ਰਈਆ-ਖਡੂਰ ਸਾਹਿਬ ਸੜਕ ਦਾ ਨਾਮ ਸ਼ਹੀਦ ਸੰਤ ਸਿੰਘ ਲਿੱਦੜ ਦੇ ਨਾਮ ’ਤੇ ਰੱਖਿਆ
ਲੋਕ ਨਿਰਮਾਣ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਸਾਬਕਾ ਵਿਧਾਇਕ ਦੇ ਨਾਮ ‘ਤੇ ਬਣਾਈ ਗਈ ਇਹ ਸੜਕ ਰੱਈਆ ਨੂੰ ਜਲਾਲਾਬਾਦ ਹੁੰਦੇ ਹੋਏ ਖਡੂਰ ਸਾਹਿਬ ਨਾਲ ਜੋੜਦੀ ਹੈ।
ਅੰਮ੍ਰਿਤਸਰ: ਸੂਬਾ ਸਰਕਾਰ ਨੇ ਰਈਆ ਨੂੰ ਖਡੂਰ ਸਾਹਿਬ ਨਾਲ ਜੋੜਨ ਵਾਲੀ ਸੜਕ ਦਾ ਨਾਮ ਸਾਬਕਾ ਵਿਧਾਇਕ ਸ਼ਹੀਦ ਸੰਤ ਸਿੰਘ ਲਿੱਧੜ ਦੇ ਨਾਮ ’ਤੇ ਰੱਖਣ ਦਾ ਫੈਸਲਾ ਕੀਤਾ ਹੈ, ਜਿਹਨਾਂ ਨੇ ਪੰਜਾਬ ਵਿੱਚ ਮੁੜ ਸੁਖਾਵੇਂ ਹਾਲਾਤ ਬਹਾਲ ਕਰਨ ਲਈ ਆਪਣੀ ਜਾਨ ਵਾਰ ਦਿੱਤੀ ਸੀ। ਲੋਕ ਨਿਰਮਾਣ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਨੇ ਦੱਸਿਆ ਕਿ ਸਾਬਕਾ ਵਿਧਾਇਕ ਦੇ ਨਾਮ ‘ਤੇ ਬਣਾਈ ਗਈ ਇਹ ਸੜਕ ਰੱਈਆ ਨੂੰ ਜਲਾਲਾਬਾਦ ਹੁੰਦੇ ਹੋਏ ਖਡੂਰ ਸਾਹਿਬ ਨਾਲ ਜੋੜਦੀ ਹੈ।
ਜ਼ਿਕਰਯੋਗ ਹੈ ਕਿ ਸੰਤ ਸਿੰਘ ਲਿੱਧੜ ਬਿਆਸ ਹਲਕੇ ਤੋਂ ਦੋ ਵਾਰ ਪੰਜਾਬ ਵਿਧਾਨ ਸਭਾ ਦੇ ਮੈਂਬਰ ਰਹੇ ਸਨ ਅਤੇ ਉਹ ਇਲਾਕੇ ਦੇ ਪ੍ਰਸਿੱਧ ਸਮਾਜ ਸੇਵਕ ਵੀ ਸਨ।ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ ਅਗਵਾਈ ਵਿੱਚ ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਸੜਕੀ ਸੰਪਰਕ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਨਿਰਧਾਰਤ ਟੀਚਿਆਂ ਦੀ ਪ੍ਰਾਪਤੀ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਉਨਾਂ ਕਿਹਾ ਕਿ ਸਾਡੀ ਸਰਕਾਰ ਨੇ ਸੜਕੀ ਸੰਪਰਕ ਨੂੰ ਹੋਰ ਬਿਹਤਰ ਬਣਾਉਣ ਲਈ ਬਹੁਤ ਸਾਰੇ ਪ੍ਰਾਜੈਕਟ ਮੁਕੰਮਲ ਕੀਤੇ ਹਨ, ਜਿਨਾਂ ਵਿੱਚ ਕੌਮੀ ਰਾਜਮਾਰਗਾਂ, ਮੁੱਖ ਜ਼ਿਲਾ ਸੜਕਾਂ, ਹੋਰ ਜ਼ਿਲਾ ਸੜਕਾਂ ਅਤੇ ਨਵੇਂ ਪੁਲਾਂ ਦਾ ਨਿਰਮਾਣ ਸ਼ਾਮਲ ਹੈ। ਉਨਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਵਸਨੀਕਾਂ, ਸੈਲਾਨੀਆਂ ਅਤੇ ਨਿਵੇਸ਼ਕਾਂ ਦੀ ਬਜ਼ਾਰਾਂ, ਸਿਹਤ ਕੇਂਦਰਾਂ, ਸਿੱਖਿਆ ਸਹੂਲਤਾਂ ਆਦਿ ਤੱਕ ਸੁਖਾਲੀ ਪਹੁੰਚ ਬਣਾਉਣ ਲਈ ਨਿਰੰਤਰ ਚੰਗੀਆਂ ਤੇ ਟਿਕਾਊ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ।
ਸਿੰਗਲਾ ਨੇ ਦੱਸਿਆ ਕਿ ਮੌਜੂਦਾ ਬਜਟ ਵਿੱਚ ਸੜਕਾਂ ਅਤੇ ਪੁਲਾਂ ਲਈ 2,449 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ, ਜਿਸ ਵਿੱਚੋਂ ਸਾਲ 2021-22 ਦੌਰਾਨ 575 ਕਰੋੜ ਰੁਪਏ 560 ਕਿਲੋਮੀਟਰ ਲੰਬਾਈ ਵਾਲੀਆਂ ਸੜਕਾਂ ਅਤੇ ਪੁਲਾਂ ਦੇ ਨਵੀਨੀਕਰਨ, ਨਿਰਮਾਣ ਅਤੇ ਮੁਰੰਮਤ ਲਈ ਰੱਖੇ ਗਏ ਹਨ । ਉਹਨਾਂ ਅੱਗੇ ਕਿਹਾ ਕਿ ਨਾਬਾਰਡ ਦੇ ਸਹਿਯੋਗ ਨਾਲ 124 ਪੇਂਡੂ ਸੜਕਾਂ ਅਤੇ 13 ਪੁਲਾਂ ਦੇ ਨਵੀਨੀਕਰਨ ਲਈ 160 ਕਰੋੜ ਰੁਪਏ ਦੀ ਤਜਵੀਜ ਰੱਖੀ ਗਈ ਹੈ। ਉਨਾਂ ਕਿਹਾ ਕਿ ਕੁੱਲ 477 ਕਿਲੋਮੀਟਰ ਦੇ ਕੌਮੀ ਰਾਜਮਾਰਗਾਂ ਵਿੱਚੋਂ 289 ਕਿਲੋਮੀਟਰ ਲੰਬਾਈ ਦੀਆਂ ਸੜਕਾਂ ਨੂੰ ਅਪਗ੍ਰੇਡ / 4-ਮਾਰਗੀ ਬਣਾਉਣ ਅਤੇ 4 ਆਰ.ਓ.ਬੀਜ਼ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਬਾਕੀ ਰਹਿੰਦੇ ਕੰਮ ਜਾਰੀ ਹਨ। ਉਨਾਂ ਕਿਹਾ ਕਿ ਇਸ ਪ੍ਰਾਜੈਕਟ ਉੱਤੇ 4,062 ਕਰੋੜ ਰੁਪਏ ਦੀ ਲਾਗਤ ਆਈ ਹੈ।