(Source: Dainik Bhaskar)
ਰਾਣਾ ਗੁਰਜੀਤ ਦਾ ਵੱਡਾ ਬਿਆਨ, ਪੰਜਾਬ ਦੇ ਮੁੱਖ ਮੰਤਰੀ ਵਜੋਂ ਚੰਨੀ ਦੇ ਭਵਿੱਖ 'ਤੇ ਸਵਾਲ ਉਠਾਉਣਾ ਆਤਮਘਾਤੀ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਤਿੰਨ ਮਹੀਨਿਆਂ ਦੇ ਕਾਰਜਕਾਲ ਦੌਰਾਨ "ਬਹੁਤ ਹੀ ਸ਼ਾਨਦਾਰ ਕੰਮ" ਕੀਤਾ ਹੈ ਅਤੇ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਮੁੱਖ ਮੰਤਰੀ ਵਜੋਂ ਜਾਰੀ ਰਹਿਣ 'ਤੇ ਸਵਾਲ ਉਠਾਉਣਾ ਆਤਮਘਾਤੀ ਹੋ ਸਕਦਾ ਹੈ- ਰਾਣਾ ਗੁਰਜੀਤ ਸਿੰਘ
ਜਲੰਧਰ: ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਤਿੰਨ ਮਹੀਨਿਆਂ ਦੇ ਕਾਰਜਕਾਲ ਦੌਰਾਨ "ਬਹੁਤ ਹੀ ਸ਼ਾਨਦਾਰ ਕੰਮ" ਕੀਤਾ ਹੈ ਅਤੇ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਮੁੱਖ ਮੰਤਰੀ ਵਜੋਂ ਜਾਰੀ ਰਹਿਣ 'ਤੇ ਸਵਾਲ ਉਠਾਉਣਾ ਆਤਮਘਾਤੀ ਹੋ ਸਕਦਾ ਹੈ।
ਰਾਜ ਸਰਕਾਰ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦਿੱਤੇ ਇੱਕ ਬਿਆਨ ਵਿੱਚ ਕਿਹਾ, “ਪੰਜਾਬ ਵਿੱਚ ਕਾਂਗਰਸ ਲਈ ਮੁੱਖ ਮੰਤਰੀ ਅਹੁਦੇ ਦਾ ਮੁੱਦਾ ਤਿੰਨ ਮਹੀਨੇ ਪਹਿਲਾਂ ਹੀ ਸੁਲਝ ਗਿਆ ਸੀ ਅਤੇ ਇਸ ਬਾਰੇ ਹੋਰ ਕਿਸੇ ਬਹਿਸ ਜਾਂ ਵਿਚਾਰ-ਵਟਾਂਦਰੇ ਦੀ ਲੋੜ ਨਹੀਂ ਹੈ।"
ਉਨ੍ਹਾਂ ਅਫਸੋਸ ਜ਼ਾਹਰ ਕਰਦੇ ਕਿਹਾ ਕਿ ਮੁੱਖ ਮੰਤਰੀ ਬਾਰੇ ਭੰਬਲਭੂਸੇ ਵਾਲੇ ਸੰਕੇਤ ਦਿੱਤੇ ਜਾ ਰਹੇ ਹਨ।ਉਹ ਵੀ ਉਦੋਂ ਜਦ ਉਹ “ਅਗੇ ਹੋ ਕੇ ਅਗਵਾਈ” ਕਰ ਰਹੇ ਹਨ ਅਤੇ ਜਦੋਂ ਚੋਣਾਂ ਦਾ ਐਲਾਨ ਹੋ ਚੁੱਕਾ ਹੈ।
ਉਨ੍ਹਾਂ ਕਿਹਾ, ''ਜਦੋਂ ਤੁਹਾਡੇ ਕੋਲ ਪਹਿਲਾਂ ਹੀ ਮੁੱਖ ਮੰਤਰੀ ਹੈ, ਜੋ ਵਧੀਆ ਕੰਮ ਕਰ ਰਿਹਾ ਹੈ, ਤਾਂ ਚੋਣਾਂ ਜਿੱਤਣ ਤੋਂ ਬਾਅਦ ਉਸ ਦੇ ਬਣੇ ਰਹਿਣ 'ਤੇ ਸਵਾਲੀਆ ਨਿਸ਼ਾਨ ਕਿਉਂ ਲਾਇਆ ਜਾ ਰਿਹਾ ਹੈ।"
ਰਾਣਾ ਗੁਰਜੀਤ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਚੰਨੀ ਨੂੰ ਚੋਣਾਂ ਵਿੱਚ ਪਾਰਟੀ ਦੀ ਅਗਵਾਈ ਕਰਨਾ ਅਤੇ ਫਿਰ ਭਵਿੱਖ ਵਿੱਚ ਆਪਣੀ ਸਥਿਤੀ ਬਾਰੇ ਦੁਵਿਧਾ ਬਣਾਈ ਰੱਖਣਾ ਬੇਇਨਸਾਫ਼ੀ ਹੋਵੇਗੀ।"ਇਹ ਨਾ ਸਿਰਫ਼ ਸਿਆਸੀ ਤੌਰ 'ਤੇ ਬੇਸਮਝੀ ਵਾਲਾ ਹੋਵੇਗਾ, ਸਗੋਂ ਆਤਮਘਾਤੀ ਹੋਵੇਗਾ।"
ਕਪੂਰਥਲਾ ਤੋਂ ਵਿਧਾਇਕ ਨੇ ਪੁੱਛਿਆ, "ਜਦੋਂ ਤੁਹਾਡੇ ਕੋਲ ਇੱਕ 'ਅਜ਼ਮਾਇਆ ਅਤੇ ਪਰਖਿਆ' ਮੁੱਖ ਮੰਤਰੀ ਹੈ, ਜਿਸ ਨੇ ਤਿੰਨ ਮਹੀਨਿਆਂ ਦੇ ਥੋੜ੍ਹੇ ਸਮੇਂ ਵਿੱਚ ਆਪਣੀ ਕਾਬਲੀਅਤ ਨੂੰ ਸਾਬਤ ਕਰ ਦਿੱਤਾ ਹੈ, ਤਾਂ ਤੁਸੀਂ ਕਿਸੇ ਅਣਜਾਣ ਅਤੇ ਅਣਪਛਾਤੇ ਵਿਅਕਤੀ ਨਾਲ ਤਜਰਬਾ ਕਿਉਂ ਕਰਨਾ ਚਾਹੁੰਦੇ ਹੋ?"
ਰਾਣਾ ਗੁਰਜੀਤ ਨੇ ਪਾਰਟੀ ਹਾਈਕਮਾਂਡ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਦੇ ਹਿੱਤ ਵਿੱਚ ਚੰਨੀ ਦੀ ਸਥਿਤੀ ਸਪੱਸ਼ਟ ਕਰਕੇ ਸਾਰੀਆਂ ਅਟਕਲਾਂ 'ਤੇ ਰੋਕ ਲਗਾਉਣ।ਪਿਛਲੇ ਸਾਲ ਸਤੰਬਰ ਵਿੱਚ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਨਿਯੁਕਤ ਕੀਤਾ ਸੀ।