Punjab News: ਪੌਂਗ ਡੈਮ 'ਚੋਂ ਅੱਜ ਮੁੜ ਛੱਡਿਆ ਜਾਵੇਗਾ ਪਾਣੀ, ਇਨ੍ਹਾਂ ਇਲਾਕਿਆਂ ਵਿੱਚ ਜਾਰੀ ਕੀਤਾ ਅਲਰਟ
ਭਾਖੜਾ ਬਿਆਸ ਪ੍ਰਬੰਧਨ ਬੋਰਡ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਪੌਂਗ ਡੈਮ ਤੋਂ ਅੱਜ 22,300 ਕਿਊਸਿਕ ਪਾਣੀ ਛੱਡੇਗਾ।
Punjab Flood: ਪੰਜਾਬ ਲਈ ਹੜ੍ਹਾ ਦਾ ਪਾਣੀ ਇੱਕ ਵੱਡੀ ਆਫਤ ਬਣਿਆ ਪਿਆ ਹੈ। ਜਿਸ ਨੇ ਪੂਰਾ ਪੰਜਾਬ ਵਿੱਚ ਤਬਾਹੀ ਮਚਾ ਰੱਖੀ ਹੈ। ਇਸ ਦੌਰਾਨ ਇੱਕ ਹੋਰ ਚਿੰਤਾ ਵਾਲੀ ਗੱਲ ਸਾਹਮਣੇ ਆਈ ਹੈ ਕਿ ਅੱਜ ਪੌਂਗ ਡੈਮ 'ਚੋਂ ਮੁੜ ਤੋਂ ਪਾਣੀ ਛੱਡਿਆ ਜਾਵੇਗਾ। ਜਿਸ ਕਰਕੇ ਲੋਕੀ ਡਰੇ ਹੋਏ ਹਨ।
ਹੜ੍ਹ ਦੀ ਆਫਤ ਦਰਮਿਆਨ ਜਿੱਥੇ ਹੁਣ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਥੋੜ੍ਹਾ ਘਟਿਆ ਹੈ, ਉਥੇ ਹੀ ਹੁਣ ਪੌਂਗ ਡੈਮ ਵਿੱਚੋਂ ਮੁੜ ਤੋਂ ਪਾਣੀ ਨੂੰ ਛੱਡਿਆ ਜਾਵੇਗਾ। ਮਿਲੀ ਜਾਣਕਾਰੀ ਮੁਤਾਬਕ ਪੌਂਗ ਡੈਮ ਵਿਚੋਂ ਅੱਜ ਸ਼ਾਮ 4 ਵਜੇ ਪਾਣੀ ਛੱਡਿਆ ਜਾ ਸਕਦਾ ਹੈ। ਉਥੇ ਹੀ ਬੰਨ੍ਹ ਦੇ ਹੇਠਾਂ ਰਹਿਣ ਵਾਲੇ ਸ਼ਾਹਨਹਿਰ, ਤਲਵਾੜਾ, ਮੁਕੇਰੀਆਂ ਵਾਸੀਆਂ ਨੂੰ ਅਲਰਟ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਭਾਖੜਾ ਬਿਆਸ ਪ੍ਰਬੰਧਨ ਬੋਰਡ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਪੌਂਗ ਡੈਮ ਤੋਂ ਅੱਜ 22,300 ਕਿਊਸਿਕ ਪਾਣੀ ਛੱਡੇਗਾ। ਸੀਨੀਅਰ ਡਿਜ਼ਾਇਨ ਇੰਜੀਨੀਅਰ, ਵਾਟਰ ਰੈਗੂਲੇਸ਼ਨ ਸੈੱਲ, ਬੀ. ਬੀ. ਐੱਮ. ਬੀ. ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਕਾਂਗੜਾ ਜ਼ਿਲ੍ਹੇ ਵਿੱਚ ਪੌਂਗ ਪਾਵਰ ਹਾਊਸ ਦੀ ਇਕ ਟਰਬਾਈਨ ਰਾਹੀਂ ਵੱਧ ਤੋਂ ਵੱਧ ਸੰਭਾਵਿਤ ਰਿਲੀਜ ਕੀਤਾ ਜਾਵੇਗਾ ਜਦਕਿ ਅੱਜ ਸ਼ਾਮ 4 ਵਜੇ ਤੋਂ ਸ਼ੁਰੂ ਹੋਣ ਵਾਲੇ ਸਪਿਲਵੇਅ ਰਾਹੀਂ 4,377 ਕਿਊਸਿਕ ਛੱਡਿਆ ਜਾਵੇਗਾ। ਡੈਮ ਦੇ ਪਾਣੀ ਦਾ ਪੱਧਰ 1,410 ਫੁੱਟ ਦੀ ਸਟੋਰੇਜ ਸਮਰੱਥਾ ਦੇ ਮੁਕਾਬਲੇ 1,367.87 ਫੁੱਟ ਤੱਕ ਪਹੁੰਚ ਗਿਆ ਹੈ ਅਤੇ ਪਾਣੀ ਛੱਡਣਾ ਇਕ ਆਮ ਪ੍ਰਕਿਰਿਆ ਹੈ। ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਕਾਂਗੜਾ ਦੇ ਡਿਪਟੀ ਕਮਿਸ਼ਨਰ, ਉੱਪ ਮੰਡਲ ਅਧਿਕਾਰੀਆਂ (ਸਿਵਲ), ਸਿੰਚਾਈ, ਡਰੇਨੇਜ ਅਤੇ ਰਾਜ ਵਿੱਚ ਹੜ੍ਹ ਕੰਟਰੋਲ ਅਥਾਰਟੀਆਂ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਜ਼ਰੂਰੀ ਸਾਵਧਾਨੀਆਂ ਵਰਤਣ ਲਈ ਕਿਹਾ ਗਿਆ ਹੈ।
ਲੋਕਾਂ ਨੂੰ ਸੁਚੇਤ ਰਹਿਣ ਅਤੇ ਸਾਵਧਾਨੀ ਵਰਤਣ ਦੀ ਗੱਲ ਆਖੀ ਗਈ ਹੈ
ਅਧਿਕਾਰੀਆਂ ਨੇ ਬਿਆਸ ਦਰਿਆ ਦੇ ਕੰਢੇ ਰਹਿੰਦੇ ਲੋਕਾਂ ਨੂੰ ਸੁਚੇਤ ਰਹਿਣ ਅਤੇ ਸਾਵਧਾਨੀ ਵਰਤਣ ਅਤੇ ਦਰਿਆ ਦੇ ਨੇੜੇ ਨਾ ਜਾਣ ਦੀ ਸਲਾਹ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪਹਾੜੀ ਇਲਾਕਿਆਂ 'ਚ ਪਿਛਲੇ ਦਿਨੀਂ ਪਏ ਭਾਰੀ ਮੀਂਹ ਕਾਰਨ ਪੌਂਗ ਡੈਮ ਦੇ ਪਾਣੀ ਦਾ ਪੱਧਰ ਵਧ ਗਿਆ ਸੀ, ਜਿਸ ਕਾਰਨ ਇਸ ਡੈਮ ਤੋਂ 20 ਹਜ਼ਾਰ ਕਿਊਸਿਕ ਪਾਣੀ ਬਿਆਸ ਦਰਿਆ 'ਚ ਛੱਡਿਆ ਗਿਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।