CLP ਮੀਟਿੰਗ 'ਚ ਪਹੁੰਚ ਰਹੇ ਅਜੇ ਮਾਕਨ ਤੇ ਹਰੀਸ਼ ਰਾਵਤ, ਪੰਜਾਬ ਕਾਂਗਰਸ 'ਚ ਵੱਡੀ ਹਲਚਲ
ਵੇਰਕਾ ਨੇ ਦੱਸਿਆ ਕਿ ਹਾਈਕਮਾਨ ਦਾ ਸੁਨੇਹਾ ਲੈ ਕੇ ਅਜੇ ਮਾਕਨ ਅਤੇ ਹਰੀਸ਼ ਰਾਵਤ ਆ ਰਹੇ ਹਨ। ਸ਼ਾਮ 5 ਵਜੇ ਮੀਟਿੰਗ ਹੈ ਉਦੋਂ ਤਕ ਇੰਤਜ਼ਾਰ ਕਰੋ।
ਅੰਮ੍ਰਿਤਸਰ: ਪੰਜਾਬ ਕਾਂਗਰਸ ਦੀ ਅੱਜ ਚੰਡੀਗੜ੍ਹ ਵਿਖੇ ਸੀਐਲਪੀ ਮੀਟਿੰਗ ਹੋ ਰਹੀ ਹੈ। ਮੀਟਿੰਗ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਲੀਡਰ ਰਾਜ ਕੁਮਾਰ ਵੇਰਕਾ ਨੇ ਕਿਹਾ ਹੈ ਕਿ ਅਜੇ ਮਾਕਨ ਅਤੇ ਹਰੀਸ਼ ਚੌਧਰੀ ਜੀ ਇਸ ਮੀਟਿੰਗ ਵਿਚ ਆ ਰਹੇ ਹਨ। ਹਾਲਾਂਕਿ ਵੇਰਕਾ ਨੇ ਕਿਹਾ ਮੀਟਿੰਗ ਤੋਂ ਪਹਿਲਾਂ ਕੁਝ ਵੀ ਕਹਿਣਾ ਠੀਕ ਨਹੀ ਹੋਵੇਗਾ।
ਵੇਰਕਾ ਨੇ ਦੱਸਿਆ ਕਿ ਹਾਈਕਮਾਨ ਦਾ ਸੁਨੇਹਾ ਲੈ ਕੇ ਅਜੇ ਮਾਕਨ ਅਤੇ ਹਰੀਸ਼ ਰਾਵਤ ਆ ਰਹੇ ਹਨ। ਸ਼ਾਮ 5 ਵਜੇ ਮੀਟਿੰਗ ਹੈ ਉਦੋਂ ਤਕ ਇੰਤਜ਼ਾਰ ਕਰੋ। ਪੰਜਾਬ ਦੇ ਮੁਖ ਮੰਤਰੀ ਦੀ ਕੁਰਸੀ ਬਾਰੇ ਪੁੱਛੇ ਸਵਾਲਾਂ 'ਤੇ ਵੇਰਕਾ ਨੇ ਜਵਾਬ ਦਿੱਤਾ ਕਿ ਅਜੇ ਅਜਿਹੀ ਨੌਬਤ ਨਹੀਂ ਆਈ ਹੈ। ਇਹ ਸਭ ਕਿਆਸ ਹਨ ਜੋ ਤੁਸੀਂ ਸੋਚ ਰਹੇ ਹੋ।
ਓਧਰ ਕੈਪਟਨ ਅਮਰਿੰਦਰ ਸਿੰਘ ਇਸ ਗੱਲ ਤੋਂ ਨਰਾਜ਼ ਹਨ ਕਿ ਉਨ੍ਹਾਂ ਨਾਲ ਰਾਏਸ਼ੁਮਾਰੀ ਤੋਂ ਬਿਨਾਂ ਤੋਂ ਅਚਾਨਕ CLP ਦੀ ਬੈਠਕ ਬੁਲਾਈ ਗਈ ਹੈ। ਕੈਪਟਨ ਅਮਰਿੰਦਰ ਪਾਰਟੀ ਦੇ ਮੌਜੂਦਾ ਹਾਲਾਤਾਂ ਤੋਂ ਬਹੁਤ ਪਰੇਸ਼ਾਨ ਹਨ। ਅੱਜ ਦੀ ਮੀਟਿੰਗ 'ਚੋਂ ਕੀ ਨਤੀਜਾ ਨਿੱਕਲਦਾ ਹੈ ਇਹ ਸ਼ਾਮ ਪੰਜ ਵਜੇ ਤੋਂ ਬਾਅਦ ਹੀ ਤੈਅ ਹੋਵੇਗਾ।
ਓਧਰ ਪੰਜਾਬ ਕਾਂਗਰਸ ਦੇ ਜਨਰਲ ਸੈਕਟਰੀ ਪਰਗਟ ਸਿੰਘ ਨੇ ਸੀਐਲਪੀ ਦੀ ਮੀਟਿੰਗ 'ਤੇ ਕਿਹਾ ਕਿ ਇਹ ਮੀਟਿੰਗਾਂ ਰੂਟੀਨ ਵਿਚ ਹੋਣੀਆਂ ਚਾਹੀਦੀਆਂ ਹਨ ਅਤੇ ਸੀਐਲਪੀ ਨੂੰ ਵਿਸ਼ਵਾਸ਼ ਵਿਚ ਲੈ ਕੇ ਹੀ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ। ਇਹ ਇਕ ਨਾਰਮਲ ਅਫੇਅਰ ਹੈ । ਪਰ ਇਹ ਹੈ ਕਿ ਕਿਤੇ ਨਾ ਕਿਤੇ ਏਆਈਸੀਸੀ ਨੂੰ ਦਖਲ ਦੇਣਾ ਪਿਆ ਹੈ, ਪਰ ਕੋਈ ਅਚੰਬੇ ਵਾਲੀ ਗੱਲ ਨਹੀਂ ਹੈ ।
ਜੋ ਗਲਬਾਤ ਸੀਐਲਪੀ 'ਚ ਹੋ ਸਕਦੀ ਹੈ ਉਹ ਹੋਣੀ ਚਾਹੀਦੀ ਹੈ । ਪੰਜਾਬ ਦੇ ਮੁੱਦੇ ਹਨ ਅਤੇ ਹਾਈਕਮਾਨ ਨੇ 18 ਪੁਆਇੰਟ ਦਾ ਏਜੰਡਾ ਵੀ ਦਿੱਤਾ ਸੀ। ਪਰਗਟ ਸਿੰਘ ਨੇ ਕਿਹਾ ਕਿ ਚੋਣਾਂ 'ਚ ਜਾਣ ਤੋਂ ਪਹਿਲਾਂ ਸਾਨੂੰ ਉਹ ਕੰਮ ਕਰ ਦੇਣੇ ਚਾਹੀਦੇ ਹਨ ਜੋ ਕਰਨ ਦੀ ਜ਼ਰੂਰਤ ਹੈ ਤੇ ਜੋ ਹੋ ਸਕਦੇ ਹਨ।
ਪਰਗਟ ਸਿੰਘ ਨੇ ਕਿਹਾ ਕਿ ਵੱਡੇ ਮੁੱਦੇ ਅਜੇ ਬਾਕੀ ਖੜੇ ਹਨ ਅਤੇ ਮੇਰਾ ਖਿਆਲ਼ ਹੈ ਕਿ ਇਨ੍ਹਾਂ 'ਤੇ ਅੱਜ ਗੱਲ ਹੋਵੇਗੀ ।