Punjab News: ਮੂੰਗੀ ਦੇ ਕਾਸ਼ਤਕਾਰਾਂ ਦੇ ਹੋਣਗੇ ਵਾਰੇ-ਨਿਆਰੇ! ਪੰਜਾਬ ਸਰਕਾਰ ਦੇ ਹੁਲਾਰੇ ਮਗਰੋਂ ਮੋਦੀ ਸਰਕਾਰ ਨੇ ਕੀਤਾ ਵੱਡਾ ਐਲਾਨ
ਕੇਂਦਰ ਸਰਕਾਰ ਨੇ ਮੂੰਗੀ ਦੀ ਐਮਐਸਪੀ 10.35 ਪ੍ਰਤੀਸ਼ਤ ਵਧ ਕੇ 8,558 ਰੁਪਏ ਪ੍ਰਤੀ ਕੁਇੰਟਲ ਕਰ ਦਿੱਤੀ ਹੈ। ਇਹ ਪਿਛਲੇ ਸਾਲ 7755 ਰੁਪਏ ਸੀ।
Punjab News: ਪੰਜਾਬ ਵਿੱਚ ਮੂੰਗੀ ਦੀ ਕਾਸ਼ਤ ਮੁੜ ਵਧ ਸਕਦੀ ਹੈ। ਪੰਜਾਬ ਸਰਕਾਰ ਦੀ ਹੱਲਾਸ਼ੇਰੀ ਮਗਰੋਂ ਹੁਣ ਕੇਂਦਰ ਸਰਕਾਰ ਨੇ ਵੀ ਮੂੰਗੀ ਦੇ ਕਾਸ਼ਤਕਾਰਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਕੇਂਦਰ ਸਰਕਾਰ ਨੇ ਮੂੰਗੀ ਦੀ ਐਮਐਸਪੀ 10.35 ਪ੍ਰਤੀਸ਼ਤ ਵਧ ਕੇ 8,558 ਰੁਪਏ ਪ੍ਰਤੀ ਕੁਇੰਟਲ ਕਰ ਦਿੱਤੀ ਹੈ। ਇਹ ਪਿਛਲੇ ਸਾਲ 7755 ਰੁਪਏ ਸੀ। ਪੰਜਾਬ ਸਰਕਾਰ ਨੇ ਐਲਾਨ ਕੀਤਾ ਕਿ ਕਿਸਾਨਾਂ ਦੀ ਸਾਰੀ ਮੂੰਗੀ ਐਮਐਸਪੀ ਉੱਪਰ ਖਰੀਦੀ ਜਾਏਗੀ।
ਦਰਅਸਲ ਪੰਜਾਬ ਸਰਕਾਰ ਨੇ ਪਿਛਲੇ ਸਾਲ ਕਿਸਾਨਾਂ ਨੂੰ ਮੂੰਗੀ ਦੀ ਕਾਸ਼ਤ ਲਈ ਉਤਸ਼ਾਹਿਤ ਕੀਤਾ ਸੀ। ਪੰਜਾਬ ਅੰਦਰ ਮੂੰਗੀ ਦੀ ਕਾਸ਼ਤ ਹੇਠ ਰਕਬਾ ਵਧਿਆ ਸੀ ਪਰ ਇਸ ਵਾਰ ਕਿਸਾਨਾਂ ਨੇ ਘੱਟ ਉਤਸ਼ਾਹ ਵਿਖਾਇਆ ਹੈ। ਹੁਣ ਕੇਂਦਰ ਸਰਕਾਰ ਵੱਲੋਂ ਮੂੰਗੀ ਦੀ ਐਮਐਸਪੀ 10.35 ਪ੍ਰਤੀਸ਼ਤ ਵਧਾ ਦਿੱਤੀ ਹੈ। ਇਸ ਨਾਲ ਪੰਜਾਬ ਅੰਦਰ ਮੂੰਗੀ ਦੀ ਕਾਸ਼ਤ ਵਧ ਸਕਦੀ ਹੈ।
ਮੂੰਗੀ ਤੋਂ ਇਲਾਵਾ ਕੇਂਦਰ ਸਰਕਾਰ ਨੇ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) 143 ਰੁਪਏ ਵਧਾ ਕੇ ਇਸ ਸਾਉਣੀ ਦੇ ਸੀਜ਼ਨ ਵਿੱਚ 2,183 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਐਲਾਨ ਕੀਤਾ ਹੈ ਜੋ ਕਿ ਪਿਛਲੇ ਇੱਕ ਦਹਾਕੇ ਵਿੱਚ ਕੀਤਾ ਗਿਆ ਦੂਜਾ ਸਭ ਤੋਂ ਵੱਡਾ ਵਾਧਾ ਹੈ। ਇਸ ਤੋਂ ਪਹਿਲਾਂ ਵਿੱਤੀ ਵਰ੍ਹੇ 2018-19 ਵਿਚ ਝੋਨੇ ਦੇ ਐਮਐਸਪੀ ਵਿਚ ਸਭ ਤੋਂ ਵੱਡਾ ਵਾਧਾ 200 ਰੁਪਏ ਪ੍ਰਤੀ ਕੁਇੰਟਲ ਦੇ ਰੂਪ ਵਿਚ ਕੀਤਾ ਗਿਆ ਸੀ।
