ਪਰਿਵਾਰ ਦੀ ਗਰੀਬੀ ਦੂਰ ਕਰਨ ਗਿਆ ਸੀ ਵਿਦੇਸ਼, ਫੌਜ ਨੇ ਜ਼ਬਰਦਸਤੀ ਜੰਗ 'ਚ ਧੱਕਿਆ, ਨਹੀਂ ਸੁਣੀ ਜਾਂਦੀ ਪੰਜਾਬ ਦੇ ਨੌਜਵਾਨ ਦੀ ਕਹਾਣੀ
Punjab News: ਵੀਡੀਓ ਵਿੱਚ ਬੂਟਾ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਉਸ ਨੂੰ ਬਿਨਾਂ ਕਿਸੇ ਫੌਜੀ ਸਿਖਲਾਈ ਤੋਂ ਜੰਗ ਵਿੱਚ ਧੱਕਿਆ ਜਾ ਰਿਹਾ ਹੈ। ਉਸ ਨੇ ਕਿਹਾ ਕਿ ਉਸ ਦੇ ਨਾਲ ਲਗਭਗ 14-15 ਨੌਜਵਾਨ ਹਨ ਅਤੇ ਇਹਨਾਂ ਵਿੱਚੋਂ 5-6 ਨੌਜਵਾਨਾਂ ਨੂੰ ਜੰਗ ਵਿੱਚ ਭੇਜਿਆ ਗਿਆ ਹੈ।

ਮੋਗਾ ਦੇ ਪਿੰਡ ਚੱਕ ਕੰਨੀਆਂ ਕਲਾਂ ਦਾ 25 ਸਾਲਾ ਨੌਜਵਾਨ ਬੂਟਾ ਸਿੰਘ, ਜੋ ਇੱਕ ਸਾਲ ਪਹਿਲਾਂ ਪੰਜਾਬ ਤੋਂ ਸਟੂਡੈਂਟ ਵੀਜ਼ੇ 'ਤੇ ਮਾਸਕੋ ਗਿਆ ਸੀ। ਉਸ ਨੇ ਦਾਅਵਾ ਕੀਤਾ ਹੈ ਕਿ ਰੂਸੀ ਫੌਜ ਨੇ ਉਸ ਨੂੰ ਜੰਗ ਦੇ ਮੈਦਾਨ ਵਿੱਚ ਧੱਕ ਦਿੱਤਾ ਹੈ। ਉਸ ਦੇ ਨਾਲ, ਫੌਜ ਨੇ ਪੰਜਾਬ ਅਤੇ ਹਰਿਆਣਾ ਦੇ 14 ਹੋਰ ਨੌਜਵਾਨਾਂ ਨੂੰ ਬੰਦੀ ਬਣਾ ਲਿਆ ਹੈ ਅਤੇ ਉਹਨਾਂ ਨੂੰ ਬਿਨਾਂ ਕੋਈ ਸਿਖਲਾਈ ਦਿੱਤਿਆਂ ਜੰਗ ਵਿੱਚ ਭੇਜਣ ਦੀ ਤਿਆਰੀ ਕਰ ਰਹੀ ਹੈ।
ਇਨ੍ਹਾਂ ਵਿੱਚੋਂ 6 ਨੌਜਵਾਨ ਹਾਲੇ ਵੀ ਲਾਪਤਾ ਹਨ। ਸਾਰੇ ਨੌਜਵਾਨਾਂ ਨੇ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪੋਸਟ ਕਰਕੇ ਪੂਰੇ ਮਾਮਲੇ ਦਾ ਖੁਲਾਸਾ ਕੀਤਾ ਸੀ। ਮੋਗਾ ਦੇ ਰਹਿਣ ਵਾਲੇ ਬੂਟਾ ਸਿੰਘ ਨੇ ਵਟਸਐਪ 'ਤੇ ਵੌਇਸ ਮੈਸੇਜ ਰਾਹੀਂ ਆਪਣੇ ਪਰਿਵਾਰ ਨੂੰ ਤੰਦਰੁਸਤੀ ਦੀ ਖ਼ਬਰ ਦਿੱਤੀ ਸੀ। ਆਖਰੀ ਵੌਇਸ ਮੈਸੇਜ 12 ਸਤੰਬਰ ਨੂੰ ਆਇਆ ਸੀ, ਜਿਸ ਤੋਂ ਬਾਅਦ ਪਰਿਵਾਰ ਨਾਲ ਕੋਈ ਸੰਪਰਕ ਨਹੀਂ ਹੋਇਆ। ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਬੇਨਤੀ ਕੀਤੀ ਹੈ ਤਾਂ ਜੋ ਉਨ੍ਹਾਂ ਦੇ ਪੁੱਤਰ ਨੂੰ ਸਹੀ ਸਲਾਮਤ ਭਾਰਤ ਵਾਪਸ ਲਿਆਂਦਾ ਜਾ ਸਕੇ।
ਪਿਛਲੇ ਸਾਲ ਅਕਤੂਬਰ 'ਚ ਗਿਆ ਸੀ ਰੂਸ
ਜਾਣਕਾਰੀ ਅਨੁਸਾਰ ਚੱਕ ਕੰਨੀਆਂ ਕਲਾਂ ਦੇ ਰਹਿਣ ਵਾਲੇ ਬੂਟਾ ਸਿੰਘ ਨੂੰ ਇੱਕ ਸਾਲ ਪਹਿਲਾਂ ਦਿੱਲੀ ਦੇ ਇੱਕ ਏਜੰਟ ਨੇ ਸਟੂਡੈਂਟ ਵੀਜ਼ੇ 'ਤੇ ਮਾਸਕੋ ਭੇਜਿਆ ਸੀ। ਉੱਥੇ ਜਾਣ ਤੋਂ ਬਾਅਦ, ਬੂਟਾ ਮਜ਼ਦੂਰੀ ਕਰਨ ਲੱਗ ਪਿਆ। ਉਹ ਆਪਣੇ ਪਰਿਵਾਰ ਨਾਲ ਵੀ ਸੰਪਰਕ ਵਿੱਚ ਰਿਹਾ। ਬੂਟਾ ਸਿੰਘ 24 ਅਕਤੂਬਰ 2024 ਨੂੰ ਭਾਰਤ ਤੋਂ ਮਾਸਕੋ ਗਿਆ ਸੀ। 18 ਅਗਸਤ ਨੂੰ, ਬੂਟਾ ਸਿੰਘ ਨੂੰ ਰੂਸੀ ਫੌਜ ਨੇ ਫੜ ਲਿਆ ਅਤੇ ਕੈਂਪਾਂ ਵਿੱਚ ਲੈ ਗਏ ਜਿੱਥੇ ਲਗਭਗ 15 ਭਾਰਤੀ ਨੌਜਵਾਨਾਂ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਸੀ।
'ਜ਼ਬਰਦਸਕੀ ਜੰਗ 'ਚ ਧਕੇਲਿਆ ਜਾ ਰਿਹਾ'
ਆਪਣੀ ਵੀਡੀਓ ਵਿੱਚ, ਬੂਟਾ ਸਿੰਘ ਨੇ ਖੁਲਾਸਾ ਕੀਤਾ ਕਿ ਉਸਨੂੰ ਬਿਨਾਂ ਕਿਸੇ ਫੌਜੀ ਸਿਖਲਾਈ ਦੇ ਜੰਗ ਵਿੱਚ ਧੱਕਿਆ ਜਾ ਰਿਹਾ ਹੈ। ਉਸ ਨੇ ਕਿਹਾ ਕਿ ਉਸਦੇ ਨਾਲ ਲਗਭਗ 14-15 ਨੌਜਵਾਨ ਹਨ ਅਤੇ ਇਹਨਾਂ ਵਿੱਚੋਂ 5-6 ਨੌਜਵਾਨਾਂ ਨੂੰ ਜੰਗ ਵਿੱਚ ਭੇਜਿਆ ਗਿਆ ਹੈ। ਉਸਨੂੰ ਜਲਦੀ ਹੀ ਜੰਗ ਵਿੱਚ ਭੇਜਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਵੀਡੀਓ ਵਿੱਚ ਸਭ ਕੁਝ ਸਾਹਮਣੇ ਆਇਆ ਹੈ ਜਿਸ ਵਿੱਚ ਉਸਨੂੰ ਫੌਜ ਦੀ ਵਰਦੀ ਵਿੱਚ ਭੇਜਿਆ ਗਿਆ ਸੀ।
ਏਜੰਟ ਨੇ ਲਏ ਸੀ ਲੱਖਾਂ ਰੁਪਏ
ਬੂਟਾ ਸਿੰਘ ਦੇ ਪਰਿਵਾਰ ਵਿੱਚ ਉਸਦੇ ਮਾਤਾ-ਪਿਤਾ ਅਤੇ ਦੋ ਭੈਣਾਂ ਹਨ। ਇੱਕ ਭੈਣ ਵਿਆਹੀ ਹੋਈ ਹੈ ਅਤੇ ਦੂਜੀ ਆਪਣੇ ਮਾਤਾ-ਪਿਤਾ ਨਾਲ ਹੈ। ਬੂਟਾ ਇਕਲੌਤਾ ਪੁੱਤਰ ਹੈ। ਉਸ ਦੇ ਪਿਤਾ ਕਿਸਾਨ ਹੈ। ਇਸ ਤੋਂ ਪਹਿਲਾਂ ਬੂਟਾ ਸਿੰਘ 2019 ਵਿੱਚ ਇੱਕ ਕੰਪਨੀ ਵਿੱਚ ਕੰਮ ਕਰਨ ਲਈ ਸਿੰਗਾਪੁਰ ਗਿਆ ਸੀ। ਉਹ 2024 ਵਿੱਚ ਵਾਪਸ ਆਇਆ ਅਤੇ ਯੂਟਿਊਬ ਰਾਹੀਂ ਦਿੱਲੀ ਦੇ ਇੱਕ ਏਜੰਟ ਦੇ ਸੰਪਰਕ ਵਿੱਚ ਆਇਆ ਅਤੇ ਸਟੂਡੈਂਟ ਵੀਜ਼ੇ 'ਤੇ ਮਾਸਕੋ ਚਲਾ ਗਿਆ। ਏਜੰਟ ਨੇ ਉਸਨੂੰ ਉੱਥੇ ਭੇਜਣ ਲਈ 3.5 ਲੱਖ ਰੁਪਏ ਲਏ।
ਨੌਜਵਾਨ ਦੀ ਮਾਂ ਨੇ ਕਿਹਾ ਕਿ ਉਸਦਾ ਪਰਿਵਾਰ ਗਰੀਬੀ ਨਾਲ ਜੂਝ ਰਿਹਾ ਹੈ। ਪਰਿਵਾਰ ਦੀ ਗਰੀਬੀ ਨੂੰ ਦੂਰ ਕਰਨ ਲਈ, ਉਸਨੇ ਇੱਕ ਸਾਲ ਪਹਿਲਾਂ ਆਪਣੇ ਪੁੱਤਰ ਬੂਟਾ ਸਿੰਘ ਨੂੰ ਵਿਦੇਸ਼ ਭੇਜਿਆ ਸੀ। ਉਸ ਨੇ ਕਿਹਾ ਕਿ ਪੁੱਤਰ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪਰਿਵਾਰ ਸਦਮੇ ਵਿੱਚ ਹੈ। ਉਸ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਬੂਟਾ ਸਿੰਘ ਨੇ ਉਸ ਨਾਲ ਗੱਲ ਕੀਤੀ ਸੀ ਅਤੇ ਕੁਝ ਪੈਸੇ ਘਰ ਵੀ ਭੇਜੇ ਸਨ।
ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੂੰ ਮਿਲਣ ਗਏ ਸਨ, ਪਰ ਸ਼ਹਿਰ ਤੋਂ ਬਾਹਰ ਹੋਣ ਕਰਕੇ ਉਹ ਸਾਨੂੰ ਨਹੀਂ ਮਿਲ ਸਕੇ। ਸੰਪਰਕ ਕਰਨ 'ਤੇ ਹਲਕੇ ਦੇ ਵਿਧਾਇਕ ਨੇ ਕਿਹਾ ਕਿ ਉਹ ਇਹ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆ ਰਹੇ ਹਨ ਅਤੇ ਪਰਿਵਾਰ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾਵੇਗੀ।






















