਟੈਸਟ ਕਰਨ ਵਾਲੇ ਸਾਰੇ ਹਸਪਤਾਲਾਂ, ਲੈਬਸ ਨੂੰ ਕੇਸਾਂ ਦੀ ਡਿਟੇਲਜ਼ ਕੋਵਾ ਪੋਰਟਲ 'ਤੇ ਰੋਜ਼ਾਨਾ ਅਪਲੋਡ ਕਰਨ ਲਈ ਕਿਹਾ ਗਿਆ ਹੈ।
ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਜਾਰੀ ਕੋਰਾ ਕੋਵਿਡ ਦਿਸ਼ਾ-ਨਿਰਦੇਸ਼ਾਂ ਵਿੱਚ ਸਮਾਜਿਕ ਦੂਰੀ ਦੀ ਪਾਲਣਾ ਕਰਨ ਦੀ ਗੱਲ ਵੀ ਕੀਤੀ ਗਈ ਹੈ। ਇਸ ਦੇ ਨਾਲ ਹੀ ਸਾਰੇ ਨਾਗਰਿਕਾਂ ਨੂੰ ਵੈਕਸੀਨ ਦੀ ਦੂਜੀ ਡੋਜ਼ ਜਾਂ ਬੂਸਟਰ ਡੋਜ਼ ਜਲਦੀ ਤੋਂ ਜਲਦੀ ਲੈਣ ਲਈ ਵੀ ਕਿਹਾ ਗਿਆ ਹੈ। ਇਸ ਤੋਂ ਇਲਾਵਾ ਕੋਰੋਨਾ ਦੇ ਲੱਛਣ ਮਹਿਸੂਸ ਹੋਣ 'ਤੇ ਟੈਸਟ ਕਰਵਾਉਣ ਅਤੇ ਨਿਯਮਾਂ ਦੀ ਪਾਲਣਾ ਕਰਨ ਦੀ ਸਲਾਹ ਦਿੰਦੇ ਹੋਏ ਜਨਤਕ ਥਾਵਾਂ 'ਤੇ ਥੁੱਕਣ 'ਤੇ ਪਾਬੰਦੀ ਲਗਾਈ ਗਈ ਹੈ।