Punjab News: ਸੁਖਬੀਰ ਬਾਦਲ ਦੀ ਗਿੱਦੜਸਿੰਗੀ ਆਈ ਕੰਮ, ਮੰਨ ਗਏ ਧਾਮੀ, ਜਲਦ ਮੁੜ ਸੰਭਾਲਣਗੇ ਪ੍ਰਧਾਨਗੀ
SGPC ਦੇ ਮੁਖੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਕਾਲੀ ਦਲ ਵਰਕਿੰਗ ਕਮੇਟੀ ਦੇ ਮੈਂਬਰਾਂ ਤੇ ਸੁਖਬੀਰ ਬਾਦਲ ਵੱਲੋਂ ਮਨਾਏ ਜਾਣ ਤੋਂ ਬਾਅਦ ਆਪਣਾ ਅਸਤੀਫਾ ਵਾਪਸ ਲੈਣ ਲਈ ਸਹਿਮਤ ਹੋ ਗਏ ਹਨ। ਇੱਕ-ਦੋ ਦਿਨਾਂ ਦੇ ਅੰਦਰ, ਉਹ ਅੰਮ੍ਰਿਤਸਰ ਸਥਿਤ

Punjab News: 18 ਮਾਰਚ SGPC ਲਈ ਖਾਸ ਰਿਹਾ। ਕਈ ਦਿਨ੍ਹਾਂ ਤੋਂ ਨਾਰਾਜ਼ ਚੱਲ ਰਹੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੰਨ ਗਏ। ਦੱਸ ਦਈਏ ਉਨ੍ਹਾਂ ਨੂੰ ਮੁੜ ਪ੍ਰਧਾਨਗੀ ਦਾ ਅਹੁਦਾ ਸੰਭਾਲਣ ਲਈ ਖੁਦ ਸੁਖਬੀਰ ਬਾਦਲ ਮੈਦਾਨ ਵਿੱਚ ਆਏ ਅਤੇ ਉਨ੍ਹਾਂ ਨੂੰ ਰਾਜ਼ੀ ਕਰ ਲਿਆ। ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਚੁੱਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੋ-ਚਾਰ ਦਿਨਾਂ ਤੱਕ ਜ਼ਿੰਮੇਵਾਰੀ ਸੰਭਾਲ ਲੈਣ ਦਾ ਐਲਾਨ ਕੀਤਾ ਹੈ।
ਸੁਖਬੀਰ ਬਾਦਲ ਤੇ ਹੋਰ ਅਕਾਲੀ ਆਗੂ ਗਏ ਸਨ ਮਨਾਉਣ
ਉਨ੍ਹਾਂ ਇਹ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਅਤੇ ਜਨਮੇਜਾ ਸਿੰਘ ਸੇਖੋਂ ਨਾਲ ਕੀਤੀ ਮੀਟਿੰਗ ਮਗਰੋਂ ਲਿਆ ਹੈ। ਬੀਤੇ ਦਿਨ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਵੱਲੋਂ ਐਡਵੋਕੇਟ ਧਾਮੀ ਨੂੰ ਅਸਤੀਫਾ ਵਾਪਸ ਲੈਣ ਦੀ ਕੀਤੀ ਅਪੀਲ ਮਗਰੋਂ ਉਨ੍ਹਾਂ ਇਸ ’ਤੇ ਵਿਚਾਰ ਕਰਨ ਲਈ ਇੱਕ ਦਿਨ ਦਾ ਸਮਾਂ ਮੰਗਿਆ ਸੀ।
ਐਡਵੋਕੇਟ ਧਾਮੀ ਦਾ ਯੂ-ਟਰਨ
ਐਡਵੋਕੇਟ ਧਾਮੀ ਨੇ 6 ਮਾਰਚ ਨੂੰ ਗਿਆਨੀ ਰਘੁਵੀਰ ਸਿੰਘ ਨਾਲ ਮੀਟਿੰਗ ਮਗਰੋਂ ਦਾਅਵਾ ਕੀਤਾ ਸੀ ਕਿ ਉਹ ਅਸਤੀਫਾ ਵਾਪਸ ਨਹੀਂ ਲੈਣਗੇ। ਇਸ ਮਗਰੋਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘੁਵੀਰ ਸਿੰਘ ਦੀਆਂ ਸੇਵਾਵਾਂ ਬਤੌਰ ਜਥੇਦਾਰ ਖ਼ਤਮ ਕਰ ਦਿੱਤੀਆਂ ਗਈਆਂ ਸਨ। ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਤੇ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਵੱਲੋਂ ਸ੍ਰੀ ਧਾਮੀ ਨੂੰ ਲਗਾਤਾਰ ਆਪਣਾ ਅਸਤੀਫਾ ਵਾਪਸ ਲੈਣ ਲਈ ਕਿਹਾ ਜਾ ਰਿਹਾ ਸੀ।
