Punjab Weather Update: ਅਗਲੇ ਦੋ ਦਿਨ ਰਹੇਗਾ ਠੰਢ ਦਾ ਕਹਿਰ! 25 ਜਨਵਰੀ ਤੋਂ ਬਾਅਦ ਕਰਵਟ ਲਏਗਾ ਮੌਸਮ
Punjab Weather Update: ਪੰਜਾਬ ਤੇ ਹਰਿਆਣਾ ਸਣੇ ਉੱਤਰੀ ਭਾਰਤ ਵਿੱਚ ਸੀਤ ਲਹਿਰ ਦਾ ਕਹਿਰ ਜਾਰੀ ਹੈ। ਧੁੰਦ ਤੇ ਠੰਢ ਦਾ ਇਹ ਪ੍ਰਭਾਵ ਅਗਲੇ ਦੋ ਦਿਨਾਂ ਤੱਕ ਰਹੇਗਾ। 25 ਜਨਵਰੀ ਤੋਂ ਬਾਅਦ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ।
Punjab Weather Update: ਪੰਜਾਬ ਤੇ ਹਰਿਆਣਾ ਸਣੇ ਉੱਤਰੀ ਭਾਰਤ ਵਿੱਚ ਸੀਤ ਲਹਿਰ ਦਾ ਕਹਿਰ ਜਾਰੀ ਹੈ। ਧੁੰਦ ਤੇ ਠੰਢ ਦਾ ਇਹ ਪ੍ਰਭਾਵ ਅਗਲੇ ਦੋ ਦਿਨਾਂ ਤੱਕ ਰਹੇਗਾ। 25 ਜਨਵਰੀ ਤੋਂ ਬਾਅਦ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ। ਹਿਮਾਚਲ ਵਿੱਚ ਮੀਂਹ ਤੇ ਬਰਫ਼ਬਾਰੀ ਦੀ ਸੰਭਾਵਨਾ ਹੈ। 25 ਜਨਵਰੀ ਤੋਂ ਬਾਅਦ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਧੁੱਪ ਨਿਕਲਣ ਦੇ ਆਸਾਰ ਹਨ ਜਿਸ ਕਾਰਨ ਤਾਪਮਾਨ ਵਧੇਗਾ। ਹਾਲਾਂਕਿ ਇਨ੍ਹਾਂ ਤਿੰਨਾਂ ਰਾਜਾਂ ਵਿੱਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਤੇ ਸੁੱਕੀ ਠੰਢ ਜਾਰੀ ਰਹੇਗੀ।
ਅੱਜ ਮੰਗਲਵਾਰ ਪੰਜਾਬ ਦੇ ਸਾਰੇ 24 ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ ਜਾਰੀ ਕੀਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਸਾਰੇ ਜ਼ਿਲ੍ਹਿਆਂ ਵਿੱਚ ਧੁੰਦ ਦਾ ਅਸਰ ਰਹੇਗਾ, ਜਦਕਿ ਸੀਤ ਲਹਿਰ ਕਾਰਨ ਦਿਨ ਦਾ ਤਾਪਮਾਨ ਵੀ ਆਮ ਨਾਲੋਂ ਹੇਠਾਂ ਰਹੇਗਾ। ਅੱਜ ਵੀ ਧੁੱਪ ਘੱਟ ਹੀ ਨਿਕਲੇਗੀ ਤੇ ਤਾਪਮਾਨ ਆਮ ਨਾਲੋਂ 7 ਤੋਂ 8 ਡਿਗਰੀ ਘੱਟ ਰਹਿਣ ਦੀ ਸੰਭਾਵਨਾ ਹੈ।
ਇਹੀ ਹਾਲ ਹਰਿਆਣਾ ਵਿੱਚ ਨਜ਼ਰ ਆ ਰਿਹਾ ਹੈ। 21 ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਫਰੀਦਾਬਾਦ ਤੇ ਪਾਣੀਪਤ ਦੋ ਜ਼ਿਲ੍ਹੇ ਅਜਿਹੇ ਹਨ ਜਿੱਥੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਸੂਰਜ ਦੇ ਘੱਟ ਨਿਕਲਣ ਦੀ ਸੰਭਾਵਨਾ ਹੈ ਤੇ ਦਿਨ ਠੰਢਾ ਰਹਿ ਸਕਦਾ ਹੈ।
