Punjab Panchayat Election: ਪੰਜਾਬ ਦੇ ਕੁੱਲ ਪਿੰਡਾਂ ਤੋਂ ਸਰਪੰਚ ਬਣਨ ਦੇ ਇਛੁੱਕ ਚੌਗਣੇ ! ਪੰਚਾਂ ਲਈ ਆਈਆਂ 1.5 ਲੱਖ ਅਰਜ਼ੀਆਂ, ਜਾਣੋ ਕਿੰਨੇ 'ਪੇਂਡੂਆਂ' ਨੇ ਭਰੀ ਨਾਮਜ਼ਦਗੀ
Punjab Panchayat Election 2024: ਪੰਜਾਬ ਵਿੱਚ ਪੰਚ ਤੇ ਸਰਪੰਚ ਦੇ ਅਹੁਦਿਆਂ ਲਈ 15 ਅਕਤੂਬਰ ਨੂੰ ਚੋਣਾਂ ਹੋਣਗੀਆਂ। ਇਸ ਲਈ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਗਈਆਂ ਹਨ। 7 ਅਕਤੂਬਰ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ ਹੈ।
Punjab Panchayat Election 2024: ਪੰਜਾਬ ਵਿੱਚ 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਵਿੱਚ ਸਰਪੰਚ ਦੇ ਅਹੁਦਿਆਂ ਲਈ 52,000 ਤੋਂ ਵੱਧ ਨਾਮਜ਼ਦਗੀਆਂ ਤੇ ਪੰਚ ਲਈ 1.66 ਲੱਖ ਤੋਂ ਵੱਧ ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ। ਸੂਬੇ ਦੀਆਂ 13,229 ਗ੍ਰਾਮ ਪੰਚਾਇਤਾਂ ਲਈ 15 ਅਕਤੂਬਰ ਨੂੰ ਚੋਣਾਂ ਹੋਣੀਆਂ ਹਨ।
ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਬਿਆਨ ਅਨੁਸਾਰ, ‘ਗ੍ਰਾਮ ਪੰਚਾਇਤ ਚੋਣਾਂ ਵਿੱਚ ਸਰਪੰਚਾਂ ਲਈ ਕੁੱਲ 52,825 ਤੇ ਪੰਚਾਂ ਲਈ 1,66,338 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ। ਨਾਮਜ਼ਦਗੀ ਵਾਪਸ ਲੈਣ ਦੀ ਆਖ਼ਰੀ ਮਿਤੀ 7 ਅਕਤੂਬਰ ਹੈ।
ਚੋਣ ਪ੍ਰੋਗਰਾਮ ਅਨੁਸਾਰ 27 ਸਤੰਬਰ ਤੋਂ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਸੀ ਤੇ 4 ਅਕਤੂਬਰ ਤੱਕ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਜਾ ਚੁੱਕੀਆਂ ਹਨ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 5 ਅਕਤੂਬਰ ਨੂੰ ਹੋਵੇਗੀ ਜਦਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਆਖ਼ਰੀ ਤਰੀਕ ਭਲਕੇ 7 ਅਕਤੂਬਰ ਹੈ।
15 ਅਕਤੂਬਰ ਨੂੰ ਹੀ ਹੋਵੇਗੀ ਵੋਟਾਂ ਦੀ ਗਿਣਤੀ
ਪੰਜਾਬ ਰਾਜ ਚੋਣ ਕਮਿਸ਼ਨਰ ਰਾਜਕਮਲ ਚੌਧਰੀ ਅਨੁਸਾਰ 15 ਅਕਤੂਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਬੈਲਟ ਪੇਪਰਾਂ ਰਾਹੀਂ ਵੋਟਾਂ ਪਾਈਆਂ ਜਾਣਗੀਆਂ। ਵੋਟਾਂ ਪੈਣ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਉਸੇ ਦਿਨ ਹੀ ਪੋਲਿੰਗ ਸਟੇਸ਼ਨਾਂ 'ਤੇ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ।
ਸੂਬੇ ਵਿੱਚ ਸਰਪੰਚ ਦੇ 13,237 ਤੇ ਪੰਚ ਦੇ 83,437 ਅਹੁਦਿਆਂ ਲਈ ਵੋਟਾਂ ਪੈਣਗੀਆਂ। ਰਾਜ ਵਿੱਚ ਕੁੱਲ ਰਜਿਸਟਰਡ ਵੋਟਰਾਂ ਦੀ ਗਿਣਤੀ 1,33,97,922 ਹੈ ਜਿਸ ਵਿੱਚ ਪੁਰਸ਼ ਵੋਟਰਾਂ ਦੀ ਗਿਣਤੀ 70,51,722 ਤੇ ਮਹਿਲਾ ਵੋਟਰਾਂ ਦੀ ਗਿਣਤੀ 63,46,008 ਹੈ। ਪੰਚਾਇਤੀ ਚੋਣਾਂ 'ਚ ਕੁੱਲ 19,110 ਪੋਲਿੰਗ ਸਟੇਸ਼ਨਾਂ 'ਤੇ ਵੋਟਿੰਗ ਹੋਵੇਗੀ।
ਪੰਚ ਅਤੇ ਸਰਪੰਚ ਦੇ ਅਹੁਦੇ ਲਈ ਖਰਚੇ ਦੀ ਸੀਮਾ ਕੀ ਹੈ?
ਪੰਜਾਬ ਰਾਜ ਚੋਣ ਕਮਿਸ਼ਨਰ ਚੌਧਰੀ ਅਨੁਸਾਰ ਸਰਪੰਚ ਦੇ ਅਹੁਦੇ ਲਈ ਉਮੀਦਵਾਰ ਲਈ ਖਰਚੇ ਦੀ ਹੱਦ 40 ਹਜ਼ਾਰ ਰੁਪਏ ਰੱਖੀ ਗਈ ਹੈ। ਜਦਕਿ ਪੰਚ ਦੇ ਅਹੁਦੇ ਲਈ ਉਮੀਦਵਾਰ ਲਈ ਖਰਚੇ ਦੀ ਹੱਦ 30 ਹਜ਼ਾਰ ਰੁਪਏ ਰੱਖੀ ਗਈ ਹੈ। ਪਹਿਲਾਂ ਇਹ ਖਰਚ ਸੀਮਾ 20 ਹਜ਼ਾਰ ਰੁਪਏ ਤੱਕ ਸੀ।
ਜਦਕਿ ਪੰਚਾਇਤੀ ਚੋਣਾਂ ਕਿਸੇ ਵੀ ਪਾਰਟੀ ਦੇ ਚੋਣ ਨਿਸ਼ਾਨ 'ਤੇ ਨਹੀਂ ਹੋਣਗੀਆਂ। ਇਸ ਦੇ ਲਈ ਵਿਸ਼ੇਸ਼ ਚਿੰਨ੍ਹ ਜਾਰੀ ਕੀਤੇ ਗਏ ਹਨ। ਸਰਪੰਚ ਅਤੇ ਪੰਚਾਂ ਨੂੰ ਚੋਣ ਲੜਨ ਲਈ ਵੱਖ-ਵੱਖ ਚੋਣ ਨਿਸ਼ਾਨ ਦਿੱਤੇ ਜਾਣਗੇ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ।