Punjab Weather: ਮੌਸਮ ਲੈਣ ਲੱਗਾ ਮੁੜ ਕਰਵਟ! ਨਹੀਂ ਘਟੇਗਾ ਕਣਕ ਦਾ ਝਾੜ, ਕਿਸਾਨਾਂ ਲਈ ਰਾਹਤ ਦੀ ਖਬਰ
ਪੰਜਾਬ ਦੇ ਕਿਸਾਨਾਂ ਲਈ ਰਾਹਤ ਦੀ ਖਬਰ ਹੈ। ਬਦਲਦੇ ਮੌਸਮ ਦਾ ਕਣਕ ਦੇ ਝਾੜ ਉਪਰ ਕੋਈ ਖਾਸ ਅਸਰ ਨਹੀਂ ਹੋਏਗਾ। ਬੇਸ਼ੱਕ ਪਿਛਲੇ ਦਿਨੀਂ ਤਾਪਮਾਨ ਵਿੱਚ ਵਾਧਾ ਹੋਇਆ ਹੈ ਪਰ ਅਗਲੇ ਦਿਨਾਂ ਵਿੱਚ ਪਾਰਾ ਮੁੜ ਹੇਠਾਂ ਆਉਣ ਦੀ ਸੰਭਾਵਨਾ ਹੈ।

Punjab Weather Update: ਪੰਜਾਬ ਦੇ ਕਿਸਾਨਾਂ ਲਈ ਰਾਹਤ ਦੀ ਖਬਰ ਹੈ। ਬਦਲਦੇ ਮੌਸਮ ਦਾ ਕਣਕ ਦੇ ਝਾੜ ਉਪਰ ਕੋਈ ਖਾਸ ਅਸਰ ਨਹੀਂ ਹੋਏਗਾ। ਬੇਸ਼ੱਕ ਪਿਛਲੇ ਦਿਨੀਂ ਤਾਪਮਾਨ ਵਿੱਚ ਵਾਧਾ ਹੋਇਆ ਹੈ ਪਰ ਅਗਲੇ ਦਿਨਾਂ ਵਿੱਚ ਪਾਰਾ ਮੁੜ ਹੇਠਾਂ ਆਉਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਰਾਤਾਂ ਦਾ ਤਾਪਮਾਨ ਅਜੇ ਵੀ 12 ਡਿਗਰੀ ਦੇ ਆਸਪਾਸ ਹੈ ਤੇ ਸ਼ਾਮ-ਸਵੇਰ ਚੰਗੀ ਤਰੇਲ ਪੈ ਰਹੀ ਹੈ। ਇਸ ਕਰਕੇ ਗਰਮੀ ਦਾ ਅਸਰ ਜ਼ਿਆਦਾ ਨਹੀਂ ਹੋਏਗਾ ਤੇ ਝਾੜ ਆਮ ਰਹਿਣ ਦੀ ਸੰਭਾਵਨਾ ਹੈ।
ਉਧਰ, ਮੌਸਮ ਵਿਭਾਗ ਨੇ ਬੁੱਧਵਾਰ ਤੇ ਵੀਰਵਾਰ ਲਈ ਪੰਜਾਬ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਵਿਭਾਗ ਅਨੁਸਾਰ ਇੱਕ ਨਵੀਂ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਇਸ ਸਮੇਂ ਦੌਰਾਨ ਪੰਜਾਬ ਵਿੱਚ ਕਈ ਥਾਵਾਂ 'ਤੇ ਤੇਜ਼ ਹਵਾਵਾਂ ਚੱਲਣਗੀਆਂ ਤੇ ਮੀਂਹ ਪਵੇਗਾ। ਇਸ ਨਾਲ ਤਾਪਮਾਨ ਹੇਠਾਂ ਆਏਗਾ। ਜੇਕਰ ਅਗਲੇ 10 ਦਿਨ ਦਾ ਤਾਪਮਾਨ 30 ਡਿਗਰੀ ਤੋਂ ਹੇਠਾਂ ਰਹਿੰਦਾ ਹੈ ਤਾਂ ਕਣਕ ਦੀ ਫਸਲ ਦਾ ਚੰਗਾ ਝਾੜ ਨਿਕਲੇਗਾ। ਮੌਸਮ ਵਿਭਾਗ ਨੇ ਮੀਂਹ ਕਾਰਨ ਦਿਨ ਦੇ ਤਾਪਮਾਨ ਵਿੱਚ 3 ਡਿਗਰੀ ਦੀ ਗਿਰਾਵਟ ਦੀ ਭਵਿੱਖਬਾਣੀ ਕੀਤੀ ਹੈ। ਵਿਭਾਗ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਘੱਟੋ-ਘੱਟ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ ਪਰ ਅਗਲੇ 48 ਘੰਟਿਆਂ ਵਿੱਚ 2 ਤੋਂ 3 ਡਿਗਰੀ ਦਾ ਵਾਧਾ ਹੋਵੇਗਾ। ਇਸ ਤੋਂ ਬਾਅਦ 2 ਤੋਂ 3 ਡਿਗਰੀ ਦੀ ਗਿਰਾਵਟ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਪੰਜਾਬ ਦੇ 13 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਹੁਸ਼ਿਆਰਪੁਰ, ਜਲੰਧਰ, ਨਵਾਂਸ਼ਹਿਰ, ਲੁਧਿਆਣਾ, ਰੂਪਨਗਰ, ਮੁਹਾਲੀ, ਫਤਿਹਗੜ੍ਹ ਸਾਹਿਬ, ਪਟਿਆਲਾ ਤੇ ਸੰਗਰੂਰ ਸ਼ਾਮਲ ਹਨ। ਇੱਥੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ ਤੇ ਅਸਮਾਨ ਵਿੱਚ ਬਿਜਲੀ ਦੇ ਗੂੰਜਣ ਦੇ ਨਾਲ-ਨਾਲ ਹਲਕੀ ਤੋਂ ਦਰਮਿਆਨੀ ਬਾਰਸ਼ ਹੋਵੇਗੀ।
ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 0.1 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਇਸ ਕਾਰਨ ਇਹ ਆਮ ਨਾਲੋਂ 4.8 ਡਿਗਰੀ ਵੱਧ ਹੋ ਗਿਆ। ਬਠਿੰਡਾ ਵਿੱਚ ਸਭ ਤੋਂ ਵੱਧ 28.7 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਅੰਮ੍ਰਿਤਸਰ ਦਾ ਤਾਪਮਾਨ 25.5 ਡਿਗਰੀ, ਲੁਧਿਆਣਾ 27.0 ਡਿਗਰੀ, ਪਟਿਆਲਾ 27.7 ਡਿਗਰੀ, ਪਠਾਨਕੋਟ 26.1 ਡਿਗਰੀ, ਗੁਰਦਾਸਪੁਰ 25.2 ਡਿਗਰੀ, ਫਾਜ਼ਿਲਕਾ 27.8 ਡਿਗਰੀ, ਫਿਰੋਜ਼ਪੁਰ 26.8 ਡਿਗਰੀ ਤੇ ਜਲੰਧਰ 25.3 ਡਿਗਰੀ ਦਰਜ ਕੀਤਾ ਗਿਆ।
ਪੰਜਾਬ ਵਿੱਚ ਘੱਟੋ-ਘੱਟ ਤਾਪਮਾਨ ਵਿੱਚ 0.6 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਇਹ ਆਮ ਨਾਲੋਂ 2.8 ਡਿਗਰੀ ਵੱਧ ਹੈ। ਮੋਗਾ ਵਿੱਚ ਸਭ ਤੋਂ ਘੱਟ ਪਾਰਾ 7.2 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 7.9 ਡਿਗਰੀ, ਲੁਧਿਆਣਾ 12.0 ਡਿਗਰੀ, ਪਟਿਆਲਾ 11.1 ਡਿਗਰੀ, ਪਠਾਨਕੋਟ 7.8 ਡਿਗਰੀ, ਬਠਿੰਡਾ 11.2 ਡਿਗਰੀ, ਜਲੰਧਰ 9.7 ਡਿਗਰੀ, ਫਾਜ਼ਿਲਕਾ 11.1 ਡਿਗਰੀ ਤੇ ਫਿਰੋਜ਼ਪੁਰ 9.8 ਡਿਗਰੀ ਦਰਜ ਕੀਤਾ ਗਿਆ।






















