Punjab Weather Today: ਪੰਜਾਬ 'ਚ ਡਿੱਗਿਆ ਤਾਪਮਾਨ, ਵਧੇਗੀ ਠੰਢ: ਵੈਸਟਰਨ ਡਿਸਟਰਬੈਂਸ ਦਾ ਅਸਰ, ਫਰੀਦਕੋਟ 7.9 ਡਿਗਰੀ 'ਤੇ, ਜਾਣੋ ਬਾਕੀ ਜ਼ਿਲ੍ਹਿਆਂ ਦਾ ਮੌਸਮ ਦਾ ਹਾਲ
ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਦੇ ਵਿੱਚ ਲਗਾਤਾਰ ਤਾਪਮਾਨ ਹੇਠਾਂ ਆ ਰਿਹਾ ਹੈ, ਜਿਸ ਕਰਕੇ ਠੰਡ ਵੱਧ ਰਹੀ ਹੈ। ਪਹਾੜੀ ਇਲਾਕਿਆਂ ‘ਚ ਹੋਈ ਬਰਫਬਾਰੀ ਕਾਰਨ ਪੰਜਾਬ ਵਿੱਚ ਠੰਢੀਆਂ ਹਵਾਵਾਂ ਚਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਵੈਸਟਰਨ ਡਿਸਟਰਬੈਂਸ ਤੋਂ ਬਾਅਦ ਹੋਈ ਵਰਖਾ ਨੇ ਪੰਜਾਬ ਦੇ ਮੌਸਮ ਦਾ ਮਿਜਾਜ ਬਦਲ ਦਿੱਤਾ ਹੈ। ਪਿਛਲੇ 24 ਘੰਟਿਆਂ ਵਿੱਚ ਦਿਨ ਦਾ ਤਾਪਮਾਨ 0.6 ਡਿਗਰੀ ਤੱਕ ਘੱਟਿਆ ਹੈ। ਇਸ ਵੇਲੇ ਦਿਨ ਦਾ ਵੱਧ ਤੋਂ ਵੱਧ ਪਾਰਾ ਆਮ ਤੌਰ ‘ਤੇ ਮੁਕਾਬਲੇ 1.7 ਡਿਗਰੀ ਘੱਟ ਦਰਜ ਹੋ ਰਿਹਾ ਹੈ। ਮੌਸਮ ਵਿਭਾਗ ਦੇ ਅਨੁਸਾਰ, ਅਗਲੇ ਦੋ ਦਿਨ ਤਾਪਮਾਨ ਵਿੱਚ ਹੌਲੀ ਹੌਲੀ ਹੋਰ ਵੀ ਕਮੀ ਆ ਸਕਦੀ ਹੈ।
ਪਹਾੜੀ ਇਲਾਕਿਆਂ 'ਚ ਬਰਫਬਾਰੀ ਨੇ ਮੈਦਾਨੀ ਇਲਾਕਿਆਂ 'ਚ ਵਧਾਈ ਠੰਢ
ਦੂਜੇ ਪਾਸੇ, ਰਾਤ ਦਾ ਤਾਪਮਾਨ ਜੋ ਆਮ ਤੌਰ ‘ਤੇ ਵੱਧ ਚੱਲ ਰਿਹਾ ਸੀ, ਉਸ ਵਿੱਚ ਵੀ 4 ਡਿਗਰੀ ਦੀ ਗਿਰਾਵਟ ਆਈ ਹੈ। ਇਸ ਤੋਂ ਬਾਅਦ ਸੂਬੇ ਦਾ ਘੱਟ ਤੋਂ ਘੱਟ ਤਾਪਮਾਨ ਆਮ ਦਰ ‘ਤੇ ਦਰਜ ਹੋਇਆ ਹੈ। ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਹੁਣ ਸੂਬੇ ਵਿੱਚ ਹੌਲੀ-ਹੌਲੀ ਠੰਢ ਵਧੇਗੀ। ਇਹ ਸਰਦੀ ਦੀ ਪਹਿਲੀ ਦਸਤਕ ਮੰਨੀ ਜਾ ਰਹੀ ਹੈ। ਪਹਾੜੀ ਇਲਾਕਿਆਂ ‘ਚ ਹੋਈ ਬਰਫਬਾਰੀ ਕਾਰਨ ਪੰਜਾਬ ਵਿੱਚ ਠੰਢੀਆਂ ਹਵਾਵਾਂ ਚਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਪੰਜਾਬ ‘ਚ ਘੱਟੋ-ਘੱਟ ਤਾਪਮਾਨ 7.6 ਡਿਗਰੀ ਦਰਜ
ਪੰਜਾਬ ਦੇ ਘੱਟੋ-ਘੱਟ ਤਾਪਮਾਨ ‘ਚ 4 ਡਿਗਰੀ ਦੀ ਗਿਰਾਵਟ ਦੇ ਬਾਅਦ ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 10 ਤੋਂ 12 ਡਿਗਰੀ ਦੇ ਵਿਚਕਾਰ ਬਣਿਆ ਹੋਇਆ ਹੈ। ਸਭ ਤੋਂ ਘੱਟ ਤਾਪਮਾਨ ਫਰੀਦਕੋਟ ‘ਚ 7.9 ਡਿਗਰੀ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਜ਼ਿਆਦਾਤਰ ਜ਼ਿਲ੍ਹਿਆਂ ਦਾ ਵੱਧ ਤੋਂ ਵੱਧ ਤਾਪਮਾਨ ਵੀ 26 ਤੋਂ 29 ਡਿਗਰੀ ਦੇ ਵਿਚਕਾਰ ਰਿਹਾ। ਸਭ ਤੋਂ ਵੱਧ ਤਾਪਮਾਨ ਲੁਧਿਆਣਾ ਦੇ ਸਮਰਾਲਾ ‘ਚ ਦਰਜ ਹੋਇਆ, ਜੋ 30.7 ਡਿਗਰੀ ਰਿਹਾ।
ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 10.7 ਡਿਗਰੀ, ਲੁਧਿਆਣਾ ਦਾ 14.4 ਡਿਗਰੀ, ਪਟਿਆਲਾ ਦਾ 18.4 ਡਿਗਰੀ, ਬਠਿੰਡਾ ਦਾ 12 ਡਿਗਰੀ ਤੇ ਗੁਰਦਾਸਪੁਰ ਦਾ 11.8 ਡਿਗਰੀ ਦਰਜ ਕੀਤਾ ਗਿਆ ਹੈ।
ਪਰਾਲੀ ਸਾੜਨ ਦੇ 351 ਮਾਮਲੇ ਆਏ ਸਾਹਮਣੇ
ਪਰਾਲੀ ਸਾੜਨ ਦੇ ਮਾਮਲਿਆਂ ‘ਚ ਇੱਕ ਦਿਨ ਦੀ ਗਿਰਾਵਟ ਤੋਂ ਬਾਅਦ ਮੁੜ ਵੱਡਾ ਉਛਾਲ ਦੇਖਣ ਨੂੰ ਮਿਲਿਆ ਹੈ। ਵੀਰਵਾਰ ਨੂੰ ਪਰਾਲੀ ਸਾੜਨ ਦੇ ਕੁੱਲ 351 ਮਾਮਲੇ ਸਾਹਮਣੇ ਆਏ। ਇਨ੍ਹਾਂ ‘ਚ ਸਭ ਤੋਂ ਵੱਧ ਮਾਮਲੇ ਮੋਗਾ ‘ਚ ਦਰਜ ਕੀਤੇ ਗਏ, ਜੋ 46 ਰਹੇ। ਮੁਕਤਸਰ ‘ਚ 40, ਸੰਗਰੂਰ ‘ਚ 31, ਲੁਧਿਆਣਾ ‘ਚ 29, ਫਿਰੋਜ਼ਪੁਰ ਤੇ ਤਰਨਤਾਰਨ ‘ਚ 28-28, ਬਠਿੰਡਾ ‘ਚ 27, ਅੰਮ੍ਰਿਤਸਰ ‘ਚ 25, ਮਨਸਾ ‘ਚ 24 ਅਤੇ ਪਟਿਆਲਾ ‘ਚ 21 ਮਾਮਲੇ ਰਿਪੋਰਟ ਹੋਏ।
ਪੰਜਾਬ ਦੇ ਮੁੱਖ ਸ਼ਹਿਰਾਂ ਦਾ ਤਾਪਮਾਨ ਘਟਦਾ ਜਾ ਰਿਹਾ ਹੈ। ਅੰਮ੍ਰਿਤਸਰ ‘ਚ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਤੇ ਘੱਟ ਤੋਂ ਘੱਟ 11 ਡਿਗਰੀ ਰਿਹਾ। ਜਲੰਧਰ ‘ਚ ਵੀ ਇਹੀ ਹਾਲਾਤ ਰਹੇ, ਜਿੱਥੇ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਤੇ ਘੱਟ ਤੋਂ ਘੱਟ 11 ਡਿਗਰੀ ਰਿਕਾਰਡ ਕੀਤਾ ਗਿਆ। ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਤੇ ਘੱਟ ਤੋਂ ਘੱਟ 14 ਡਿਗਰੀ ਰਿਹਾ, ਜਦਕਿ ਪਟਿਆਲਾ ‘ਚ 29 ਡਿਗਰੀ ਵੱਧ ਤੋਂ ਵੱਧ ਅਤੇ 13 ਡਿਗਰੀ ਘੱਟ ਤੋਂ ਘੱਟ ਤਾਪਮਾਨ ਦਰਜ ਹੋਇਆ। ਮੋਹਾਲੀ ‘ਚ ਵੀ ਤਾਪਮਾਨ 29 ਡਿਗਰੀ ਵੱਧ ਤੋਂ ਵੱਧ ਤੇ 15 ਡਿਗਰੀ ਘੱਟ ਤੋਂ ਘੱਟ ਰਿਹਾ। ਇਹ ਅੰਕੜੇ ਦਰਸਾਉਂਦੇ ਹਨ ਕਿ ਸੂਬੇ ‘ਚ ਠੰਢ ਨੇ ਹੌਲੀ-ਹੌਲੀ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ।






