ਮੀਟਿੰਗ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਮੈਂਬਰਾਂ, ਸਿੰਘ ਸਾਹਿਬਾਨ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਅਸਤੀਫਾ ਵਾਪਸ ਲੈਣ ਲਈ ਆਖਿਆ ਜਾ ਰਿਹਾ ਹੈ। ਇਸ ਬਾਰੇ ਉਹ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਸਨ ਪਰ ਬੀਤੇ ਦਿਨ ਅੰਤ੍ਰਿੰਗ ਕਮੇਟੀ ਵੱਲੋਂ ਮਤਾ ਪਾਸ ਕਰਕੇ ਉਨ੍ਹਾਂ ਦਾ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਗਿਆ। ਇਸ ਮਗਰੋਂ 18 ਮਾਰਚ ਨੂੰ ਸੁਖਬੀਰ ਸਿੰਘ ਬਾਦਲ, ਬਲਵਿੰਦਰ ਸਿੰਘ ਭੂੰਦੜ, ਜਨਮੇਜਾ ਸਿੰਘ ਸੇਖੋਂ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਉਨ੍ਹਾਂ ਨੂੰ ਆਪਣਾ ਅਸਤੀਫਾ ਵਾਪਸ ਲੈਣ ਲਈ ਆਖਿਆ ਹੈ। ਉਹ ਇੱਕ-ਦੋ ਦਿਨਾਂ ਮਗਰੋਂ ਆਪਣੀ ਸੇਵਾ ਮੁੜ ਸੰਭਾਲ ਲੈਣਗੇ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਕੁਲਵੰਤ ਸਿੰਘ ਮੰਨਣ, ਹਰਜਿੰਦਰ ਸਿੰਘ ਮਹਿਤਾ, ਅਮਰਜੀਤ ਸਿੰਘ ਚਾਵਲਾ, ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਇਕਬਾਲ ਸਿੰਘ ਜੌਹਲ, ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਆਦਿ ਵੀ ਹਾਜ਼ਰ ਸਨ।
ਸੁਖਬੀਰ ਬਾਦਲ ਨੇ ਆਖੀ ਇਹ ਗੱਲ
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਸਿੱਖਾਂ ’ਤੇ ਹੋ ਰਹੇ ਵੱਡੇ ਹਮਲਿਆਂ ਦਾ ਮੁਕਾਬਲਾ ਡੱਟ ਕੇ ਕਰਨ ਦੀ ਲੋੜ ਹੈ। ਸਿੱਖਾਂ ਨੂੰ ਤਖ਼ਤ ਸਾਹਿਬਾਨ ਤੋਂ ਤਾਕਤ ਅਤੇ ਸੇਧ ਮਿਲਦੀ ਹੈ। ਉਨ੍ਹਾਂ ਕਿਹਾ ਕਿ ਉਹ ਐਡਵੋਕੇਟ ਧਾਮੀ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਸਮੁੱਚੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਮੁੜ ਜ਼ਿੰਮੇਵਾਰੀ ਸਾਂਭਣ ਦਾ ਫ਼ੈਸਲਾ ਕੀਤਾ ਹੈ। ਬਲਵਿੰਦਰ ਸਿੰਘ ਭੂੰਦੜ ਨੇ ਵੀ ਸ੍ਰੀ ਧਾਮੀ ਦਾ ਇਸ ਫ਼ੈਸਲੇ ਲਈ ਧੰਨਵਾਦ ਕੀਤਾ।
ਮੈਂ ਧੰਨਵਾਦ ਕਰਦਾ ਹਾਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਜਿੰਨ੍ਹਾਂ ਨੇ ਸਮੁੱਚੇ ਖ਼ਾਲਸਾ ਪੰਥ ਅਤੇ ਅਕਾਲੀ ਲੀਡਰਸ਼ਿਪ ਦੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਮੁੜ ਸੰਭਾਲਣ ਦਾ ਫੈਸਲਾ ਲਿਆ। pic.twitter.com/nAa5y3p2N7
— Sukhbir Singh Badal (@officeofssbadal) March 18, 2025






