ਮੌਸਮ ਵਿਭਾਗ ਮੁਤਾਬਕ ਅੱਜ ਚੰਡੀਗੜ੍ਹ 'ਚ ਤਾਪਮਾਨ 'ਚ ਗਿਰਾਵਟ ਆਵੇਗੀ। ਤਾਪਮਾਨ 6 ਤੋਂ 11 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਧੁੰਦ ਵਧਣ ਕਾਰਨ ਸੂਰਜ ਨਿਕਲਣ ਦੀ ਸੰਭਾਵਨਾ ਘੱਟ ਹੈ। ਅੰਮ੍ਰਿਤਸਰ ਵਿੱਚ ਅੱਜ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਧੁੱਪ ਨਿਕਲਣ ਦੀ ਬਹੁਤ ਘੱਟ ਸੰਭਾਵਨਾ ਹੈ। ਰਾਤ ਦੇ ਤਾਪਮਾਨ ਵਿੱਚ ਗਿਰਾਵਟ ਆਵੇਗੀ। ਤਾਪਮਾਨ 5 ਤੋਂ 11 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਜਲੰਧਰ ਵਿੱਚ ਤਾਪਮਾਨ 'ਚ ਜ਼ਿਆਦਾ ਬਦਲਾਅ ਨਹੀਂ ਦੇਖਣ ਨੂੰ ਮਿਲੇਗਾ। ਸੂਰਜ ਨਿਕਲਣ ਦੀ ਸੰਭਾਵਨਾ ਘੱਟ ਹੈ ਤੇ ਦਿਨ ਕਾਫ਼ੀ ਠੰਢਾ ਰਹੇਗਾ। ਤਾਪਮਾਨ 5 ਤੋਂ 12 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਲੁਧਿਆਣਾ ਵਿੱਚ ਅੱਜ ਧੁੰਦ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਸੰਘਣੀ ਧੁੰਦ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ ਤੇ ਦਿਨ ਬੇਹੱਦ ਠੰਢਾ ਰਹੇਗਾ। ਤਾਪਮਾਨ 5 ਤੋਂ 13 ਡਿਗਰੀ ਦੇ ਵਿਚਕਾਰ ਰਹੇਗਾ।
ਹਿਮਾਚਲ 'ਚ ਦੋ ਦਿਨਾਂ ਤੱਕ ਮੌਸਮ ਆਮ ਵਾਂਗ ਰਹਿਣ ਵਾਲਾ ਹੈ ਪਰ 25 ਜਨਵਰੀ ਤੋਂ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਰਿਹਾ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਅਨੁਸਾਰ, 25 ਤੋਂ 27 ਜਨਵਰੀ ਦੇ ਵਿਚਕਾਰ, ਸਿਰਫ ਕੁਝ ਉੱਚਾਈ ਵਾਲੇ ਖੇਤਰਾਂ ਵਿੱਚ ਹਲਕੀ ਬਾਰਸ਼ ਤੇ ਬਰਫਬਾਰੀ ਹੋ ਸਕਦੀ ਹੈ ਪਰ 28 ਫਰਵਰੀ ਨੂੰ ਸੂਬੇ ਦੇ ਜ਼ਿਆਦਾਤਰ ਇਲਾਕਿਆਂ 'ਚ ਮੀਂਹ ਤੇ ਬਰਫਬਾਰੀ ਦੀ ਸੰਭਾਵਨਾ ਹੈ। ਇਸ ਦਿਨ ਸ਼ਿਮਲਾ, ਮੰਡੀ, ਕੁੱਲੂ, ਕਾਂਗੜਾ, ਕਿਨੌਰ, ਲਾਹੌਲ ਸਪਿਤੀ ਤੇ ਚੰਬਾ ਦੇ ਉੱਚੇ ਇਲਾਕਿਆਂ ਵਿੱਚ ਚੰਗੀ ਬਰਫ਼ਬਾਰੀ ਹੋ ਸਕਦੀ ਹੈ।