ਇਸ ਤੋਂ ਇਲਾਵਾ ਸਾਲ 2023-24 ਦੀਆਂ ਸਾਉਣੀ ਦੀਆਂ ਫ਼ਸਲਾਂ ਲਈ ਐਮਐਸਪੀ ਵਿਚ 5.3 ਪ੍ਰਤੀਸ਼ਤ ਤੋਂ 10.35 ਪ੍ਰਤੀਸ਼ਤ ਤੱਕ ਦਾ ਵਾਧਾ ਕੀਤਾ ਗਿਆ ਹੈ। ਕੁੱਲ-ਮਿਲਾ ਕੇ ਐਮਐਸਪੀ ਨੂੰ 128 ਰੁਪਏ ਤੋਂ 805 ਰੁਪਏ ਪ੍ਰਤੀ ਕੁਇੰਟਲ ਤੱਕ ਵਧਾਇਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਫ਼ਸਲੀ ਵਰ੍ਹੇ 2023-24 ਵਿਚ ਪੈਦਾ ਕੀਤੀਆਂ ਜਾਣ ਵਾਲੀਆਂ ਤੇ ਸਾਉਣੀ ਦੇ ਮੰਡੀਕਰਨ ਸੀਜ਼ਨ (ਅਕਤੂਬਰ-ਸਤੰਬਰ) ਵਿੱਚ ਖਰੀਦੀਆਂ ਜਾਣ ਵਾਲੀਆਂ ਸਾਰੀਆਂ ਜ਼ਰੂਰੀ ਫ਼ਸਲਾਂ ਦੇ ਐਮਐਸਪੀ ਨੂੰ ਮਨਜ਼ੂਰੀ ਦਿੱਤੀ ਹੈ।
ਸਾਉਣੀ ਦੇ ਅਨਾਜ ਵਿਚ ‘ਆਮ ਗਰੇਡ’ ਝੋਨੇ ਦਾ ਐਮਐਸਪੀ ਪਿਛਲੇ ਸਾਲ ਦੇ 2,040 ਰੁਪਏ ਤੋਂ ਸੱਤ ਪ੍ਰਤੀਸ਼ਤ (143 ਰੁਪਏ) ਵਧ ਕੇ 2183 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਝੋਨੇ ਦੀ ‘ਏ’ ਗਰੇਡ ਕਿਸਮ ਦਾ ਸਮਰਥਨ ਮੁੱਲ 2060 ਰੁਪਏ ਪ੍ਰਤੀ ਕੁਇੰਟਲ ਤੋਂ 143 ਰੁਪਏ ਵਧ ਕੇ 2203 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਜਵਾਰ (ਹਾਈਬ੍ਰਿਡ) ਤੇ ਜਵਾਰ (ਮਾਲਦੰਡੀ) ਦਾ ਐਮਐਸਪੀ 3180 ਰੁਪਏ ਤੇ 3225 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ, ਜੋ ਕਿ ਸਾਲ 2022-23 ਵਿਚ 2970 ਤੇ 2990 ਰੁਪਏ ਸੀ। ਇਹ ਵਾਧਾ ਸੱਤ ਪ੍ਰਤੀਸ਼ਤ ਤੇ 7.85 ਪ੍ਰਤੀਸ਼ਤ ਬਣਦਾ ਹੈ।
ਸਾਲ 2023-24 ਲਈ ਮੱਕੀ ਦਾ ਸਮਰਥਨ ਮੁੱਲ 6.5 ਪ੍ਰਤੀਸ਼ਤ ਵਧਾ ਕੇ 2090 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ ਜਦਕਿ ਰਾਗੀ ਦਾ ਐਮਐੱਸਪੀ 7.49 ਪ੍ਰਤੀਸ਼ਤ ਵਧਾ ਕੇ 3,846 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਤਿਲਾਂ ਦੇ ਤੇਲ ਦਾ ਐਮਐਸਪੀ ਸਾਲ 2023-24 ਵਿਚ 10.28 ਪ੍ਰਤੀਸ਼ਤ ਵਧ ਕੇ 8635 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ।
ਮੂੰਗਫਲੀ ਦਾ ਐਮਐੱਸਪੀ ਨੌਂ ਪ੍ਰਤੀਸ਼ਤ ਵਧ ਕੇ 6377 ਰੁਪਏ ਹੋ ਗਿਆ ਹੈ। ਸੋਇਆਬੀਨ ਦਾ ਸਮਰਥਨ ਮੁੱਲ 6.97 ਪ੍ਰਤੀਸ਼ਤ ਵਧਾ ਕੇ 4600 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਜਦਕਿ ਸੂਰਜਮੁਖੀ ਬੀਜ ਦਾ ਮੁੱਲ 5.6 ਪ੍ਰਤੀਸ਼ਤ ਵਧਾ ਕੇ 6760 ਰੁਪਏ ਕਰ ਦਿੱਤਾ ਗਿਆ ਹੈ। ਕਪਾਹ (ਲੌਂਗ ਸਟੇਬਲ) ਤੇ ਕਪਾਹ (ਮੀਡੀਅਮ ਸਟੇਬਲ) ਦਾ ਐਮਐੱਸਪੀ 7020 ਤੇ 6620 ਪ੍ਰਤੀ ਕੁਇੰਟਲ ਤੈਅ ਹੋਇਆ ਹੈ।