Punjab Weather Update: ਪੰਜਾਬ ਦੇ 11 ਜ਼ਿਲ੍ਹਿਆਂ 'ਚ ਯੈਲੋ ਅਲਰਟ, ਅੱਜ ਇਨ੍ਹਾਂ ਜ਼ਿਲ੍ਹਿਆਂ 'ਚ ਹੋਏਗੀ ਬਾਰਸ਼
Weather Update: ਪ੍ਰੀ-ਮਾਨਸੂਨ ਦੀ ਬਾਰਸ਼ ਨਾਲ ਉੱਤਰੀ ਭਾਰਤ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਅੱਜ ਪੰਜਾਬ, ਹਰਿਆਣਾ ਤੇ ਹਿਮਾਚਲ ਵਿੱਚ ਬਾਰਸ਼ ਨੇ ਪਾਰਾ ਕਾਫੀ ਹੇਠਾਂ ਲੈ ਆਂਦਾ।
ਮੌਸਮ ਵਿਭਾਗ ਮੁਤਾਬਕ ਅਗਲੇ ਦਿਨੀਂ ਪੰਜਾਬ ਤੇ ਹਰਿਆਣਾ ਵਿੱਚ ਹੋਰ ਬਾਰਸ਼ ਹੋਏਗੀ ਤੇ ਜੁਲਾਈ ਦੇ ਪਹਿਲੇ ਹਫਤੇ ਮਾਨਸੂਨ ਪਹੁੰਚ ਜਾਏਗੀ।
ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ
ਬੁੱਧਵਾਰ ਸ਼ਾਮ ਨੂੰ ਪੰਜਾਬ ਦੇ ਪੂਰਬੀ ਮਾਲਵਾ ਖੇਤਰ 'ਚ ਤੇਜ਼ ਹਵਾਵਾਂ ਚੱਲੀਆਂ ਤੇ ਕੁਝ ਥਾਵਾਂ 'ਤੇ ਹਲਕੀ ਬਾਰਸ਼ ਨੇ ਮੌਸਮ ਨੂੰ ਠਾਰ ਦਿੱਤਾ। ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਮੀਂਹ ਤੇ ਤੇਜ਼ ਹਵਾਵਾਂ ਲਈ ਅਲਰਟ ਜਾਰੀ ਕੀਤਾ ਗਿਆ ਹੈ। ਇਸ ਮੁਤਾਬਕ ਮਾਨਸਾ, ਸੰਗਰੂਰ, ਬਰਨਾਲਾ, ਪਟਿਆਲਾ, ਫਤਿਹਗੜ੍ਹ ਸਾਹਿਬ, ਐਸਏਐਸ ਨਗਰ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਲੁਧਿਆਣਾ ਤੇ ਚੰਡੀਗੜ੍ਹ ਵਿੱਚ ਮੀਂਹ ਪੈ ਸਕਦਾ ਹੈ।
ਲੁਧਿਆਣਾ ਹੋਇਆ ਜਲਥਲ਼
ਮੌਸਮ ਵਿਭਾਗ ਮੁਤਾਬਕ ਹਿਮਾਚਲ ਤੇ ਹਰਿਆਣਾ 'ਚ ਮੀਂਹ ਤੋਂ ਬਾਅਦ ਪੰਜਾਬ 'ਚ ਪ੍ਰੈਸ਼ਰ ਬਿਲਡਿੰਗ ਕਾਰਨ ਨਮੀ ਵਾਲੇ ਹਾਲਾਤ ਪੈਦਾ ਹੋਣੇ ਸ਼ੁਰੂ ਹੋ ਗਏ ਹਨ। ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ 28 ਜੂਨ ਨੂੰ ਤੇ ਪੂਰੇ ਪੰਜਾਬ ਵਿੱਚ 29-30 ਜੂਨ ਨੂੰ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਅੱਜ ਪੰਜਾਬ ਦੇ ਲੁਧਿਆਣਾ 'ਚ ਭਾਰੀ ਮੀਂਹ ਪੈਣ ਕਰਕੇ ਕਈ ਥਾਵਾਂ 'ਤੇ ਪਾਣੀ ਭਰ ਗਿਆ। ਇਸ ਦੇ ਨਾਲ ਹੀ ਪੰਜਾਬ ਦੇ ਫਰੀਦਕੋਟ ਵਿੱਚ ਵੀ ਸਵੇਰੇ ਹਲਕੀ ਬਾਰਸ਼ ਹੋਈ। ਬਾਕੀ ਥਾਵਾਂ 'ਤੇ ਲਗਾਤਾਰ ਬੱਦਲ ਛਾਏ ਹੋਏ ਹਨ।
ਹਿਮਾਚਲ ਪ੍ਰਦੇਸ਼ 'ਚ ਐਡਵਾਈਜ਼ਰੀ ਜਾਰੀ
ਉਧਰ, ਹਿਮਾਚਲ ਪ੍ਰਦੇਸ਼ 'ਚ ਮੀਂਹ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਸਥਾਨਕ ਲੋਕਾਂ ਸਮੇਤ ਸੈਲਾਨੀਆਂ ਲਈ ਵੀ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਉਨ੍ਹਾਂ ਨੂੰ ਉੱਚਾਈ, ਲੈਂਡ ਸਲਾਈਡ ਵਾਲੇ ਖੇਤਰਾਂ, ਨਦੀਆਂ ਤੇ ਨਾਲਿਆਂ ਦੇ ਨੇੜੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਅੱਜ ਹਰਿਆਣਾ ਤੇ ਪੰਜਾਬ ਵਿੱਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਹਰਿਆਣਾ 'ਚ ਮੀਂਹ ਤੇ ਤੇਜ਼ ਹਵਾਵਾਂ ਦਾ ਅਲਰਟ
ਹਰਿਆਣਾ ਦੇ ਕੁਝ ਜ਼ਿਲ੍ਹਿਆਂ ਵਿੱਚ ਮੌਸਮ ਵਿਭਾਗ ਨੇ ਮੀਂਹ ਤੇ ਤੇਜ਼ ਹਵਾਵਾਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਵਿਭਾਗ ਨੇ ਵੀਰਵਾਰ ਨੂੰ ਦੂਜਾ ਅਲਰਟ ਜਾਰੀ ਕੀਤਾ ਹੈ, ਜਿਸ ਦਾ ਪ੍ਰਭਾਵ ਦੁਪਹਿਰ ਤੱਕ ਰਹਿਣ ਦੀ ਸੰਭਾਵਨਾ ਹੈ। ਇਸ ਮੁਤਾਬਕ ਫਰੀਦਾਬਾਦ, ਗੁਰੂਗ੍ਰਾਮ, ਝੱਜਰ, ਰੋਹਤਕ, ਸੋਨੀਪਤ, ਪਾਣੀਪਤ, ਜੀਂਦ, ਕੈਥਲ, ਸਿਰਸਾ, ਫਤਿਹਾਬਾਦ, ਕੁਰੂਕਸ਼ੇਤਰ ਤੇ ਅੰਬਾਲਾ 'ਚ ਗਰਜ ਨਾਲ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਹੀ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।